ਸਟ੍ਰੋਕ 'ਚ ਹਰ ਮਿੰਟ ਕੀਮਤੀ, ਯਾਦ ਰੱਖੋ 'BE FAST' ਫਾਰਮੂਲਾ ! ਇਨ੍ਹਾਂ ਲੱਛਣਾਂ ਨੂੰ ਪਛਾਣਨ 'ਚ ਨਾ ਕਰਿਓ ਦੇਰ
Stroke Symptoms : ਸਰੀਰ 'ਚ ਹੋਣ ਵਾਲੇ ਇਹ ਬਦਲਾਅ ਕੁਝ ਮਿੰਟਾਂ ਤੱਕ ਹੀ ਰਹਿੰਦੇ ਹਨ। ਲੋਕ ਅਕਸਰ ਇਨ੍ਹਾਂ ਨੂੰ ਥਕਾਵਟ, ਵਧਦੀ ਉਮਰ ਜਾਂ ਚੱਕਰ ਆਉਣ ਵਰਗੀ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਅਜਿਹੇ 'ਚ ਜ਼ਰੂਰੀ ਹੈ ਕਿ ਸਟ੍ਰੋਕ ਦੇ ਲੱਛਣਾਂ ਤੋਂ ਲੈ ਕੇ ਇਸ ਦੀ ਪਛਾਣ ਤੱਕ ਹਰ ਗੱਲ ਦੀ ਸਹੀ ਜਾਣਕਾਰੀ ਹੋਵੇ।
Publish Date: Fri, 13 Nov 2026 03:53 PM (IST)
Updated Date: Fri, 13 Nov 2026 04:45 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸਟ੍ਰੋਕ ਹਮੇਸ਼ਾ ਕਿਸੇ ਵਿਅਕਤੀ ਦੇ ਅਚਾਨਕ ਡਿੱਗਣ ਜਾਂ ਬੇਹੋਸ਼ ਹੋਣ ਨਾਲ ਹੀ ਨਹੀਂ ਆਉਂਦਾ। ਕਈ ਵਾਰ ਬੋਲਣ 'ਚ ਮੁਸ਼ਕਲ ਆਉਣਾ, ਸਰੀਰ ਦਾ ਸੰਤੁਲਨ ਵਿਗੜਨਾ, ਧੁੰਦਲਾ ਦਿਖਾਈ ਦੇਣਾ ਜਾਂ ਇਕ ਬਾਂਹ 'ਚ ਕਮਜ਼ੋਰੀ ਮਹਿਸੂਸ ਹੋਣਾ ਵੀ ਇਸ ਦੇ ਸੰਕੇਤ ਹੋ ਸਕਦੇ ਹਨ।
ਸਰੀਰ 'ਚ ਹੋਣ ਵਾਲੇ ਇਹ ਬਦਲਾਅ ਕੁਝ ਮਿੰਟਾਂ ਤੱਕ ਹੀ ਰਹਿੰਦੇ ਹਨ। ਲੋਕ ਅਕਸਰ ਇਨ੍ਹਾਂ ਨੂੰ ਥਕਾਵਟ, ਵਧਦੀ ਉਮਰ ਜਾਂ ਚੱਕਰ ਆਉਣ ਵਰਗੀ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਅਜਿਹੇ 'ਚ ਜ਼ਰੂਰੀ ਹੈ ਕਿ ਸਟ੍ਰੋਕ ਦੇ ਲੱਛਣਾਂ ਤੋਂ ਲੈ ਕੇ ਇਸ ਦੀ ਪਛਾਣ ਤੱਕ ਹਰ ਗੱਲ ਦੀ ਸਹੀ ਜਾਣਕਾਰੀ ਹੋਵੇ।
ਸਟ੍ਰੋਕ ਕੀ ਹੈ?
ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਦਿਮਾਗ ਤੱਕ ਜਾਣ ਵਾਲਾ ਖੂਨ ਦਾ ਵਹਾਅ ਰੁਕ ਜਾਂਦਾ ਹੈ ਜਾਂ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ਫਟ ਜਾਂਦੀਆਂ ਹਨ, ਜਿਸ ਕਾਰਨ ਦਿਮਾਗ 'ਚ ਖੂਨ ਵਹਿਣ ਲੱਗਦਾ ਹੈ। ਇਸ ਸਥਿਤੀ 'ਚ ਸਮੇਂ ਸਿਰ ਇਲਾਜ ਨਾ ਮਿਲਣ 'ਤੇ ਦਿਮਾਗ ਦੇ ਸੈੱਲਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਨਾ ਸੰਭਵ ਨਹੀਂ ਹੁੰਦਾ।
ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼
ਅਜਿਹੀ ਸਥਿਤੀ 'ਚ ਪਰਿਵਾਰਕ ਮੈਂਬਰ ਜੇ ਇਨ੍ਹਾਂ ਲੱਛਣਾਂ ਦੀ ਪਛਾਣ ਕਰਕੇ ਸਮੇਂ ਸਿਰ ਕਦਮ ਚੁੱਕਣ ਤਾਂ ਮਰੀਜ਼ ਦੀ ਜਾਨ ਬਚਾਉਣ ਅਤੇ ਨੁਕਸਾਨ ਘਟਾਉਣ 'ਚ ਮਦਦ ਮਿਲ ਸਕਦੀ ਹੈ।
ਅਚਾਨਕ ਬੋਲਣ ਜਾਂ ਸਮਝਣ 'ਚ ਮੁਸ਼ਕਲ
ਵਿਅਕਤੀ ਦਾ ਬੋਲਦੇ ਸਮੇਂ ਲੜਖੜਾਉਣਾ, ਵਾਕ ਪੂਰਾ ਨਾ ਕਰ ਸਕਣਾ ਜਾਂ ਸੌਖੀ ਜਿਹੀ ਗੱਲ ਵੀ ਨਾ ਸਮਝ ਸਕਣਾ ਸਟ੍ਰੋਕ ਵੱਲ ਇਸ਼ਾਰਾ ਕਰਨ ਵਾਲੇ ਲੱਛਣ ਹਨ।
ਸਰੀਰ ਦੇ ਇਕ ਹਿੱਸੇ 'ਚ ਕਮਜ਼ੋਰੀ ਜਾਂ ਸੁੰਨਪਨ
ਅਚਾਨਕ ਚਿਹਰੇ, ਬਾਂਹ ਜਾਂ ਲੱਤਾਂ 'ਚ ਕਮਜ਼ੋਰੀ ਮਹਿਸੂਸ ਹੋਣਾ ਵੀ ਸਟ੍ਰੋਕ ਦਾ ਸੰਕੇਤ ਹੋ ਸਕਦਾ ਹੈ। ਵਿਅਕਤੀ ਨੂੰ ਕੱਪ ਫੜਨ 'ਚ ਮੁਸ਼ਕਲ ਹੋ ਸਕਦੀ ਹੈ, ਮੁਸਕਰਾਉਣ 'ਤੇ ਚਿਹਰਾ ਇਕ ਪਾਸੇ ਟੇਢਾ ਹੋ ਸਕਦਾ ਹੈ ਜਾਂ ਇਕ ਬਾਂਹ 'ਚ ਭਾਰਾਪਣ ਮਹਿਸੂਸ ਹੋ ਸਕਦਾ ਹੈ।
ਅਚਾਨਕ ਸਰੀਰ ਦਾ ਸੰਤੁਲਨ ਵਿਗੜਨਾ
ਅਚਾਨਕ ਚੱਕਰ ਆਉਣਾ, ਤੁਰਨ 'ਚ ਮੁਸ਼ਕਲ ਹੋਣਾ ਅਤੇ ਸਰੀਰ ਦਾ ਸੰਤੁਲਨ ਠੀਕ ਨਾ ਰਹਿਣਾ ਸਟ੍ਰੋਕ ਦੇ ਨਿਊਰੋਲੋਜੀਕਲ ਲੱਛਣ ਹਨ।
ਨਜ਼ਰ ਕਮਜ਼ੋਰ ਹੋਣਾ
ਧੁੰਦਲਾ ਦਿਖਾਈ ਦੇਣਾ, ਦੋਹਰਾ ਦਿਖਾਈ ਦੇਣਾ ਜਾਂ ਨਜ਼ਰ ਚਲੀ ਜਾਣ ਵਰਗੇ ਲੱਛਣਾਂ ਨੂੰ ਸਿਰਫ਼ ਅੱਖਾਂ ਦੀ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਨਾ ਕਰੋ। ਅਜਿਹਾ ਉਦੋਂ ਵੀ ਨਾ ਕਰੋ ਜਦੋਂ ਇਹ ਸਮੱਸਿਆ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋ ਜਾਵੇ।
