- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹ ਕਈ ਵਾਰ ਸਕੂਲ ਜਾਣ ਦੀ ਬਜਾਏ ਸਥਾਨਕ ਲਾਇਬ੍ਰੇਰੀ ’ਚ ਸਮਾਂ ਬਿਤਾਉਂਦੇ ਸਨ। ਕਿਤਾਬਾਂ ਨਾਲ ਉਨ੍ਹਾਂ ਦਾ ਰਿਸ਼ਤਾ ਕਿਸੇ ਰਸਮੀ ਸਿੱਖਿਆ ਨਾਲੋਂ ਵਧੇਰੇ ਡੂੰਘਾ ਸੀ। ਉਨ੍ਹਾਂ ਦੇ ਘਰ ’ਚ ਪੁਰਾਣੇ ਨਾਵਲਾਂ ਤੇ ਵਿਗਿਆਨਕ ਕਲਪਨਾ ਦੀਆਂ ਕਿਤਾਬਾਂ ਨਾਲ ਭਰੀ ਇਕ ਅਲਮਾਰੀ ਸੀ। ਇਹ ਕਿਤਾਬਾਂ ਉਨ੍ਹਾਂ ਲਈ ਕਲਪਨਾ ਦੀ ਇਕ ਨਵੀਂ ਦੁਨੀਆ ਬਣ ਗਈਆਂ। ਬਾਅਦ ’ਚ ਉਨ੍ਹਾਂ ਨੇ ਆਪਣੇ ਸਾਹਿਤਕ ਸਫ਼ਰ ’ਚ ਇਸੇ ਕਲਪਨਾਸ਼ੀਲਤਾ ਨੂੰ ਨਵੇਂ ਰੂਪ ਦਿੱਤੇ। 18 ਸਾਲ ਦੀ ਉਮਰ ਵਿੱਚ ਸਕੂਲ ਛੱਡਣ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਛੋਟੀਆਂ ਨੌਕਰੀਆਂ ਕੀਤੀਆਂ।

ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ
ਅੰਗਰੇਜ਼ੀ ਦੇ ਉੱਘੇ ਲੇਖਕ ਐੱਮ ਜੌਨ ਹੈਰੀਸਨ ਨੂੰ ਇਸ ਵਾਰ ਵਿਸ਼ਵ ਸਾਹਿਤ ਦਾ ਵੱਕਾਰੀ ਬੁਕਰ ਪੁਰਸਕਾਰ ਦਿੱਤਾ ਗਿਆ ਹੈ। ਹੈਰੀਸਨ ਦੀ ਇਹ ਪ੍ਰਾਪਤੀ ਇਹ ਦਰਸਾਉਂਦੀ ਹੈ ਕਿ ਰਚਨਾਤਮਕਤਾ ਦੀ ਕੋਈ ਉਮਰ ਨਹੀਂ ਹੁੰਦੀ ਤੇ ਸਾਹਿਤ ’ਚ ਨਵੇਂ ਵਿਚਾਰਾਂ ਦੀ ਉਡਾਣ ਲਈ ਜੀਵਨ ਦਾ ਕੋਈ ਆਖ਼ਰੀ ਪੜਾਅ ਨਹੀਂ ਹੁੰਦਾ। ਹੈਰੀਸਨ ਇਕ ਅਜਿਹੇ ਲੇਖਕ ਹਨ, ਜਿਨ੍ਹਾਂ ਨੇ ਸਾਹਿਤ ਦੀਆਂ ਰਵਾਇਤੀ ਹੱਦਾਂ ਤੋੜੀਆਂ, ਵਿਡੰਬਨਾਵਾਂ ਨੂੰ ਸ਼ਬਦ ਦਿੱਤੇ ਅਤੇ ਜੀਵਨ ਦੇ ਅੰਤਿਮ ਪੜਾਅ ’ਚ ਵੀ ਆਪਣੀ ਕਲਮ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਸਾਹਿਤ ਦੀ ਦੁਨੀਆ ’ਚ ਕਈ ਵਾਰ ਕੋਈ ਪੁਰਸਕਾਰ ਸਿਰਫ਼ ਇਕ ਲੇਖਕ ਦੀ ਜਿੱਤ ਨਹੀਂ ਹੁੰਦਾ, ਸਗੋਂ ਉਹ ਸਿਰਜਣਾਤਮਕਤਾ, ਸੰਘਰਸ਼, ਸਬਰ ਤੇ ਸਮੇਂ ਨਾਲ ਕੀਤੇ ਲੰਮੇ ਸੰਵਾਦ ਦੀ ਜਿੱਤ ਬਣ ਜਾਂਦਾ ਹੈ। ਸਾਲ 2026 ਦਾ ਬੁਕਰ ਸਾਹਿਤ ਪੁਰਸਕਾਰ ਇਸੇ ਤਰ੍ਹਾਂ ਦੀ ਇਕ ਇਤਿਹਾਸਕ ਘਟਨਾ ਬਣ ਕੇ ਸਾਹਮਣੇ ਆਇਆ ਹੈ। ਉਹਨਾਂ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਨਾਵਲ ਦ ਐਂਡ ਆਫ਼ ਐਵਰੀਥਿੰਗ ਲਈ ਦਿੱਤਾ ਗਿਆ ਹੈ। ਉਹਨਾਂ ਦੀ ਇਸ ਜਿੱਤ ਨੇ ਆਦਮੀ ਸਾਹਿਤਕ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 81 ਸਾਲ ਦੀ ਉਮਰ ’ਚ ਬੁਕਰ ਪੁਰਸਕਾਰ ਜਿੱਤ ਕੇ ਹੈਰੀਸਨ ਇਸ ਪੁਰਸਕਾਰ ਦੇ ਇਤਿਹਾਸ ’ਚ ਸਭ ਤੋਂ ਵੱਧ ਉਮਰ ਵਾਲੇ ਜੇਤੂ ਹਨ। ਲੇਖਕ ਹੈਰੀਸਨ ਨੇ ਇਕ ਸੰਘਰਸ਼ਮਈ ਜੀਵਨ ਤੇ ਸਾਹਿਤਕ ਸਫ਼ਰ ਤੈਅ ਕੀਤਾ ਹੈ। ਐੱਮ. ਜੌਨ ਹੈਰੀਸਨ ਦਾ ਜਨਮ 26 ਜੁਲਾਈ 1945 ਨੂੰ ਇੰਗਲੈਂਡ ਦੇ ਵਾਰਵਿਕਸ਼ਾਇਰ ਦੇ ਰਗਬੀ ਇਲਾਕੇ ’ਚ ਹੋਇਆ। ਉਨ੍ਹਾਂ ਦਾ ਪੂਰਾ ਨਾਮ ਮਾਈਕਲ ਜੌਨ ਹੈਰੀਸਨ ਹੈ। ਉਨ੍ਹਾਂ ਦਾ ਬਚਪਨ ਆਮ ਪਰਿਵਾਰਕ ਹਾਲਾਤਾਂ ’ਚ ਬੀਤਿਆ ਪਰ ਜੀਵਨ ਨੇ ਛੋਟੀ ਉਮਰ ’ਹੀ ਉਨ੍ਹਾਂ ਨੂੰ ਅਜਿਹੇ ਅਨੁਭਵ ਦਿੱਤੇ ਜਿਨ੍ਹਾਂ ਨੇ ਉਨ੍ਹਾਂ ਦੀ ਸੋਚ ਅਤੇ ਸ਼ਖ਼ਸੀਅਤ ਨੂੰ ਡੂੰਘਾ ਪ੍ਰਭਾਵਿਤ ਕੀਤਾ। ਜਦੋਂ ਉਹ ਸਿਰਫ਼ 13 ਸਾਲਾਂ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਪਿਤਾ ਦੀ ਮੌਤ ਨੇ ਉਨ੍ਹਾਂ ਦੇ ਜੀਵਨ ’ਚ ਇਕੱਲਤਾ, ਬੇਚੈਨੀ ਤੇ ਮਾਨਸਿਕ ਉਥਲ-ਪੁਥਲ ਪੈਦਾ ਕੀਤੀ। ਹੈਰੀਸਨ ਦਾ ਇਹ ਸਫ਼ਰ ਬਹੁਤਾ ਸੁਖਾਵਾਂ ਨਹੀਂ ਸੀ। ਉਹ ਕਈ ਵਾਰ ਸਕੂਲ ਜਾਣ ਦੀ ਬਜਾਏ ਸਥਾਨਕ ਲਾਇਬ੍ਰੇਰੀ ’ਚ ਸਮਾਂ ਬਿਤਾਉਂਦੇ ਸਨ। ਕਿਤਾਬਾਂ ਨਾਲ ਉਨ੍ਹਾਂ ਦਾ ਰਿਸ਼ਤਾ ਕਿਸੇ ਰਸਮੀ ਸਿੱਖਿਆ ਨਾਲੋਂ ਵਧੇਰੇ ਡੂੰਘਾ ਸੀ। ਉਨ੍ਹਾਂ ਦੇ ਘਰ ’ਚ ਪੁਰਾਣੇ ਨਾਵਲਾਂ ਤੇ ਵਿਗਿਆਨਕ ਕਲਪਨਾ ਦੀਆਂ ਕਿਤਾਬਾਂ ਨਾਲ ਭਰੀ ਇਕ ਅਲਮਾਰੀ ਸੀ। ਇਹ ਕਿਤਾਬਾਂ ਉਨ੍ਹਾਂ ਲਈ ਕਲਪਨਾ ਦੀ ਇਕ ਨਵੀਂ ਦੁਨੀਆ ਬਣ ਗਈਆਂ। ਬਾਅਦ ’ਚ ਉਨ੍ਹਾਂ ਨੇ ਆਪਣੇ ਸਾਹਿਤਕ ਸਫ਼ਰ ’ਚ ਇਸੇ ਕਲਪਨਾਸ਼ੀਲਤਾ ਨੂੰ ਨਵੇਂ ਰੂਪ ਦਿੱਤੇ। 18 ਸਾਲ ਦੀ ਉਮਰ ਵਿੱਚ ਸਕੂਲ ਛੱਡਣ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਛੋਟੀਆਂ ਨੌਕਰੀਆਂ ਕੀਤੀਆਂ। ਘੋੜਿਆਂ ਦੀ ਦੇਖਭਾਲ ਦਾ ਕੰਮ, ਕਦੇ ਅਧਿਆਪਨ ਨਾਲ ਜੁੜੇ ਕੰਮ ਅਤੇ ਕਦੇ ਦਫ਼ਤਰੀ ਨੌਕਰੀ ਪਰ ਉਨ੍ਹਾਂ ਦੇ ਅੰਦਰ ਲੇਖਕ ਬਣਨ ਦੀ ਇੱਛਾ ਲਗਾਤਾਰ ਮਜ਼ਬੂਤ ਹੁੰਦੀ ਗਈ। 1965 ਵਿੱਚ ਉਨ੍ਹਾਂ ਦੀ ਪਹਿਲੀ ਕਹਾਣੀ ਪ੍ਰਕਾਸ਼ਿਤ ਹੋਈ ਅਤੇ 1969 ਵਿੱਚ ਉਹ ਬ੍ਰਿਟੇਨ ਦੇ ਵਿਗਿਆਨਕ ਕਲਪਨਾ ਨਾਲ ਜੁੜੇ ਪ੍ਰਸਿੱਧ ਰਸਾਲੇ ਨਿਊ ਵਰਲਡ ਨਾਲ ਜੁੜ ਗਏ। ਇੱਥੇ ਉਨ੍ਹਾਂ ਨੇ 1978 ਤੱਕ ਪੁਸਤਕ ਸਮੀਖਿਆਵਾਂ ਤੇ ਸਾਹਿਤਕ ਸੰਪਾਦਨ ਦਾ ਕੰਮ ਕੀਤਾ। ਇਹ ਉਨ੍ਹਾਂ ਦਾ ਸੰਘਰਸ਼ ਸਿਰਫ਼ ਆਰਥਿਕ ਨਹੀਂ ਸੀ, ਸਗੋਂ ਆਪਣੀ ਵੱਖਰੀ ਸਾਹਿਤਕ ਪਛਾਣ ਬਣਾਉਣ ਦਾ ਵੀ ਸੀ। ਉਨ੍ਹਾਂ ਨੇ ਲਿਖਣ ਨੂੰ ਆਪਣਾ ਜੀਵਨ ਬਣਾਉਣ ਦਾ ਫ਼ੈਸਲਾ ਕੀਤਾ। ਇਸ ਫ਼ੈਸਲੇ ਦੀ ਕੀਮਤ ਵੀ ਚੁਕਾਉਣੀ ਪਈ। ਉਨ੍ਹਾਂ ਨੇ ਇੰਟਰਵਿਊਆਂ ’ਚ ਆਪਣੇ ਸ਼ੁਰੂਆਤੀ ਦਿਨਾਂ ਦੀਆਂ ਮੁਸ਼ਕਲਾਂ, ਦੋਸਤਾਂ ਦੇ ਘਰਾਂ ਵਿੱਚ ਰਹਿਣ ਅਤੇ ਕਈ ਵਾਰ ਖਾਣ-ਪੀਣ ਦੀਆਂ ਤੰਗੀਆਂ ਦਾ ਜ਼ਿਕਰ ਵੀ ਕੀਤਾ ਹੈ ਪਰ ਉਨ੍ਹਾਂ ਨੇ ਆਪਣੀ ਲਿਖਣ ਦੀ ਆਜ਼ਾਦੀ ਨਾਲ ਸਮਝੌਤਾ ਨਹੀਂ ਕੀਤਾ।
ਇਸ ਸਮੇਂ ਦੌਰਾਨ ਪ੍ਰਕਾਸ਼ਿਤ ਉਹਨਾਂ ਦੀਆਂ ਪੁਸਤਕਾਂ ਨੇ ਵਿਸ਼ਵ ਪੱਧਰੀ ਪਛਾਣ ਬਣਾਈ। ਹੈਰੀਸਨ ਦਾ ਸਾਹਿਤਕ ਸਫ਼ਰ ਲਗਭਗ ਛੇ ਦਹਾਕਿਆਂ ’ਚ ਫੈਲਿਆ ਹੋਇਆ ਹੈ। ਉਨ੍ਹਾਂ ਨੇ ਨਾਵਲ, ਕਹਾਣੀਆਂ, ਸਾਹਿਤਕ ਆਲੋਚਨਾ ਤੇ ਯਾਦਾਂ ਦੀਆਂ ਵਿਧਾਵਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਦੀਆਂ ਰਚਨਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਕਿਸੇ ਇਕ ਸਾਹਿਤਕ ਵਿਧਾ ਦੀਆਂ ਹੱਦਾਂ ’ਚ ਬੱਝ ਕੇ ਨਹੀਂ ਰਹਿੰਦੀਆਂ। ਉਨ੍ਹਾਂ ਦੀਆਂ ਪ੍ਰਮੁੱਖ ਪੁਸਤਕਾਂ ’ਚ ‘ਦ ਪੈਸਟਲ ਸਿਟੀ(1971), ‘ਦ ਸੈਨਚੁਰੀ ਡਿਵਾਈਸ (1974), ਕਲਾਈਂਬਰਸ (1989), ‘ਦ ਕੋਰਸ ਆਫ ਦ ਹਾਟਰ (1992), ਸਾਈਨ ਆਫ ਲਾਈਫ (1997), ਲਾਈਟ (2002), ਨੋਵਾ ਸਵਿੰਗ (2006), ਐਂਪਟੀ ਸਪੇਸ (2012) ਅਤੇ ‘ਦ ਸਨਕਿਨ ਲੈਂਡ ਬਿਗੇਨ ਟੂ ਰਾਈਜ਼ ਅਗੇਨ (2020) ਸ਼ਾਮਲ ਹਨ।
ਇੱਥੇ ਉਨ੍ਹਾਂ ਦਾ ਨਾਵਲ ਕਲਾਈਂਬਰਸ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ’ਚ ਪਹਾੜਾਂ ਉੱਤੇ ਚੜ੍ਹਨ ਵਾਲੇ ਲੋਕਾਂ ਦੀ ਜ਼ਿੰਦਗੀ, ਉਨ੍ਹਾਂ ਦੇ ਜਨੂੰਨ, ਰਿਸ਼ਤਿਆਂ ਤੇ ਅੰਦਰੂਨੀ ਸੰਘਰਸ਼ ਨੂੰ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਨੇ 1989 ’ਚ ਬੋਰਡਮੈਨ ਟਾਸਕਰ ਪੁਰਸਕਾਰ ਜਿੱਤਿਆ। ਇਸੇ ਤਰ੍ਹਾਂ ਨੋਵਾ ਸਵਿੰਗ ਨੂੰ 2007 ’ਚ ਆਰਥਰ ਸੀ. ਕਲਾਰਕ ਪੁਰਸਕਾਰ ਮਿਲਿਆ। ਉਨ੍ਹਾਂ ਦਾ ਨਾਵਲ ‘ਦ ਸਨਕਿਨ ਲੈਂਡ ਬਿਗਨ ਟੂ ਰਾਈਜ਼ ਅਗੇਨ ਸਾਲ 2020 ਵਿੱਚ ਗੋਲਡਸਮਿਥਜ਼ ਪੁਰਸਕਾਰ ਨਾਲ ਸਨਮਾਨਿਤ ਹੋਇਆ।
ਬੁਕਰ ਲਈ ਉਹਨਾਂ ਦੀ ਅਵਾਰਡ ਜੈਤੂ ਪੁਸਤਕ ‘ਦ ਐਂਡ ਆਫ਼ ਐਵਰੀਥਿੰਗ’ ਅਜੋਕੇ ਸੰਸਾਰ ਦਾ ਭਵਿੱਖੀ ਚਿਹਰਾ ਹੈ। ਉਹ ਪੁਸਤਕ ਜਿਸ ਨੇ ਹੈਰੀਸਨ ਨੂੰ 2026 ਦੇ ਬੁਕਰ ਪੁਰਸਕਾਰ ਦਾ ਜੇਤੂ ਬਣਾਇਆ ਹੈ, ਇਹ ਲਗਭਗ 198 ਸਫ਼ਿਆਂ ਦਾ ਨਾਵਲ ਹੈ। ਇਹ ਨਾਵਲ ਭਵਿੱਖ ਦੇ ਇੰਗਲੈਂਡ ਦੀ ਇਕ ਅਜਿਹੀ ਦੁਨੀਆ ਦੀ ਕਹਾਣੀ ਹੈ, ਜਿੱਥੇ ਇਕ ਰਹੱਸਮਈ ਤਬਾਹੀ ਤੋਂ ਬਾਅਦ ਸਮਾਜਿਕ ਵਿਵਸਥਾ ਟੁੱਟ ਚੁੱਕੀ ਹੈ। ਕਾਨੂੰਨ, ਸਮਾਜਿਕ ਰਿਸ਼ਤੇ ਤੇ ਮਨੁੱਖ ਦੀ ਪੁਰਾਣੀ ਜੀਵਨ-ਜਾਚ ਬਦਲ ਗਈ ਹੈ। ਕਹਾਣੀ ਦਾ ਮੁੱਖ ਪਾਤਰ ਫਿਲਿਪ ਟੈਨੈਂਟ ਅਤੇ ਉਸ ਦੀ ਬਜ਼ੁਰਗ ਮਾਸੀ ਮਾਰਨੀ ਹਨ, ਜੋ ਇੰਗਲੈਂਡ ਦੇ ਕੈਂਟ ਤੱਟੀ ਇਲਾਕੇ ’ਚ ਬਦਲ ਚੁੱਕੀ ਦੁਨੀਆ ਨਾਲ ਜੂਝ ਰਹੇ ਹਨ। ਇਸ ਕਹਾਣੀ ’ਚ ਰਹੱਸਮਈ ਪਰਦੇਸੀ ਜੀਵਾਂ ਦਾ ਪ੍ਰਸੰਗ ਵੀ ਹੈ। ਉਹਨਾਂ ਦੇ ਇਸ ਨਾਵਲ ਦਾ ਅਸਲ ਮਕਸਦ ਸਿਰਫ਼ ਵਿਗਿਆਨਕ ਕਲਪਨਾ ਪੇਸ਼ ਕਰਨਾ ਨਹੀਂ ਹੈ। ਲੇਖਕ ਇਸ ਰਾਹੀਂ ਅਜੋਕੇ ਸਮਾਜ ਦੀ ਰਾਜਨੀਤਿਕ ਅਸਥਿਰਤਾ, ਸੂਚਨਾ ਦੇ ਸੰਕਟ, ਵਾਤਾਵਰਨ ਦੀ ਤਬਾਹੀ, ਤਕਨਾਲੋਜੀ ਦੇ ਪ੍ਰਭਾਵ ਤੇ ਮਨੁੱਖੀ ਸਮਝ ਦੀਆਂ ਹੱਦਾਂ ਬਾਰੇ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਦੀ ਕਹਾਣੀ ਵਿੱਚ ਤਬਾਹੀ ਸਿਰਫ਼ ਇਮਾਰਤਾਂ ਜਾਂ ਸਮਾਜਿਕ ਢਾਂਚੇ ਦੇ ਢਹਿ ਜਾਣ ਦਾ ਨਾਮ ਨਹੀਂ, ਸਗੋਂ ਮਨੁੱਖ ਦੀ ਸੱਚਾਈ ਨੂੰ ਸਮਝਣ ਦੀ ਸਮਰੱਥਾ ਦਾ ਸੰਕਟ ਵੀ ਹੈ। ਇਥੇ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਨਾਵਲ ਨੂੰ ਲਿਖਣ ਦੀ ਪ੍ਰਕਿਰਿਆ ਲਗਭਗ 15 ਸਾਲਾਂ ਤੱਕ ਚੱਲੀ। 2007-08 ਦੇ ਵਿਸ਼ਵ ਆਰਥਿਕ ਸੰਕਟ ਨੇ ਇਸ ਦੀ ਵਿਚਾਰਧਾਰਕ ਬੁਨਿਆਦ ਨੂੰ ਪ੍ਰਭਾਵਿਤ ਕੀਤਾ ਅਤੇ ਬਾਅਦ ਵਿੱਚ ਲੇਖਕ ਦੀ ਸਿਹਤ ਨਾਲ ਜੁੜੀ ਇੱਕ ਗੰਭੀਰ ਸਮੱਸਿਆ ਨੇ ਵੀ ਇਸ ਦੀ ਸਿਰਜਣਾਤਮਕ ਦਿਸ਼ਾ ਨੂੰ ਪ੍ਰਭਾਵਿਤ ਕੀਤਾ। ਇਹ ਲੰਮਾ ਸਮਾਂ ਦੱਸਦਾ ਹੈ ਕਿ ਮਹਾਨ ਸਾਹਿਤ ਕਈ ਵਾਰ ਇੱਕ ਦਿਨ ਜਾਂ ਇੱਕ ਸਾਲ ਵਿੱਚ ਨਹੀਂ, ਸਗੋਂ ਲੇਖਕ ਦੇ ਮਨ ਵਿੱਚ ਸਾਲਾਂ ਤੱਕ ਪਲਦੇ ਵਿਚਾਰਾਂ ਵਿੱਚੋਂ ਜਨਮ ਲੈਂਦਾ ਹੈ। ਇਸ ਵਾਰ ਬੁਕਰ ਪੁਰਸਕਾਰ ਦੇ ਨਿਰਣਾਇਕ ਮੰਡਲ ਦੀ ਅਗਵਾਈ ਪ੍ਰਸਿੱਧ ਇਤਿਹਾਸਕਾਰ ਅਤੇ ਲੇਖਿਕਾ ਮੈਰੀ ਬੀਅਰਡ ਨੇ ਕੀਤੀ ਅਤੇ ਉਨ੍ਹਾਂ ਨੇ ਹੈਰੀਸਨ ਦੀ ਪੁਸਤਕ ਨੂੰ ਅਜੋਕੇ ਸਮੇਂ ਦੀ ਰਾਜਨੀਤੀ ਨੂੰ ਭਵਿੱਖ ਦੇ ਸ਼ੀਸ਼ੇ ਵਿੱਚ ਦੇਖਣ ਵਾਲੀ ਰਚਨਾ ਕਰਾਰ ਦਿੱਤਾ। ਪੰਜ ਮੈਂਬਰੀ ਨਿਰਣਾਇਕ ਮੰਡਲ ਨੇ ਸਰਬਸੰਮਤੀ ਨਾਲ ਇਸ ਪੁਸਤਕ ਨੂੰ ਜੇਤੂ ਚੁਣਿਆ। ਹੈਰੀਸਨ ਦੀ ਇਸ ਪ੍ਰਾਪਤੀ ਦਾ ਇੱਕ ਹੋਰ ਮਹੱਤਵਪੂਰਨ ਪੱਖ ਹੈ। ਹੈਰੀਸਨ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਵਿਗਿਆਨਕ ਕਲਪਨਾ, ਫੈਂਟਸੀ ਅਤੇ ਗੰਭੀਰ ਸਾਹਿਤ ਦੇ ਵਿਚਕਾਰ ਬਣਾਈਆਂ ਗਈਆਂ ਰਵਾਇਤੀ ਕੰਧਾਂ ਨੂੰ ਚੁਣੌਤੀ ਦਿੱਤੀ। ਉਹ ਨਹੀਂ ਮੰਨਦੇ ਕਿ ਵਿਗਿਆਨਕ ਕਲਪਨਾ ਨੂੰ ਗੰਭੀਰ ਸਾਹਿਤ ਤੋਂ ਵੱਖ ਕਰ ਕੇ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਇਹ ਸਾਬਤ ਕਰਦੀਆਂ ਹਨ ਕਿ ਕਲਪਨਾ ਵੀ ਸਮਾਜਿਕ ਯਥਾਰਥ ਦੀ ਡੂੰਘੀ ਵਿਆਖਿਆ ਕਰ ਸਕਦੀ ਹੈ। ਉਨ੍ਹਾਂ ਦੀ ਜ਼ਿੰਦਗੀ ਇਕ ਮਿਸਾਲ ਹੈ। ਬਚਪਨ ਦੀਆਂ ਮੁਸ਼ਕਲਾਂ, ਪਿਤਾ ਦਾ ਵਿਛੋੜਾ, ਆਰਥਿਕ ਤੰਗੀਆਂ, ਅਨਿਸ਼ਚਿਤ ਜੀਵਨ ਤੇ ਸਾਹਿਤਕ ਜਗਤ ’ਚ ਆਪਣੀ ਵੱਖਰੀ ਥਾਂ ਬਣਾਉਣ ਦੀ ਜੱਦੋਜਹਿਦ ਦੇ ਬਾਵਜੂਦ ਉਨ੍ਹਾਂ ਨੇ ਲਿਖਣਾ ਨਹੀਂ ਛੱਡਿਆ। 