- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਸ਼ਣਬਾਜ਼ੀ ਭਰਪੂਰ ਰਾਜਨੀਤੀ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਵਾਨੀ, ਕਿਸਾਨੀ ਤੇ ਆਰਥਿਕਤਾ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਇਸ ਸਮੇਂ ਗੰਭੀਰ ਚੁਣੌਤੀਆਂ ਜਿਵੇਂ ਕਿ ਨਸ਼ਿਆਂ ਦਾ ਪਸਾਰਾ, ਭਾਰੀ ਕਰਜ਼ਾ, ਬੇਰੁਜ਼ਗਾਰੀ ਤੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵੱਡੇ ਪੱਧਰ ਉੱਤੇ ਪਲਾਇਨ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।

ਕੋਈ ਸਮਾਂ ਸੀ ਜਦੋਂ ਪੰਜਾਬ ਦੀ ਸਿਆਸਤ ਲੋਕ ਭਲਾਈ ਤੇ ਸੂਬੇ ਦੇ ਵਿਕਾਸ ਦੁਆਲੇ ਘੁੰਮਦੀ ਹੁੰਦੀ ਸੀ ਪਰ ਬੀਤੇ ਕੁਝ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਦਾ ਮੁਹਾਂਦਰਾ ਬੁਰੀ ਤਰ੍ਹਾਂ ਬਦਲ ਚੁੱਕਾ ਹੈ ਤੇ ਇੱਥੇ ਉਸਾਰੂ ਬਹਿਸਾਂ ਦੀ ਬਜਾਏ ਦੂਸ਼ਣਬਾਜ਼ੀ ਤੇ ਤਿੱਖੀ ਬਿਆਨਬਾਜ਼ੀ ਦਾ ਰੁਝਾਨ ਬਹੁਤ ਜ਼ਿਆਦਾ ਵਧ ਗਿਆ ਹੈ। ਅੱਜ ਸੂਬੇ ਦਾ ਹਰ ਸਿਆਸੀ ਆਗੂ ਆਪਣੇ ਵਿਰੋਧੀ ਨੂੰ ਨੀਵਾਂ ਦਿਖਾਉਣ ਤੇ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਦੂਜਿਆਂ ’ਤੇ ਚਿੱਕੜ ਸੁੱਟਣ ਨੂੰ ਹੀ ਆਪਣੀ ਮੁੱਖ ਸਿਆਸੀ ਰਣਨੀਤੀ ਮੰਨ ਚੁੱਕਾ ਹੈ। ਜੋ ਕਿ ਪੰਜਾਬ ਦੇ ਭਵਿੱਖ ਲਈ ਬੇਹੱਦ ਚਿੰਤਾਜਨਕ ਵਰਤਾਰਾ ਬਣਦਾ ਜਾ ਰਿਹਾ ਹੈ। ਕਿਸੇ ਵੀ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਉਸਾਰੂ ਵਿਰੋਧੀ ਧਿਰ ਤੇ ਬਹਿਸ ਦੀ ਪ੍ਰਣਾਲੀ ਹੁੰਦੀ ਹੈ। ਪੰਜਾਬ ’ਚ ਪਹਿਲਾਂ ਸਿਆਸੀ ਪਾਰਟੀਆਂ ਆਪਣੇ ਵਿਰੋਧੀਆਂ ਨਾਲ ਨੀਤੀਆਂ ਤੇ ਪ੍ਰੋਗਰਾਮਾਂ ਦੇ ਆਧਾਰ ’ਤੇ ਅਸਹਿਮਤੀ ਜਤਾਉਂਦੀਆਂ ਸਨ ਪਰ ਹੁਣ ਰਾਜਨੀਤੀ ਦਾ ਪੱਧਰ ਡਿੱਗ ਕੇ ਨਿੱਜੀ ਹਮਲਿਆਂ, ਬੇਬੁਨਿਆਦ ਦੋਸ਼ਾਂ ਤੇ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਭੜਕਾਉਣ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ। ਸੱਤਾਧਾਰੀ ਹੋਣ ਜਾਂ ਵਿਰੋਧੀ ਧਿਰਾਂ ਸਭ ਦਾ ਧਿਆਨ ਜਨਤਕ ਮੁੱਦਿਆਂ ਨੂੰ ਹੱਲ ਕਰਨ ਦੀ ਥਾਂ ਇਕ ਦੂਜੇ ’ਤੇ ਦੋਸ਼ ਮੜ੍ਹਨ ’ਚ ਹੀ ਲੱਗਿਆ ਰਹਿੰਦਾ ਹੈ। ਜਦੋਂ ਵੀ ਸੂਬੇ ’ਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਕਾਨੂੰਨ ਵਿਵਸਥਾ ਦਾ ਮਸਲਾ ਖੜ੍ਹਾ ਹੁੰਦਾ ਹੈ, ਆਰਥਿਕ ਸੰਕਟ ਗਹਿਰਾਉਂਦਾ ਹੈ ਜਾਂ ਬੇਰੁਜ਼ਗਾਰੀ ਤੇ ਕਿਸਾਨੀ ਮੁੱਦੇ ਉੱਭਰਦੇ ਹਨ ਤਾਂ ਸਿਆਸੀ ਆਗੂ ਜ਼ਿੰਮੇਵਾਰੀ ਲੈਣ ਦੀ ਬਜਾਏ ਮੋੜਵਾਂ ਜਵਾਬ ਦੇਣ ਤੇ ਬਹਾਨੇ ਲੱਭਣ ’ਚ ਜੁਟ ਜਾਂਦੇ ਹਨ। ਜਾਂ ਫਿਰ ਇਹਨਾਂ ਮੁੱਦਿਆਂ ਦੀ ਜ਼ਿੰਮੇਵਾਰੀ ਪਹਿਲੀਆਂ ਸਰਕਾਰਾਂ ’ਤੇ ਸੁੱਟਣ ਦਾ ਆਲਮ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਸਿਆਸਤ ਨਾਲ ਅਸਲ ਮੁੱਦੇ ਕਿਤੇ ਪਿੱਛੇ ਰਹਿ ਜਾਂਦੇ ਹਨ ਤੇ ਆਮ ਜਨਤਾ ਦੀਆਂ ਸਮੱਸਿਆਵਾਂ ਦਿਨੋ-ਦਿਨ ਗੁੰਝਲਦਾਰ ਹੁੰਦੀਆਂ ਜਾਂਦੀਆਂ ਹਨ। ਦੂਸ਼ਣਬਾਜ਼ੀ ਭਰਪੂਰ ਰਾਜਨੀਤੀ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਜਵਾਨੀ, ਕਿਸਾਨੀ ਤੇ ਆਰਥਿਕਤਾ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਇਸ ਸਮੇਂ ਗੰਭੀਰ ਚੁਣੌਤੀਆਂ ਜਿਵੇਂ ਕਿ ਨਸ਼ਿਆਂ ਦਾ ਪਸਾਰਾ, ਭਾਰੀ ਕਰਜ਼ਾ, ਬੇਰੁਜ਼ਗਾਰੀ ਤੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵੱਡੇ ਪੱਧਰ ਉੱਤੇ ਪਲਾਇਨ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸੂਬੇ ਦੇ ਲੋਕਾਂ ਨੂੰ ਰੁਜ਼ਗਾਰ, ਚੰਗੀ ਸਿੱਖਿਆ, ਮਿਆਰੀ ਸਿਹਤ ਸਹੂਲਤਾਂ ਤੇ ਸਨਅਤੀ ਵਿਕਾਸ ਦੀ ਲੋੜ ਹੈ ਪਰ ਜਦੋਂ ਸਿਆਸੀ ਆਗੂ ਵਿਧਾਨ ਸਭਾ ਤੋਂ ਲੈ ਕੇ ਚੋਣ ਮੰਚਾਂ ਤੱਕ ਕੇਵਲ ਇਕ-ਦੂਜੇ ਉੱਤੇ ਦੂਸ਼ਣਬਾਜ਼ੀ ਕਰਨ ’ਚ ਹੀ ਆਪਣਾ ਸਮਾਂ ਬਰਬਾਦ ਕਰਦੇ ਹਨ ਤਾਂ ਸੂਬੇ ਦਾ ਨੀਤੀਗਤ ਵਿਕਾਸ ਠੱਪ ਹੋ ਕੇ ਰਹਿ ਜਾਂਦਾ ਹੈ। ਅਜਿਹਾ ਮਾਹੌਲ ਨਿਵੇਸ਼ਕਾਂ ’ਚ ਵੀ ਗ਼ਲਤ ਸੁਨੇਹਾ ਦਿੰਦਾ ਹੈ, ਕਿਉਂਕਿ ਕੋਈ ਵੀ ਉਦਯੋਗਪਤੀ ਅਸਥਿਰ ਤੇ ਪਰੇਸ਼ਾਨੀਆਂ ਵਾਲੇ ਮਾਹੌਲ ’ਚ ਆਪਣਾ ਪੈਸਾ ਨਿਵੇਸ਼ ਕਰਨ ਤੋਂ ਗੁਰੇਜ਼ ਕਰਦਾ ਹੈ। ਇਸ ਨਕਾਰਾਤਮਕ ਰਾਜਨੀਤੀ ਨੇ ਪੰਜਾਬ ਦੀ ਸਮਾਜਿਕ ਤਾਣੇ-ਬਾਣੇ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਸੋਸ਼ਲ ਮੀਡੀਆ ਦੇ ਦੌਰ ’ਚ ਵੱਖ-ਵੱਖ ਪਾਰਟੀਆਂ ਦੇ ਆਈਟੀ ਸੈੱਲ ਤੇ ਸਮਰਥਕ ਅਜਿਹਾ ਜ਼ਹਿਰੀਲਾ ਮਾਹੌਲ ਤਿਆਰ ਕਰਦੇ ਹਨ ਜਿੱਥੇ ਸਹਿਣਸ਼ੀਲਤਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਹਰ ਗੱਲ ਉੱਤੇ ਬਹਿਸ ਨੂੰ ਨਿੱਜੀ ਦੁਸ਼ਮਣੀ ’ਚ ਬਦਲ ਦਿੱਤਾ ਜਾਂਦਾ ਹੈ। ਆਮ ਨਾਗਰਿਕ ਵੀ ਇਸ ਸਿਆਸੀ ਖਿੱਚੋਤਾਣ ਤੋਂ ਅੱਕ ਚੁੱਕੇ ਹਨ ਕਿਉਂਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਸ ਉੱਤੇ ਭਰੋਸਾ ਕਰਨ। ਲੋਕਾਂ ਦਾ ਸਿਆਸੀ ਵਿਵਸਥਾ ਤੋਂ ਮੋਹ ਭੰਗ ਹੋ ਰਿਹਾ ਹੈ। ਜੋ ਇਕ ਮਜ਼ਬੂਤ ਲੋਕਤੰਤਰ ਲਈ ਬਹੁਤ ਖ਼ਤਰਨਾਕ ਸੰਕੇਤ ਹੈ। ਜਦੋਂ ਜਨਤਾ ਦਾ ਰਾਜਨੀਤੀ ਤੇ ਰਾਜਨੇਤਾਵਾਂ ਤੋਂ ਵਿਸ਼ਵਾਸ ਉੱਠ ਜਾਂਦਾ ਹੈ, ਤਾਂ ਸਮਾਜ ’ਚ ਅਰਾਜਕਤਾ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਿਆਸੀ ਪਾਰਟੀਆਂ ਤੇ ਨੇਤਾਵਾਂ ਨੂੰ ਇਹ ਸਮਝਣਾ ਹੋਵੇਗਾ ਕਿ ਦੂਸ਼ਣਬਾਜ਼ੀ ਨਾਲ ਕੁਝ ਸਮੇਂ ਲਈ ਸੁਰਖੀਆਂ ਤਾਂ ਬਟੋਰੀਆਂ ਜਾ ਸਕਦੀਆਂ ਹਨ ਪਰ ਸੂਬੇ ਦਾ ਭਲਾ ਨਹੀਂ ਕੀਤਾ ਜਾ ਸਕਦਾ। ਆਗੂਆਂ ਨੂੰ ਨਿੱਜੀ ਹਮਲੇ ਛੱਡ ਕੇ ਵਿਕਾਸ ਦੇ ਮਾਡਲਾਂ, ਆਰਥਿਕ ਸੁਧਾਰਾਂ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਬਾਰੇ ਉਸਾਰੂ ਬਹਿਸ ਕਰਨੀ ਚਾਹੀਦੀ ਹੈ। ਮੀਡੀਆ ਤੇ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਨੇਤਾਵਾਂ ਤੋਂ ਉਨ੍ਹਾਂ ਦੇ ਕੰਮਾਂ ਦਾ ਹਿਸਾਬ ਮੰਗਣ ਨਾ ਕਿ ਉਨ੍ਹਾਂ ਵੱਲੋਂ ਇਕ-ਦੂਜੇ ਵਿਰੁੱਧ ਬੋਲੀਆਂ ਗਈਆਂ ਅੱਗ ਉਗਲਦੀਆਂ ਬਿਆਨਬਾਜ਼ੀਆਂ ਦਾ ਆਨੰਦ ਲੈਣ। ਜਦੋਂ ਤੱਕ ਪੰਜਾਬ ਦਾ ਵੋਟਰ ਤੇ ਮੀਡੀਆ ਸਿਆਸਤਦਾਨਾਂ ਨੂੰ ਮੁੱਦਿਆਂ ਦੇ ਆਧਾਰ ਉੱਤੇ ਸਵਾਲ ਨਹੀਂ ਕਰੇਗਾ ਅਤੇ ਦੂਸ਼ਣਬਾਜ਼ੀ ਦੀ ਰਾਜਨੀਤੀ ਨੂੰ ਨਕਾਰ ਨਹੀਂ ਦੇਵੇਗਾ, ਤਦ ਤੱਕ ਸੂਬੇ ਦਾ ਅਸਲ ਵਿਕਾਸ ਸੰਭਵ ਨਹੀਂ ਹੋ ਸਕਦਾ। ਪੰਜਾਬ ਦੀ ਬਿਹਤਰੀ ਲਈ ਜ਼ਰੂਰੀ ਹੈ ਕਿ ਨਫ਼ਰਤ ਅਤੇ ਦੋਸ਼-ਮੜ੍ਹਨ ਦੀ ਸਿਆਸਤ ਨੂੰ ਤਿਆਗ ਕੇ ਏਕਤਾ, ਵਿਕਾਸ ਤੇ ਉਸਾਰੂ ਸੋਚ ਦਾ ਨਵਾਂ ਅਧਿਆਇ ਸ਼ੁਰੂ ਕੀਤਾ ਜਾਵੇ।
-ਬਿੰਦਰ ਸਿੰਘ ਖੁੱਡੀ ਕਲਾਂ। ਸੰਪਰਕ : 98786-05965