- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਹੜੇ ਬੱਚੇ ਇਸ ਛੋਟੇ ਜਿਹੇ ਘਰ ’ਚ ਖੇਡਦੇ ਸਨ, ਉਹ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ’ਚ ਜਾ ਵੱਸੇ ਪਰ ਹੈਰਾਨੀ ਇਹ ਹੈ ਕਿ ਜ਼ਿੰਦਗੀ ਜਿੰਨੀ ਦੂਰ ਲੈ ਗਈ, ਮਨ ਦਾ ਇਹ ਘਰ ਉੰਨਾ ਹੀ ਨੇੜੇ ਰਹਿੰਦਾ ਗਿਆ। ਸ਼ਾਇਦ ਮਨ ’ਚ ਜਿਹੜਾ ਪਹਿਲਾ ਘਰ ਬਣ ਜਾਂਦਾ ਹੈ, ਉਸ ਦਾ ਪਤਾ ਕਦੇ ਨਹੀਂ ਬਦਲਦਾ। ਸਾਡੇ ਬੱਚੇ ਵਾਮਿਕਾ ਗੱਬੀ ਤੇ ਪੂਰਨ ਗੱਬੀ ਜਦੋਂ ਛੋਟੇ ਹੁੰਦੇ ਸਨ, ਉਹ ਵੀ ਇੱਥੇ ਆਉਂਦੇ ਰਹੇ। ਇਸੇ ਪਿੰਡ ’ਚ ਉਨ੍ਹਾਂ ਨੇ ਆਪਣੇ ਚਾਚੇ ਦਾ ਵਿਆਹ ਵੇਖਿਆ, ਆਪਣੀਆਂ ਭੂਆਂ ਦੇ ਵਿਆਹ ਵੇਖੇ। ਆਂਢ-ਗੁਆਂਢ ਦੇ ਲੋਕਾਂ ਨਾਲ ਮਿਲੇ। ਇਹ ਘਰ ਸਿਰਫ਼ ਮੇਰਾ ਬਚਪਨ ਨਹੀਂ।

ਗੋਵਰਧਨ ਗੱਬੀ
ਅੱਜ ਕੱਲ੍ਹ ਮੈਂ ਆਪਣੇ ਪਿੰਡ ਆਇਆ ਹੋਇਆ ਹਾਂ। ਕਈ ਵਾਰ ਬੰਦਾ ਪਿੰਡ ਵਾਪਸ ਨਹੀਂ ਆਉਂਦਾ ਸਗੋਂ ਪਿੰਡ ਉਸ ਨੂੰ ਆਪਣੇ ਕੋਲ ਸੱਦ ਲੈਂਦਾ ਹੈ। ਇਸ ਵਾਰੀ ਕੁਝ ਇਸੇ ਤਰ੍ਹਾਂ ਹੋਇਆ ਹੈ। ਪਿਛਲੇ ਛੇ-ਸੱਤ ਦਿਨਾਂ ਤੋਂ ਪਰਿਵਾਰ ਸਮੇਤ ਮੈਂ ਇੱਥੇ ਹਾਂ। ਅਜੇ ਦਸ-ਬਾਰਾਂ ਦਿਨ ਹੋਰ ਰਹਿਣਾ ਹੈ। ਸਾਹਮਣੇ ਸਾਡਾ ਪੁਰਾਣਾ ਘਰ ਬਣ ਰਿਹਾ ਹੈ। ਮਿਸਤਰੀ ਕੰਮ ਕਰ ਰਹੇ ਨੇ। ਇੱਟਾਂ ਆ ਰਹੀਆਂ ਨੇ। ਕੰਧਾਂ ਉਸਰ ਰਹੀਆਂ ਨੇ। ਸੀਮਿੰਟ, ਰੇਤਾ, ਬਜਰੀ ਪਈ ਹੈ ਪਰ ਮੇਰੇ ਲਈ ਇਹ ਸਿਰਫ਼ ਇਕ ਘਰ ਦੀ ਦੁਬਾਰਾ ਉਸਾਰੀ ਨਹੀਂ। ਇਹ ਤਾਂ ਜਿਵੇਂ ਆਪਣੀ ਜ਼ਿੰਦਗੀ ਦੇ ਇਕ ਪੁਰਾਣੇ ਅਧਿਆਇ ਨੂੰ ਮੁੜ ਹੱਥ ਲਾ ਕੇ ਦੇਖਣਾ ਹੈ। ਇਹ ਘਰ ਕੋਈ ਵੱਡਾ ਘਰ ਨਹੀਂ। ਮੁਸ਼ਕਲ ਨਾਲ ਪੰਜ ਮਰਲੇ ਜਗ੍ਹਾ ਹੋਵੇਗੀ ਪਰ ਜ਼ਿੰਦਗੀ ਦਾ ਹਿਸਾਬ ਮਰਲਿਆਂ ’ਚ ਕਿੱਥੇ ਹੁੰਦਾ ਹੈ? ਕਈ ਵਾਰ ਪੰਜ ਮਰਲਿਆਂ ’ਚ ਪੂਰੀ ਉਮਰ ਸਮਾ ਜਾਂਦੀ ਹੈ। ਸਾਡਾ ਇਹ ਘਰ ਕੋਈ ਪੰਜਾਹ ਸਾਲ ਪਹਿਲਾਂ ਬਣਿਆ ਸੀ। ਉਦੋਂ ਪੱਕੀਆਂ ਇੱਟਾਂ ਵਰਤੀਆਂ ਜਾਂਦੀਆਂ ਸਨ ਪਰ ਕੰਧਾਂ ਸੀਮਿੰਟ ਨਾਲ ਨਹੀਂ, ਮਿੱਟੀ ਦੇ ਗਾਰੇ ਨਾਲ ਚਿਣੀਆਂ ਜਾਂਦੀਆਂ ਸਨ। ਛੱਤ ਵੀ ਅੱਜ ਵਾਲੀ ਪੂਰੀ ਆਰਸੀਸੀ ਦੀ ਛੱਤ ਨਹੀਂ ਸੀ। ਸੀਮਿੰਟ, ਰੇਤਾ ਤੇ ਬਜਰੀ ਦੇ ਨਾਲ ਵਿਚ-ਵਿਚ ਇੱਟਾਂ ਵੀ ਪਾਈਆਂ ਹੋਈਆਂ ਸਨ। ਪਿਛਲੇ ਕਈ ਸਾਲਾਂ ਤੋਂ ਛੱਤ ’ਚੋਂ ਮਟੀਰੀਅਲ ਝੜਦਾ ਰਹਿੰਦਾ ਸੀ। ਅਸੀਂ ਤਿੰਨ-ਚਾਰ ਸਾਲ ਤੋਂ ਸੋਚ ਰਹੇ ਸਾਂ ਕਿ ਹੁਣ ਇਸ ਨੂੰ ਦੁਬਾਰਾ ਬਣਾਉਣਾ ਚਾਹੀਦਾ ਹੈ। ਆਖ਼ਰ ਬੀੜਾ ਚੁੱਕ ਲਿਆ। ਪੁਰਾਣੀ ਛੱਤ ਤੁੜਵਾਈ। ਫਿਰ ਕੰਧਾਂ ਦੀ ਵਾਰੀ ਆਈ ਤੇ ਜਦੋਂ ਪੰਜਾਹ ਸਾਲ ਪੁਰਾਣੀਆਂ ਕੰਧਾਂ ਡਿੱਗੀਆਂ ਤਾਂ ਇਕ ਅਜੀਬ ਜਿਹੀ ਹੈਰਾਨੀ ਹੋਈ। ਜਿਹੜੀਆਂ ਇੱਟਾਂ ਇੰਨੇ ਸਾਲ ਪਹਿਲਾਂ ਮਿੱਟੀ ਦੇ ਗਾਰੇ ’ਚ ਚਿਣੀਆਂ ਗਈਆਂ ਸਨ, ਉਹ ਅੱਜ ਵੀ ਲਗਪਗ ਉਸੇ ਤਰ੍ਹਾਂ ਮਜ਼ਬੂਤ ਸਨ। ਕਈ ਇੱਟਾਂ ਤਾਂ ਐਦਾਂ ਦੀਆਂ ਵੀ ਮਿਲੀਆਂ ਜਿਵੇਂ ਸਮੇਂ ਨੇ ਉਹਨਾਂ ਨੂੰ ਛੂਹਿਆ ਹੀ ਨਾ ਹੋਵੇ। ਮੈਂ ਇੱਕ-ਦੋ ਇੱਟਾਂ ਹੱਥ ’ਚ ਫੜੀਆਂ ਤੇ ਪਤਾ ਨਹੀਂ ਕਿਉਂ, ਉਹ ਇੱਟਾਂ ਮੈਨੂੰ ਇੱਟਾਂ ਨਹੀਂ ਲੱਗੀਆਂ ਸਗੋਂ ਮੈਨੂੰ ਲੱਗਿਆ ਜਿਵੇਂ ਮੈਂ ਆਪਣੇ ਪਾਪਾ ਦਾ ਹੱਥ ਫੜ ਰਿਹਾ ਹਾਂ। ਆਪਣੇ ਪਾਪਾ ਪੂਰਨ ਚੰਦ ਜੀ ਦਾ ਹੱਥ। ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਵੀ ਇਸ ਘਰ ਦੀਆਂ ਇੱਟਾਂ ’ਚ ਕਿਤੇ ਚਿਣੀ ਹੋਈ ਹੈ। ਇਹ ਉਹੀ ਘਰ ਹੈ, ਜਿੱਥੋਂ ਪਾਪਾ ਜੀ ਫੌਜ ’ਚ ਭਰਤੀ ਹੋਣ ਲਈ ਗਏ ਸਨ। ਇਹ ਉਹੀ ਘਰ ਹੈ, ਜਿੱਥੇ ਉਹ ਹਰ ਸਾਲ ਛੁੱਟੀ ਲੈ ਕੇ ਵਾਪਸ ਆਉਂਦੇ ਸਨ। ਇਹ ਉਹੀ ਘਰ ਹੈ, ਜਿੱਥੇ ਉਨ੍ਹਾਂ ਨਾਲ ਇਕ ਦੁਰਘਟਨਾ ਵਾਪਰੀ ਤੇ ਉਨ੍ਹਾਂ ਨੇ ਆਪਣਾ ਖੱਬਾ ਹੱਥ ਗੁਆ ਲਿਆ। ਜ਼ਿੰਦਗੀ ਨੇ ਇਕ ਹੋਰ ਮੋੜ ਲਿਆ। ਫੌਜ ਦੀ ਨੌਕਰੀ ਤੋਂ ਰੁਖ਼ਸਤ ਹੋਏ। ਕੁਝ ਸਮਾਂ ਚਪੜਾਸੀ ਦੀ ਨੌਕਰੀ ਕੀਤੀ। ਦੁਕਾਨਦਾਰੀ ਕੀਤੀ। ਫਿਰ ਪਿੰਡ-ਪਿੰਡ ਫੇਰੀ ਲਾਉਣ ਲੱਗ ਪਏ। ਚੱਪਲਾਂ ਵੇਚਦੇ ਸਨ। ਸਾਈਕਲ ’ਤੇ ਆਪਣਾ ਸਮਾਨ ਲੱਦ ਕੇ ਨਿਕਲ ਜਾਂਦੇ। ਇਕ ਪਿੰਡ, ਦੂਜਾ ਪਿੰਡ, ਤੀਜਾ ਪਿੰਡ ਤੇ ਹੌਲੀ-ਹੌਲੀ ਲੋਕ ਉਨ੍ਹਾ ਨੂੰ ਪੂਰਨ ਚੰਦ ਦੇ ਨਾਮ ਨਾਲ ਘੱਟ ਤੇ ‘ਫੇਰੀਵਾਲਾ ਭਾਈ’ ਵਜੋਂ ਵੱਧ ਜਾਣਨ ਲੱਗ ਪਏ ਪਰ ਉਸ ਫੇਰੀਵਾਲੇ ਦੇ ਅੰਦਰ ਇਕ ਪਿਉ ਸੀ, ਜਿਹੜਾ ਆਪਣੇ ਬੱਚਿਆਂ ਲਈ ਘਰ ਬਣਾਉਣ ਦੇ ਸੁਪਨੇ ਲੈ ਕੇ ਫਿਰਦਾ ਸੀ। ਇਸ ਮਿਹਨਤ ਦੇ ਨਾਲ ਉਨ੍ਹਾਂ ਦੇ ਮਨ ’ਚ ਇਕ ਹੋਰ ਗੱਲ ਬਹੁਤ ਡੂੰਘੀ ਸੀ, ਸਵੈ-ਮਾਣ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਕਿਸੇ ਹੋਰ ਦੀ ਜ਼ਮੀਨ ’ਚੋਂ ਪਸ਼ੂਆਂ ਲਈ ਪੱਠੇ ਲੈਣ ਜਾਣ ਤੇ ਕਿਸੇ ਦੇ ਮੂੰਹੋਂ ਕੋਈ ਅਜਿਹੀ ਗੱਲ ਸੁਣਨੀ ਪਵੇ ਜੋ ਦਿਲ ਨੂੰ ਲੱਗੇ। ਉਨ੍ਹਾਂ ਨੇ ਸੋਚਿਆ ਕਿ ਜੇ ਜ਼ਿੰਦਗੀ ’ਚ ਕੁਝ ਬਣਾਉਣਾ ਹੈ ਤਾਂ ਆਪਣੀ ਜ਼ਮੀਨ ਹੋਣੀ ਚਾਹੀਦੀ ਹੈ। ਪਹਿਲੀ ਜ਼ਮੀਨ ਖ਼ਰੀਦੀ। ਫਿਰ ਹੌਲੀ-ਹੌਲੀ ਹੋਰ। ਇਕ ਕਿੱਲਾ, ਫਿਰ ਦੂਜਾ, ਫਿਰ ਤੀਜਾ। ਇਸ ਤਰ੍ਹਾਂ ਕਰਕੇ ਪੰਜ ਕਿੱਲੇ ਜ਼ਮੀਨ ਬਣ ਗਈ। ਉਹ ਜ਼ਮੀਨ ਪਹਿਲਾਂ ਬਰਾਨੀ ਸੀ। ਉਸ ’ਚ ਪਾਣੀ ਆਇਆ। ਜ਼ਮੀਨ ਨੇ ਰੰਗ ਬਦਲਿਆ। ਬਾਗ਼ ਲੱਗੇ। ਬਗੀਚੇ ਲੱਗੇ। ਸੰਤਰੇ ਦੇ ਬਾਗ਼। ਅੰਬਾਂ ਦੇ ਬਾਗ਼। ਅਮਰੂਦਾਂ ਦੇ ਬਾਗ਼।ਜਿਹੜਾ ਬੰਦਾ ਕਦੇ ਪਿੰਡ-ਪਿੰਡ ਸਾਈਕਲ ’ਤੇ ਚੱਪਲਾਂ ਵੇਚਣ ਜਾਂਦਾ ਸੀ, ਉਸਨੇ ਹੌਲੀ-ਹੌਲੀ ਆਪਣੀ ਮਿਹਨਤ ਨਾਲ ਉਹ ਧਰਤੀ ਤਿਆਰ ਕੀਤੀ ਜਿਸ ਉੱਤੇ ਉਸ ਦੇ ਬੱਚਿਆਂ ਦੇ ਸੁਪਨਿਆਂ ਨੂੰ ਫਲ ਲੱਗਣ ਲੱਗ ਪਏ। ਇਹ ਉਹੀ ਘਰ ਹੈ ਜਿੱਥੋਂ ਪਾਪਾ ਸਾਨੂੰ ਜਲੰਧਰ ਤੇ ਪਠਾਨਕੋਟ ਫ਼ਿਲਮਾਂ ਦੇਖਣ ਲਈ ਲੈ ਕੇ ਜਾਂਦੇ ਸਨ। ਸਾਡੇ ਲਈ ਫ਼ਿਲਮ ਦੇਖਣੀ ਆਪਣੇ ਆਪ ’ਚ ਇਕ ਘਟਨਾ ਹੁੰਦੀ ਸੀ। ਤਿਆਰ ਹੋਣਾ, ਨਾਲ ਜਾਣਾ, ਫ਼ਿਲਮ ਦੇਖਣੀ ਤੇ ਫਿਰ ਵਾਪਸ ਪਿੰਡ ਆਉਣਾ। ਅੱਜ ਉਨ੍ਹਾਂ ਸਫ਼ਰਾਂ ਨੂੰ ਯਾਦ ਕਰਦਾ ਹਾਂ ਤਾਂ ਲੱਗਦਾ ਹੈ ਕਿ ਉਹ ਫ਼ਿਲਮਾਂ ਪਰਦੇ ਉੱਤੇ ਕੁਝ ਘੰਟਿਆਂ ਦੀਆਂ ਸਨ ਪਰ ਉਨ੍ਹਾਂ ਦੀਆਂ ਯਾਦਾਂ ਅੱਜ ਤੱਕ ਚੱਲ ਰਹੀਆਂ ਨੇ। ਇਹ ਉਹੀ ਘਰ ਹੈ, ਜਿੱਥੇ ਬਾਅਦ ’ਚ ਸਾਡੇ ਜਨਮ ਹੋਏ। ਇਹ ਉਹੀ ਘਰ ਹੈ ਜਿੱਥੇ ਅਸੀਂ ਭੈਣ-ਭਰਾ ਵੱਡੇ ਹੋਏ। ਇਹ ਉਹੀ ਘਰ ਹੈ, ਜਿੱਥੇ ਸਾਡਾ ਪਹਿਲਾ ਟ੍ਰਾਈ-ਸਾਈਕਲ ਵੀ ਆਇਆ। ਇਹ ਉਹੀ ਘਰ ਹੈ, ਜਿੱਥੇ ਸਾਡੀ ਮਾਂ ਨੇ ਸਾਨੂੰ ਪਾਲਿਆ, ਸੰਭਾਲਿਆ, ਵੱਡਾ ਕੀਤਾ। ਮੇਰੀ ਆਪਣੀ ਜ਼ਿੰਦਗੀ ਦੇ ਸੋਲ੍ਹਾਂ-ਸਤਾਰ੍ਹਾਂ ਸਾਲ ਇਸੇ ਪਿੰਡ ਅਤੇ ਇਸੇ ਘਰ ’ਚ ਲਗਾਤਾਰ ਬੀਤੇ। ਫਿਰ ਮੈਂ ਜੰਮੂ ਚਲਾ ਗਿਆ। ਫਿਰ ਪਟਿਆਲਾ। ਫਿਰ ਆਖ਼ਰ ਚੰਡੀਗੜ੍ਹ। ਜ਼ਿੰਦਗੀ ਅੱਗੇ ਤੁਰਦੀ ਗਈ। ਕੁਝ ਚੰਡੀਗੜ੍ਹ ਤੋਂ ਬੰਬੇ ਪਹੁੰਚੇ। ਪਰਿਵਾਰ ਦੇ ਹੋਰ ਰਸਤੇ ਕਨੇਡਾ ਤੱਕ ਚਲੇ ਗਏ। ਅਸੀਂ ਵੱਡੇ ਹੋਏ। ਕਿਸੇ ਨੇ ਇੰਜੀਨੀਅਰਿੰਗ ਕੀਤੀ, ਕਿਸੇ ਨੇ ਡਾਕਟਰੀ, ਕਿਸੇ ਨੇ ਆਪਣਾ ਰਸਤਾ ਚੁਣਿਆ। ਜਿਹੜੇ ਬੱਚੇ ਇਸ ਛੋਟੇ ਜਿਹੇ ਘਰ ’ਚ ਖੇਡਦੇ ਸਨ, ਉਹ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ’ਚ ਜਾ ਵੱਸੇ ਪਰ ਹੈਰਾਨੀ ਇਹ ਹੈ ਕਿ ਜ਼ਿੰਦਗੀ ਜਿੰਨੀ ਦੂਰ ਲੈ ਗਈ, ਮਨ ਦਾ ਇਹ ਘਰ ਉੰਨਾ ਹੀ ਨੇੜੇ ਰਹਿੰਦਾ ਗਿਆ। ਸ਼ਾਇਦ ਮਨ ’ਚ ਜਿਹੜਾ ਪਹਿਲਾ ਘਰ ਬਣ ਜਾਂਦਾ ਹੈ, ਉਸ ਦਾ ਪਤਾ ਕਦੇ ਨਹੀਂ ਬਦਲਦਾ। ਸਾਡੇ ਬੱਚੇ ਵਾਮਿਕਾ ਗੱਬੀ ਤੇ ਪੂਰਨ ਗੱਬੀ ਜਦੋਂ ਛੋਟੇ ਹੁੰਦੇ ਸਨ, ਉਹ ਵੀ ਇੱਥੇ ਆਉਂਦੇ ਰਹੇ। ਇਸੇ ਪਿੰਡ ’ਚ ਉਨ੍ਹਾਂ ਨੇ ਆਪਣੇ ਚਾਚੇ ਦਾ ਵਿਆਹ ਵੇਖਿਆ, ਆਪਣੀਆਂ ਭੂਆਂ ਦੇ ਵਿਆਹ ਵੇਖੇ। ਆਂਢ-ਗੁਆਂਢ ਦੇ ਲੋਕਾਂ ਨਾਲ ਮਿਲੇ। ਇਹ ਘਰ ਸਿਰਫ਼ ਮੇਰਾ ਬਚਪਨ ਨਹੀਂ। ਇਸੇ ਕਰਕੇ ਜਦੋਂ ਪੁਰਾਣਾ ਹਿੱਸਾ ਤੋੜਨ ਦੀ ਗੱਲ ਆਈ ਤਾਂ ਮਨ ’ਚ ਇੱਕ ਗੱਲ ਸਾਫ਼ ਸੀ ਕਿ ਘਰ ਨਵਾਂ ਬਣੇ ਪਰ ਘਰ ਦੀ ਪਛਾਣ ਨਵੀਂ ਨਾ ਹੋਵੇ। ਇਸ ਲਈ ਨਕਸ਼ਾ ਉਹੀ ਰਹੇਗਾ। ਜਿੱਥੇ ਰਸੋਈ ਸੀ, ਉੱਥੇ ਰਸੋਈ ਹੀ ਰਹੇਗੀ। ਜਿੱਥੇ ਕਮਰੇ ਸਨ, ਉੱਥੇ ਕਮਰੇ ਹੀ ਰਹਿਣਗੇ। ਜਿੱਥੇ ਦਰਵਾਜ਼ਾ ਸੀ, ਉੱਥੇ ਦਰਵਾਜ਼ਾ ਹੀ ਹੋਵੇਗਾ। ਇਹ ਮੇਰੇ ਪਿਤਾ ਜੀ ਦੀ ਯਾਦ ਹੈ ਅਤੇ ਸ਼ਾਇਦ ਆਉਣ ਵਾਲੇ ਸਮੇਂ ਲਈ ਇਕ ਛੋਟਾ ਜਿਹਾ ਨਿਸ਼ਾਨ ਵੀ। ਹੋ ਸਕਦਾ ਹੈ ਕਿ ਕਦੇ ਸਾਡੇ ਤੋਂ ਬਾਅਦ ਕੋਈ ਪੁੱਛੇ ਕਿ ਪੂਰਨ ਚੰਦ ਤੇ ਗੋਵਰਧਨ ਗੱਬੀ ਕਿੱਥੇ ਰਹਿੰਦੇ ਸਨ? ਉਨ੍ਹਾਂ ਦਾ ਪਰਿਵਾਰ ਕਿੱਥੋਂ ਤੁਰਿਆ? ਕਿੱਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਇੱਟ ਰੱਖੀ? ਤਾਂ ਸ਼ਾਇਦ ਇਹ ਘਰ ਜਵਾਬ ਦੇ ਸਕੇ। ਸ਼ਾਇਦ ਕੋਈ ਇਸ ਪਿੰਡ ’ਚ ਆ ਕੇ ਇਸ ਘਰ ਦੀਆਂ ਇੱਟਾਂ ਨੂੰ ਵੇਖੇ ਤੇ ਕਹੇ, ‘ਅੱਛਾ ਇੱਥੋਂ ਇੱਕ ਪਰਿਵਾਰ ਦੀ ਕਹਾਣੀ ਸ਼ੁਰੂ ਹੋਈ ਸੀ?’ ਇਹੀ ਸੋਚ ਕੇ ਇਸ ਨੂੰ ਉਸੇ ਰੂਪ ’ਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਘਰ ਸਿਰਫ਼ ਇੱਟਾਂ ਨਾਲ ਨਹੀਂ ਬਣਦਾ। ਘਰ ਉਨ੍ਹਾਂ ਲੋਕਾਂ ਨਾਲ ਬਣਦਾ ਹੈ ਜਿਹੜੇ ਉਸ ’ਚ ਰਹਿੰਦੇ ਨੇ ਤੇ ਕੁਝ ਘਰ ਤਾਂ ਉਨ੍ਹਾਂ ਲੋਕਾਂ ਦੇ ਚਲੇ ਜਾਣ ਤੋਂ ਬਾਅਦ ਵੀ ਬਣੇ ਰਹਿੰਦੇ ਨੇ। ਉਹ ਯਾਦਾਂ ’ਚ ਰਹਿੰਦੇ ਨੇ। ਮੈਂ ਚਾਹੁੰਦਾ ਹਾਂ ਇਹ ਘਰ ਵੀ ਰਹੇ। ਮੇਰੇ ਪਾਪਾ ਦੀ ਯਾਦ ਵਜੋਂ। ਅੱਜ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਲੱਗਦਾ ਹੈ ਕਿ ਪਾਪਾ ਜੀ ਨੇ ਸਿਰਫ਼ ਜ਼ਮੀਨ ਨਹੀਂ ਬਣਾਈ ਸੀ। ਉਨ੍ਹਾਂ ਨੇ ਸਾਡੇ ਲਈ ਇਕ ਰਸਤਾ ਬਣਾਇਆ ਸੀ। ਉਹ ਸਾਰੀ ਉਮਰ ਸਾਡੇ ਅੰਦਰ ਵੱਸੇ ਰਹਿੰਦੇ ਹਨ ਤੇ ਸ਼ਾਇਦ ਕੁਝ ਪਿਉ ਵੀ ਕਦੇ ਘਰ ਤੋਂ ਜਾਂਦੇ ਨਹੀਂ। ਉਹ ਆਪਣੀ ਮਿਹਨਤ ਦੀਆਂ ਇੱਟਾਂ ’ਚ, ਆਪਣੇ ਲਾਏ ਹੋਏ ਬਾਗ਼ਾਂ ’ਚ, ਆਪਣੇ ਬੱਚਿਆਂ ਦੀ ਕਾਮਯਾਬੀ ’ਚ ਅਤੇ ਆਪਣੀ ਮਿੱਟੀ ਦੀ ਖੁਸ਼ਬੂ ਵਿੱਚ ਹਮੇਸ਼ਾ ਵੱਸਦੇ ਰਹਿੰਦੇ ਹਨ। ਉਨ੍ਹਾਂ ਪੰਜ ਕਿੱਲਿਆਂ ਦੀ ਧਰਤੀ ’ਚ। ਉਨ੍ਹਾਂ ਬਾਗ਼ਾਂ ਦੇ ਫਲਾਂ ’ਚ ਤੇ ਸਾਡੇ ਸਾਰਿਆਂ ਦੇ ਅੰਦਰ।
(ਸੰਪਰਕ : 94171-73700)