AUS vs ENG: ਆਸਟ੍ਰੇਲੀਆ ਨੂੰ ਮਿਲਿਆ ਤੇਜ਼ ਗੇਂਦਬਾਜ਼ੀ ਦਾ ਨਵਾਂ ਸਿਤਾਰਾ, ਡੈਬਿਊ ਮੈਚ 'ਚ 6 ਵਿਕਟਾਂ ਲੈ ਕੇ 38 ਸਾਲ ਪੁਰਾਣਾ ਰਿਕਾਰਡ ਤੋੜਿਆ
ਗਲੇਨ ਮੈਕਗ੍ਰਾਥ, ਮਿਚੇਲ ਸਟਾਰਕ ਅਤੇ ਬ੍ਰੈਟ ਲੀ ਵਰਗੇ ਦਿੱਗਜ ਗੇਂਦਬਾਜ਼ ਵੀ ਇਹ ਕਾਰਨਾਮਾ ਨਹੀਂ ਕਰ ਸਕੇ ਸਨ। ਉਨ੍ਹਾਂ ਨੇ ਪਰਥ 'ਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਟਿਕਣ ਦਾ ਮੌਕਾ ਨਹੀਂ ਦਿੱਤਾ। ਛੇ ਵਿਕਟਾਂ ਲੈ ਕੇ ਮਹਲੀ ਨੇ ਰਿਕਾਰਡ ਬੁੱਕ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
Publish Date: Fri, 13 Nov 2026 02:13 PM (IST)
Updated Date: Fri, 13 Nov 2026 02:15 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਆਸਟ੍ਰੇਲੀਆ ਦੇ ਨੌਜਵਾਨ ਤੇਜ਼ ਗੇਂਦਬਾਜ਼ ਮਹਲੀ ਬੀਅਰਡਮੈਨ ਨੇ ਆਪਣੇ ਪਹਿਲੇ ਹੀ ਮੈਚ 'ਚ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਡੈਬਿਊ ਮੈਚ 'ਚ ਹੀ ਗੇਂਦ ਨਾਲ ਕਹਿਰ ਵਰ੍ਹਾਉਂਦਿਆਂ ਛੇ ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵਾਂ ਰਿਕਾਰਡ ਵੀ ਬਣਾ ਦਿੱਤਾ ਹੈ। ਪਰਥ 'ਚ ਖੇਡੇ ਗਏ ਪਹਿਲੇ ਵਨਡੇ ਮੈਚ 'ਚ ਇੰਗਲੈਂਡ ਦੇ ਬੱਲੇਬਾਜ਼ ਬੀਅਰਡਮੈਨ ਦੀ ਤੇਜ਼ ਗੇਂਦਬਾਜ਼ੀ ਅੱਗੇ ਬੇਵੱਸ ਨਜ਼ਰ ਆਏ। ਪੂਰੀ ਇੰਗਲਿਸ਼ ਟੀਮ 131 ਦੌੜਾਂ 'ਤੇ ਸਿਮਟ ਗਈ।
ਮਹਲੀ ਪਹਿਲੇ ਅਜਿਹੇ ਆਸਟ੍ਰੇਲੀਆਈ ਪੁਰਸ਼ ਤੇਜ਼ ਗੇਂਦਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਵਨਡੇ ਕ੍ਰਿਕਟ 'ਚ ਡੈਬਿਊ ਕਰਦਿਆਂ ਛੇ ਵਿਕਟਾਂ ਹਾਸਲ ਕੀਤੀਆਂ ਹਨ। ਗਲੇਨ ਮੈਕਗ੍ਰਾਥ, ਮਿਚੇਲ ਸਟਾਰਕ ਅਤੇ ਬ੍ਰੈਟ ਲੀ ਵਰਗੇ ਦਿੱਗਜ ਗੇਂਦਬਾਜ਼ ਵੀ ਇਹ ਕਾਰਨਾਮਾ ਨਹੀਂ ਕਰ ਸਕੇ ਸਨ। ਉਨ੍ਹਾਂ ਨੇ ਪਰਥ 'ਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਟਿਕਣ ਦਾ ਮੌਕਾ ਨਹੀਂ ਦਿੱਤਾ। ਛੇ ਵਿਕਟਾਂ ਲੈ ਕੇ ਮਹਲੀ ਨੇ ਰਿਕਾਰਡ ਬੁੱਕ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
ਮਹਲੀ ਬੀਅਰਡਮੈਨ ਨੇ ਰਚਿਆ ਇਤਿਹਾਸ
