- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਕਿਸੇ ਦਾ ਪਸ਼ੂ ਖੁੱਲ੍ਹਾ ਘੁੰਮਦਾ ਫੜਿਆ ਜਾਂਦਾ ਤਾਂ ਸਬੰਧਤ ਕਰਮਚਾਰੀਆਂ ਵੱਲੋਂ ਉਸ ਨੂੰ ਫੜ ਕੇ ਪਸ਼ੂ ਹਸਪਤਾਲਾਂ ਅੰਦਰ ਲਿਆਂਦਾ ਜਾਂਦਾ ਅਤੇ ਮਾਲਕ ਨੂੰ ਜੁਰਮਾਨਾ ਅਦਾ ਕਰਨ ਉਪਰੰਤ ਆਪਣਾ ਪਸ਼ੂ ਛੁਡਵਾਉਣਾ ਪੈਂਦਾ ਸੀ। ਸਿਰਫ਼ ਗਊਸ਼ਾਲਾਵਾਂ ਜਾਂ ਪਸ਼ੂ ਆਸਰਾ ਸਥਾਨ ਬਣਾਉਣਾ ਇਸ ਸਮੱਸਿਆ ਦਾ ਪੂਰਾ ਹੱਲ ਨਹੀਂ। ਜੇ ਕੋਈ ਪਸ਼ੂ ਕਿਸੇ ਘਰ, ਡੇਰੇ ਜਾਂ ਪਸ਼ੂ ਪਾਲਕ ਨਾਲ ਸਬੰਧਤ ਹੈ ਤਾਂ ਉਸ ਦੇ ਮਾਲਕ ਦੀ ਜਵਾਬਦੇਹੀ ਵੀ ਤੈਅ ਹੋਣੀ ਚਾਹੀਦੀ ਹੈ।

ਰਾਸ਼ਟਰੀ ਮਾਰਗਾਂ ਤੋਂ ਲੈ ਕੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਆਮ ਸੜਕਾਂ ਤੱਕ ਬੇਸਹਾਰਾ ਪਸ਼ੂ ਹੀ ਨਹੀਂ ਬਲਕਿ ਦੁਧਾਰੂ ਪਸ਼ੂ ਦੀ ਮੌਜੂਦਗੀ ਬਣ ਰਹੀ ਹਾਦਸਿਆਂ ਦਾ ਕਾਰਨ। ਇਨ੍ਹਾਂ ਪਸ਼ੂਆਂ ਦਾ ਘੁੰਮਣਾ ਅੱਜ ਕਿਸੇ ਇਕ ਸ਼ਹਿਰ, ਜ਼ਿਲ੍ਹੇ ਜਾਂ ਸੂਬੇ ਦੀ ਸਮੱਸਿਆ ਨਹੀਂ ਰਹੀ। ਕਈ ਸੂਬਿਆਂ ’ਚ ਇਹ ਸਮੱਸਿਆ ਸੜਕ ਸੁਰੱਖਿਆ ਲਈ ਗੰਭੀਰ ਚੁਣੌਤੀ ਬਣ ਚੁੱਕੀ ਹੈ। ਸੜਕਾਂ ’ਤੇ ਘੁੰਮਦੇ ਪਸ਼ੂ ਅਚਾਨਕ ਵਾਹਨਾਂ ਦੇ ਸਾਹਮਣੇ ਆ ਜਾਣ ਤਾਂ ਹਾਦਸੇ ਦਾ ਖ਼ਤਰਾ ਪਲਾਂ ਵਿੱਚ ਪੈਦਾ ਹੋ ਜਾਂਦਾ ਹੈ। ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਨੋਟਿਸ ਲੈ ਕੇ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਮਾਨਕ ਸੰਚਾਲਨ ਪ੍ਰਕਿਰਿਆ ਤਿਆਰ ਕਰਕੇ ਰਾਸ਼ਟਰੀ ਮਾਰਗਾਂ ਤੋਂ ਬੇਸਹਾਰਾ ਪਸ਼ੂਆਂ ਨੂੰ ਸੁਰੱਖਿਅਤ ਢੰਗ ਨਾਲ ਹਟਾਉਣ ਅਤੇ ਉਨ੍ਹਾਂ ਨੂੰ ਆਸਰਾ ਸਥਾਨਾਂ ਤੱਕ ਪਹੁੰਚਾਉਣ ਸਬੰਧੀ ਜ਼ਿੰਮੇਵਾਰੀਆਂ ਨਿਰਧਾਰਤ ਕਰਨਾ ਸ਼ਲਾਘਾਯੋਗ ਕਦਮ ਹੈ, ਪਰ ਸਵਾਲ ਇਹ ਹੈ ਕਿ ਕੀ ਸਿਰਫ਼ ਸੜਕਾਂ ਤੋਂ ਪਸ਼ੂ ਹਟਾ ਦੇਣ ਨਾਲ ਹੀ ਇਹ ਸਮੱਸਿਆ ਸਦਾ ਲਈ ਹੱਲ ਹੋ ਜਾਵੇਗੀ? ਅਸਲ ਸਮੱਸਿਆ ਦਾ ਇਕ ਹੋਰ ਪੱਖ ਵੀ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਈ ਥਾਵਾਂ ’ਤੇ ਪਸ਼ੂ ਪਾਲਕ ਆਪਣੇ ਦੁਧਾਰੂ ਪਸ਼ੂਆਂ ਨੂੰ ਘਰਾਂ ਦੇ ਵੇਹੜਿਆਂ, ਹਵੇਲੀਆਂ ਜਾਂ ਬਾੜਿਆਂ ’ਚ ਬੰਨ੍ਹ ਕੇ ਰੱਖਣ ਦੀ ਬਜਾਏ ਖੁੱਲ੍ਹਾ ਛੱਡ ਦਿੰਦੇ ਹਨ। ਉਹ ਆਪਣੀ ਆਦਤ ਅਨੁਸਾਰ ਸ਼ਾਮ ਵੇਲੇ ਆਪ ਹੀ ਘਰਾਂ, ਹਵੇਲੀਆਂ ਜਾਂ ਬਾੜਿਆਂ ਵੱਲ ਮੁੜ ਆਉਂਦੇ ਹਨ। ਇਸ ਤੋਂ ਇਲਾਵਾ ਸੜਕਾਂ ’ਤੇ ਪਸ਼ੂਆਂ ਦਾ ਮਲ-ਮੂਤਰ ਪਿਆ ਰਹਿਣ ਨਾਲ ਗੰਦਗੀ ਅਤੇ ਬਦਬੂ ਦੀ ਸਮੱਸਿਆ ਤਾਂ ਪੈਦਾ ਹੁੰਦੀ ਹੀ ਹੈ, ਨਾਲ ਹੀ ਸੜਕ ਦੀ ਸਤ੍ਹਾ ਤਿਲਕਣ ਵਾਲੀ ਹੋਣ ਕਾਰਨ ਦੋਪਹੀਆ ਵਾਹਨ ਚਾਲਕਾਂ ਲਈ ਵੀ ਖ਼ਤਰਾ ਵਧ ਜਾਂਦਾ ਹੈ। ਲਗਭਗ 1965 ਦੇ ਆਸ-ਪਾਸ ਦੇ ਸਮੇਂ ਵੱਲ ਝਾਤ ਮਾਰੀਏ ਤਾਂ ਬਜ਼ੁਰਗ ਅਕਸਰ ਦੱਸਦੇ ਹਨ ਕਿ ਉਸ ਸਮੇਂ ਸੜਕਾਂ ’ਤੇ ਖੁੱਲ੍ਹੇ ਘੁੰਮਦੇ ਪਸ਼ੂਆਂ ਸਬੰਧੀ ਜਵਾਬਦੇਹੀ ਤੈਅ ਕਰਨ ਦੀ ਵਿਵਸਥਾ ਹੁੰਦੀ ਸੀ। ਜੇ ਕਿਸੇ ਦਾ ਪਸ਼ੂ ਖੁੱਲ੍ਹਾ ਘੁੰਮਦਾ ਫੜਿਆ ਜਾਂਦਾ ਤਾਂ ਸਬੰਧਤ ਕਰਮਚਾਰੀਆਂ ਵੱਲੋਂ ਉਸ ਨੂੰ ਫੜ ਕੇ ਪਸ਼ੂ ਹਸਪਤਾਲਾਂ ਅੰਦਰ ਲਿਆਂਦਾ ਜਾਂਦਾ ਅਤੇ ਮਾਲਕ ਨੂੰ ਜੁਰਮਾਨਾ ਅਦਾ ਕਰਨ ਉਪਰੰਤ ਆਪਣਾ ਪਸ਼ੂ ਛੁਡਵਾਉਣਾ ਪੈਂਦਾ ਸੀ। ਸਿਰਫ਼ ਗਊਸ਼ਾਲਾਵਾਂ ਜਾਂ ਪਸ਼ੂ ਆਸਰਾ ਸਥਾਨ ਬਣਾਉਣਾ ਇਸ ਸਮੱਸਿਆ ਦਾ ਪੂਰਾ ਹੱਲ ਨਹੀਂ। ਜੇ ਕੋਈ ਪਸ਼ੂ ਕਿਸੇ ਘਰ, ਡੇਰੇ ਜਾਂ ਪਸ਼ੂ ਪਾਲਕ ਨਾਲ ਸਬੰਧਤ ਹੈ ਤਾਂ ਉਸ ਦੇ ਮਾਲਕ ਦੀ ਜਵਾਬਦੇਹੀ ਵੀ ਤੈਅ ਹੋਣੀ ਚਾਹੀਦੀ ਹੈ। ਇੱਥੇ ਇਹ ਵੀ ਸਮਝਣ ਦੀ ਲੋੜ ਹੈ ਕਿ ਹਰ ਸੜਕ ’ਤੇ ਮਿਲਣ ਵਾਲਾ ਪਸ਼ੂ ਲਾਜ਼ਮੀ ਤੌਰ ’ਤੇ ‘ਬੇਸਹਾਰਾ’ ਨਹੀਂ ਹੁੰਦਾ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸੜਕਾਂ ਤੋਂ ਪਸ਼ੂਆਂ ਨੂੰ ਹਟਾਉਣ ਅਤੇ ਉਨ੍ਹਾਂ ਨੂੰ ਉਚਿਤ ਆਸਰਾ ਸਥਾਨਾਂ ’ਚ ਪਹੁੰਚਾਉਣ ਦੀ ਵਿਵਸਥਾ ਦੇ ਨਾਲ ਜੇ ਰਾਜ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨ, ਸੜਕ ਅਥਾਰਟੀਆਂ ਅਤੇ ਪਸ਼ੂ ਪਾਲਕ ਆਪਣੀ-ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਤਾਂ ਰਾਸ਼ਟਰੀ ਮਾਰਗਾਂ ਦੇ ਨਾਲ-ਨਾਲ ਸ਼ਹਿਰਾਂ ਅਤੇ ਪਿੰਡਾਂ ਦੀਆਂ ਮੁੱਖ ਸੜਕਾਂ ’ਤੇ ਵੀ ਹਾਦਸਿਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਸਮਾਂ ਆ ਗਿਆ ਹੈ ਕਿ ਸੜਕ ’ਤੇ ਘੁੰਮਦੇ ਦੁਧਾਰੂ ਪਸ਼ੂਆਂ ਜਾਂ ਬੇਸਹਾਰਾ ਪਸ਼ੂਆਂ ਨੂੰ ਸਿਰਫ਼ ‘ਬੇਸਹਾਰਾ’ ਕਹਿ ਕੇ ਮਾਮਲਾ ਖ਼ਤਮ ਨਾ ਕਰ ਦਿੱਤਾ ਜਾਵੇ। ਸੜਕ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰ ਦੀ ਨਹੀਂ, ਪਸ਼ੂ ਪਾਲਕ ਦੀ ਵੀ ਹੈ ਅਤੇ ਪਸ਼ੂਆਂ ਦੀ ਸੁਰੱਖਿਆ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
-ਰਾਜਿੰਦਰ ਸਿੰਘ ਰਾਜਨ ਪਠਾਨਕੋਟ, ਸੰਪਰਕ : 9417427656