81 ਸਾਲ ਦੀ ਉਮਰ ’ਚ ਮਿਲਿਆ ਇਹ ਸਨਮਾਨ ਉਨ੍ਹਾਂ ਦੀ ਛੇ ਦਹਾਕਿਆਂ ਦੀ ਸਾਧਨਾ ਦਾ ਹੀ ਨਤੀਜਾ ਹੈ। ਹੈਰੀਸਨ ਅਨੁਸਾਰ ਉਮਰ ਨਹੀਂ, ਵਿਚਾਰਾਂ ਦੀ ਜਵਾਨੀ ਮਹੱਤਵਪੂਰਨ ਹੈ। ਅੱਜ ਜਦੋਂ ਦੁਨੀਆ ’ਚ ਹਰ ਚੀਜ਼ ਤੇਜ਼ੀ ਨਾਲ ਬਦਲ ਰਹੀ ਹੈ ਤੇ ਸਫਲਤਾ ਨੂੰ ਅਕਸਰ ਉਮਰ, ਪ੍ਰਸਿੱਧੀ ਤੇ ਬਾਜ਼ਾਰ ਦੀਆਂ ਕਸੌਟੀਆਂ ਉੱਤੇ ਮਾਪਿਆ ਜਾਂਦਾ ਹੈ, ਹੈਰੀਸਨ ਦੀ ਪ੍ਰਾਪਤੀ ਇਕ ਨਵਾਂ ਸੰਦੇਸ਼ ਦਿੰਦੀ ਹੈ। ਸਾਹਿਤਕਾਰ ਦੀ ਅਸਲ ਉਮਰ ਉਸ ਦੇ ਵਿਚਾਰਾਂ ’ਚ ਵਸਦੀ ਹੈ। ਹੈਰੀਸਨ ਦਾ ਬੁਕਰ ਪੁਰਸਕਾਰ ਜਿੱਤਣਾ ਸਿਰਫ਼ ਇਕ ਨਾਵਲ ਦੀ ਜਿੱਤ ਨਹੀਂ, ਸਗੋਂ ਉਸ ਸਾਹਿਤਕ ਆਜ਼ਾਦੀ ਦੀ ਜਿੱਤ ਹੈ ਜੋ ਸਵਾਲ ਪੁੱਛਦੀ ਹੈ, ਸਥਾਪਿਤ ਧਾਰਨਾਵਾਂ ਨੂੰ ਚੁਣੌਤੀ ਦਿੰਦੀ ਹੈ ਅਤੇ ਮਨੁੱਖ ਨੂੰ ਆਪਣੇ ਸਮੇਂ ਬਾਰੇ ਮੁੜ ਸੋਚਣ ਲਈ ਮਜਬੂਰ ਕਰਦੀ ਹੈ। ਅੱਜ ਉਨ੍ਹਾਂ ਦੀ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਸੰਘਰਸ਼ ਦੇ ਰਾਹ ਉੱਤੇ ਚੱਲਣ ਵਾਲੇ ਮਨੁੱਖ ਲਈ ਦੇਰ ਨਾਲ ਮਿਲੀ ਮਾਨਤਾ ਵੀ ਬਹੁਤ ਵੱਡੀ ਹੁੰਦੀ ਹੈ। ਕਈ ਵਾਰ ਦੁਨੀਆ ਨੂੰ ਤੁਹਾਡੀ ਪ੍ਰਤਿਭਾ ਸਮਝਣ ਵਿੱਚ ਛੇ ਦਹਾਕੇ ਲੱਗ ਜਾਂਦੇ ਹਨ, ਪਰ ਜੇ ਤੁਹਾਡੇ ਅੰਦਰ ਸਿਰਜਣ ਦੀ ਅੱਗ ਜਿਊਂਦੀ ਹੈ ਤਾਂ ਸਮੇਂ ਦੀ ਕੋਈ ਵੀ ਹੱਦ ਤੁਹਾਨੂੰ ਰੋਕ ਨਹੀਂ ਸਕਦੀ। ਅੱਜ ਐੱਮ. ਜੌਨ ਹੈਰੀਸਨ ਦੀ ਇਹ ਜਿੱਤ ਦੁਨੀਆ ਭਰ ਦੇ ਨੌਜਵਾਨ ਅਤੇ ਬਜ਼ੁਰਗ ਲੇਖਕਾਂ ਲਈ ਪ੍ਰੇਰਣਾ ਦਾ ਸਰੋਤ ਹੈ।
(ਲੇਖਕ ਉੱਘੇ ਬ੍ਰਾਡਕਾਸਟਰ ਤੇ ਮੀਡੀਆ ਵਿਸ਼ਲੇਸ਼ਕ ਹਨ)।