ਮਹਲੀ ਬੀਅਰਡਮੈਨ ਨੇ ਡੈਬਿਊ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 7.4 ਓਵਰਾਂ 'ਚ 24 ਦੌੜਾਂ ਦੇ ਕੇ ਛੇ ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਦੌਰਾਨ ਬੀਅਰਡਮੈਨ ਨੇ ਇਕ ਮੇਡਨ ਓਵਰ ਵੀ ਸੁੱਟਿਆ। ਉਹ ਆਸਟ੍ਰੇਲੀਆ ਵੱਲੋਂ ਵਨਡੇ ਡੈਬਿਊ 'ਤੇ ਛੇ ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ।
ਮਹਲੀ ਨੇ ਇਸ ਦੇ ਨਾਲ ਹੀ 38 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ ਹੈ। ਉਨ੍ਹਾਂ ਨੇ ਟੋਨੀ ਡੋਡੇਮੇਡ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ, ਜਿਨ੍ਹਾਂ ਦੇ ਨਾਂ ਹੁਣ ਤੱਕ ਡੈਬਿਊ ਮੈਚ 'ਚ ਸਭ ਤੋਂ ਵਧੀਆ ਗੇਂਦਬਾਜ਼ੀ ਕਰਨ ਦਾ ਰਿਕਾਰਡ ਸੀ।
ਟੋਨੀ ਡੋਡੇਮੇਡ ਨੇ 1988 'ਚ ਪਰਥ 'ਚ ਹੀ ਸ਼੍ਰੀਲੰਕਾ ਖ਼ਿਲਾਫ਼ ਵਨਡੇ ਮੈਚ ਖੇਡਦਿਆਂ ਪੰਜ ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਨੇ 7.2 ਓਵਰਾਂ 'ਚ 21 ਦੌੜਾਂ ਦੇ ਕੇ ਇਹ ਪ੍ਰਾਪਤੀ ਕੀਤੀ ਸੀ। ਹੁਣ ਬੀਅਰਡਮੈਨ ਨੇ ਉਨ੍ਹਾਂ ਦਾ ਇਹ ਰਿਕਾਰਡ ਤੋੜ ਦਿੱਤਾ ਹੈ।
ਮਹਲੀ ਦਾ ਇਹ ਪ੍ਰਦਰਸ਼ਨ ਵਨਡੇ ਕ੍ਰਿਕਟ ਦੇ ਡੈਬਿਊ ਮੈਚਾਂ ਦੇ ਇਤਿਹਾਸ 'ਚ ਦੁਨੀਆ ਦਾ ਚੌਥਾ ਸਭ ਤੋਂ ਵਧੀਆ ਗੇਂਦਬਾਜ਼ੀ ਪ੍ਰਦਰਸ਼ਨ ਹੈ। ਸਕਾਟਲੈਂਡ ਦੇ ਚਾਰਲੀ ਕੈਸਲ, ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਅਤੇ ਵੈਸਟਇੰਡੀਜ਼ ਦੇ ਫਿਡੇਲ ਐਡਵਰਡਜ਼ ਨੇ ਹੀ ਡੈਬਿਊ ਮੈਚ 'ਚ ਉਨ੍ਹਾਂ ਤੋਂ ਬਿਹਤਰ ਅੰਕੜੇ ਦਰਜ ਕੀਤੇ ਹਨ।
ਇੰਗਲੈਂਡ ਦੀ ਖ਼ਰਾਬ ਬੱਲੇਬਾਜ਼ੀ
ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਵਨਡੇ ਮੈਚ 'ਚ ਇੰਗਲੈਂਡ ਦੀ ਬੇਹੱਦ ਖ਼ਰਾਬ ਬੱਲੇਬਾਜ਼ੀ ਦੇਖਣ ਨੂੰ ਮਿਲੀ। ਪੂਰੀ ਇੰਗਲਿਸ਼ ਟੀਮ ਮਹਿਜ਼ 131 ਦੌੜਾਂ 'ਤੇ ਸਿਮਟ ਗਈ।
ਇੰਗਲੈਂਡ ਵੱਲੋਂ ਗਸ ਐਟਕਿੰਸਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। ਉਨ੍ਹਾਂ ਨੇ ਨਾਬਾਦ 29 ਦੌੜਾਂ ਦੀ ਪਾਰੀ ਖੇਡੀ। ਆਸਟ੍ਰੇਲੀਆ ਵੱਲੋਂ ਬੀਅਰਡਮੈਨ ਤੋਂ ਇਲਾਵਾ ਸਪੈਂਸਰ ਜੌਨਸਨ ਨੇ ਤਿੰਨ ਅਤੇ ਜ਼ੇਵੀਅਰ ਬਾਰਟਲੇਟ ਨੇ ਇਕ ਵਿਕਟ ਹਾਸਲ ਕੀਤੀ।