IND vs NZ: ਚੌਥੇ ਵਨਡੇ 'ਚ ਭਾਰਤ ਦੀ ਸ਼ਰਮਨਾਕ ਹਾਰ, ਰੋਹਿਤ-ਵਿਰਾਟ ਸਣੇ ਇਹ 5 ਖਿਡਾਰੀ ਸਾਬਿਤ ਹੋਏ ਟੀਮ ਇੰਡੀਆ ਲਈ ਖਲਨਾਇਕ
Team India ਨੇ ਮੈਚ ਦੌਰਾਨ ਫੀਲਡਿੰਗ 'ਚ ਵੀ ਕਈ ਗ਼ਲਤੀਆਂ ਕੀਤੀਆਂ, ਜਿਸ ਕਾਰਨ ਕੀਵੀ ਟੀਮ 333 ਦੌੜਾਂ ਦਾ ਵੱਡਾ ਸਕੋਰ ਬਣਾਉਣ 'ਚ ਕਾਮਯਾਬ ਰਹੀ। ਆਓ ਜਾਣਦੇ ਹਾਂ ਕਿ ਭਾਰਤ ਦੀ ਇਸ ਹਾਰ ਲਈ ਕਿਹੜੇ ਖਿਡਾਰੀ ਜ਼ਿੰਮੇਵਾਰ ਰਹੇ।
Publish Date: Fri, 13 Nov 2026 04:37 PM (IST)
Updated Date: Fri, 13 Nov 2026 04:42 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਨਿਊਜ਼ੀਲੈਂਡ ਖ਼ਿਲਾਫ਼ ਬੇ ਓਵਲ 'ਚ ਖੇਡੇ ਗਏ ਚੌਥੇ ਵਨਡੇ ਮੈਚ 'ਚ ਟੀਮ ਇੰਡੀਆ ਨੂੰ 244 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਕੀਵੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 333 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਟੀਮ ਇੰਡੀਆ 89 ਦੌੜਾਂ 'ਤੇ ਹੀ ਸਿਮਟ ਗਈ ਤੇ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਟੀਮ ਇੰਡੀਆ ਨੇ ਮੈਚ ਦੌਰਾਨ ਫੀਲਡਿੰਗ 'ਚ ਵੀ ਕਈ ਗ਼ਲਤੀਆਂ ਕੀਤੀਆਂ ਜਿਸ ਕਾਰਨ ਕੀਵੀ ਟੀਮ 333 ਦੌੜਾਂ ਦਾ ਵੱਡਾ ਸਕੋਰ ਬਣਾਉਣ 'ਚ ਕਾਮਯਾਬ ਰਹੀ। ਆਓ ਜਾਣਦੇ ਹਾਂ ਕਿ ਭਾਰਤ ਦੀ ਇਸ ਹਾਰ ਲਈ ਕਿਹੜੇ ਖਿਡਾਰੀ ਜ਼ਿੰਮੇਵਾਰ ਰਹੇ।
ਭਾਰਤ ਦੀ ਹਾਰ ਦੇ ਵਿਲੇਨ
1. ਰੋਹਿਤ ਸ਼ਰਮਾ
ਦਿੱਗਜ ਬੱਲੇਬਾਜ਼ ਰੋਹਿਤ ਸ਼ਰਮਾ ਲਈ ਨਿਊਜ਼ੀਲੈਂਡ ਦਾ ਦੌਰਾ ਹੁਣ ਤਕ ਚੰਗਾ ਨਹੀਂ ਰਿਹਾ। ਉਨ੍ਹਾਂ ਨੇ ਪਹਿਲੀ ਪਾਰੀ 'ਚ ਵਿਲ ਯੰਗ ਦਾ ਕੈਚ ਛੱਡ ਦਿੱਤਾ ਜਿਸ ਤੋਂ ਬਾਅਦ ਯੰਗ ਨੇ ਸੈਂਕੜਾ ਲਗਾਇਆ ਅਤੇ ਕੀਵੀ ਟੀਮ ਭਾਰਤ ਦੇ ਸਾਹਮਣੇ 333 ਦੌੜਾਂ ਦਾ ਸਕੋਰ ਖੜ੍ਹਾ ਕਰਨ 'ਚ ਕਾਮਯਾਬ ਰਹੀ। ਇਸ ਤੋਂ ਬਾਅਦ ਰੋਹਿਤ ਬੱਲੇ ਨਾਲ ਵੀ ਕਮਾਲ ਨਹੀਂ ਕਰ ਸਕੇ। ਉਹ ਪਹਿਲੀ ਹੀ ਗੇਂਦ 'ਤੇ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਰੋਹਿਤ ਨੇ ਮੈਚ 'ਚ ਦੋ ਕੈਚ ਛੱਡੇ ਅਤੇ ਇਹ ਵੀ ਭਾਰਤ ਦੀ ਹਾਰ ਦਾ ਇਕ ਕਾਰਨ ਰਿਹਾ।
2. ਕੁਲਦੀਪ ਯਾਦਵ
ਸਪਿਨਰ ਕੁਲਦੀਪ ਯਾਦਵ ਨੂੰ ਲੰਬੇ ਸਮੇਂ ਬਾਅਦ ਵਨਡੇ ਮੈਚ 'ਚ ਮੌਕਾ ਮਿਲਿਆ ਸੀ। ਉਨ੍ਹਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ ਪਰ ਕੁਲਦੀਪ ਨੇ ਸਾਰਿਆਂ ਨੂੰ ਨਿਰਾਸ਼ ਕੀਤਾ। ਉਨ੍ਹਾਂ ਨੇ 8 ਓਵਰਾਂ 'ਚ 73 ਦੌੜਾਂ ਖ਼ਰਚ ਕੀਤੀਆਂ। ਇਸ ਦੌਰਾਨ ਉਨ੍ਹਾਂ ਦੀ ਇਕਾਨਮੀ 9.10 ਰਹੀ। ਕਪਤਾਨ ਸ਼੍ਰੇਅਸ ਅਈਅਰ ਉਨ੍ਹਾਂ ਤੋਂ 10 ਓਵਰ ਵੀ ਪੂਰੇ ਨਹੀਂ ਕਰਵਾ ਸਕੇ। ਕੁਲਦੀਪ ਦੇ ਮਹਿੰਗੇ ਸਪੈੱਲ ਕਾਰਨ ਕੀਵੀ ਟੀਮ ਵੱਡਾ ਸਕੋਰ ਬਣਾਉਣ 'ਚ ਸਫਲ ਰਹੀ।
3. ਈਸ਼ਾਨ ਕਿਸ਼ਨ
ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਲਈ ਵੀ ਇਹ ਮੁਕਾਬਲਾ ਚੰਗਾ ਨਹੀਂ ਰਿਹਾ। ਭਾਵੇਂ ਉਹ ਇਸ ਮੈਚ 'ਚ ਟੀਮ ਇੰਡੀਆ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ, ਪਰ ਭਾਰਤ ਨੂੰ ਵੱਡੀ ਹਾਰ ਤੋਂ ਨਹੀਂ ਬਚਾ ਸਕੇ। ਕਿਸ਼ਨ ਨੇ 27 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੂੰ ਚੰਗੀ ਸ਼ੁਰੂਆਤ ਮਿਲੀ, ਪਰ ਉਹ ਇਸ ਨੂੰ ਵੱਡੇ ਸਕੋਰ 'ਚ ਨਹੀਂ ਬਦਲ ਸਕੇ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਲ ਯੰਗ ਦਾ ਕੈਚ ਵੀ ਛੱਡਿਆ ਸੀ। ਆਕਿਬ ਨਬੀ ਦੇ ਉਸ ਓਵਰ 'ਚ ਪਹਿਲਾਂ ਰੋਹਿਤ ਅਤੇ ਫਿਰ ਅਗਲੀ ਹੀ ਗੇਂਦ 'ਤੇ ਕਿਸ਼ਨ ਨੇ ਕੈਚ ਛੱਡ ਦਿੱਤਾ। ਇਸ ਤਰ੍ਹਾਂ ਯੰਗ ਨੂੰ ਦੋ ਜੀਵਨਦਾਨ ਮਿਲੇ ਅਤੇ ਉਨ੍ਹਾਂ ਨੇ ਸੈਂਕੜਾ ਲਗਾਇਆ।
4. ਵਿਰਾਟ ਕੋਹਲੀ
ਭਾਰਤ ਨੇ ਪਹਿਲੀ ਹੀ ਗੇਂਦ 'ਤੇ ਵਿਕਟ ਗੁਆ ਦਿੱਤੀ ਸੀ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਵਿਰਾਟ ਕੋਹਲੀ ਤੋਂ ਟੀਮ ਇੰਡੀਆ ਨੂੰ ਕਾਫ਼ੀ ਉਮੀਦਾਂ ਸਨ। ਉਹ ਮੁਸ਼ਕਲ ਹਾਲਾਤ 'ਚ ਅਕਸਰ ਦੌੜਾਂ ਬਣਾਉਂਦੇ ਹਨ, ਪਰ ਇਸ ਮੈਚ 'ਚ ਅਜਿਹਾ ਨਹੀਂ ਕਰ ਸਕੇ। ਕੋਹਲੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਜ਼ੀਰੋ 'ਤੇ ਆਊਟ ਹੋ ਗਏ।
5. ਸ਼੍ਰੇਅਸ ਅਈਅਰ
ਸ਼ੁਭਮਨ ਗਿੱਲ ਦੀ ਗੈਰ-ਮੌਜੂਦਗੀ 'ਚ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਸ਼੍ਰੇਅਸ ਅਈਅਰ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਸੀ। ਭਾਰਤ ਨੇ ਪਹਿਲੇ ਹੀ ਓਵਰ 'ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਰੂਪ 'ਚ ਦੋ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਉਮੀਦ ਸੀ ਕਿ ਅਈਅਰ ਪਾਰੀ ਨੂੰ ਸੰਭਾਲਣਗੇ, ਪਰ ਉਹ ਵੀ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ। ਇਸ ਦੌਰੇ 'ਤੇ ਹੁਣ ਤੱਕ ਉਨ੍ਹਾਂ ਦਾ ਬੱਲਾ ਵੀ ਨਹੀਂ ਚੱਲਿਆ ਹੈ।