ਅਚਾਨਕ ਉਲਝਣ ਦੀ ਸਥਿਤੀ
ਸਟ੍ਰੋਕ ਹੋਣ ਦੀ ਸਥਿਤੀ 'ਚ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਦੇ ਮਾਹੌਲ ਨੂੰ ਪਛਾਣਨ, ਗੱਲਬਾਤ ਸਮਝਣ ਜਾਂ ਸਾਹਮਣੇ ਵਾਲੇ ਦੀ ਗੱਲ ਦਾ ਸਹੀ ਅਰਥ ਸਮਝਣ 'ਚ ਮੁਸ਼ਕਲ ਆ ਸਕਦੀ ਹੈ।
ਅਚਾਨਕ ਤੇਜ਼ ਸਿਰ ਦਰਦ
ਬਹੁਤ ਤੇਜ਼ ਅਤੇ ਅਜੀਬ ਤਰ੍ਹਾਂ ਦਾ ਸਿਰ ਦਰਦ, ਜਿਸ ਦੇ ਨਾਲ ਉਲਟੀ, ਕਮਜ਼ੋਰੀ ਜਾਂ ਬੇਹੋਸ਼ੀ ਵਰਗਾ ਮਹਿਸੂਸ ਹੋਵੇ, ਦਿਮਾਗ 'ਚ ਖੂਨ ਵਹਿਣ ਦਾ ਸੰਕੇਤ ਹੋ ਸਕਦਾ ਹੈ। ਇਸ ਵੱਲ ਤੁਰੰਤ ਧਿਆਨ ਦੇਣਾ ਜ਼ਰੂਰੀ ਹੈ।
ਸਟ੍ਰੋਕ ਦੀ ਪਛਾਣ ਲਈ 'BE FAST' ਤਰੀਕਾ ਰੱਖੋ ਯਾਦ
ਸਟ੍ਰੋਕ ਦੇ ਲੱਛਣਾਂ ਦੀ ਪਛਾਣ ਕਰਨ ਦਾ ਸਭ ਤੋਂ ਸੌਖਾ ਤਰੀਕਾ 'BE FAST' ਫਾਰਮੂਲੇ ਨੂੰ ਯਾਦ ਰੱਖਣਾ ਹੈ। ਆਓ ਜਾਣਦੇ ਹਾਂ ਇਸ ਦਾ ਕੀ ਮਤਲਬ ਹੈ:
- B – Balance (ਸੰਤੁਲਨ): ਅਚਾਨਕ ਤੁਰਨ 'ਚ ਮੁਸ਼ਕਲ ਆਉਣਾ ਜਾਂ ਸਰੀਰ ਦਾ ਸੰਤੁਲਨ ਗੁਆ ਬੈਠਣਾ।
- E – Eyes (ਅੱਖਾਂ): ਧੁੰਦਲਾ ਦਿਖਾਈ ਦੇਣਾ, ਦੋਹਰਾ ਦਿਖਾਈ ਦੇਣਾ ਜਾਂ ਅੱਖਾਂ ਦੀ ਰੌਸ਼ਨੀ ਚਲੀ ਜਾਣਾ।
- F – Face (ਚਿਹਰਾ): ਚਿਹਰੇ ਦਾ ਇਕ ਪਾਸਾ ਟੇਢਾ ਹੋ ਜਾਣਾ।
- A – Arms (ਬਾਂਹਾਂ): ਇਕ ਬਾਂਹ 'ਚ ਕਮਜ਼ੋਰੀ ਜਾਂ ਸੁੰਨਪਨ ਮਹਿਸੂਸ ਹੋਣਾ।
- S – Speech (ਬੋਲਣਾ): ਬੋਲਣ 'ਚ ਲੜਖੜਾਹਟ ਅਤੇ ਗੱਲਬਾਤ ਸਮਝਣ 'ਚ ਮੁਸ਼ਕਲ ਹੋਣਾ।
- T – Time (ਸਮਾਂ): ਲੱਛਣ ਦਿਖਾਈ ਦਿੰਦੇ ਹੀ ਤੁਰੰਤ ਮੈਡੀਕਲ ਐਮਰਜੈਂਸੀ ਸਹਾਇਤਾ ਲੈਣਾ।
ਪਰਿਵਾਰਕ ਮੈਂਬਰਾਂ ਨੂੰ ਇਹ ਲੱਛਣ ਦਿਖਾਈ ਦੇਣ 'ਤੇ ਬਿਲਕੁਲ ਵੀ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਅਜਿਹੀ ਸਥਿਤੀ 'ਚ ਤੁਰੰਤ ਕਾਰਵਾਈ ਕਰਨ ਦੀ ਲੋੜ ਹੁੰਦੀ ਹੈ।
ਗੋਲਡਨ ਆਵਰ ਕਿਉਂ ਹੈ ਮਹੱਤਵਪੂਰਨ?
ਸਟ੍ਰੋਕ ਦੇ ਇਲਾਜ 'ਚ ਸਮੇਂ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ। ਖੂਨ ਦਾ ਥੱਕਾ ਜੰਮਣ ਕਾਰਨ ਹੋਣ ਵਾਲੇ ਇਸਕੀਮਿਕ ਸਟ੍ਰੋਕ 'ਚ ਉਸ ਥੱਕੇ ਨੂੰ ਘੋਲਣ ਲਈ ਮਰੀਜ਼ ਨੂੰ 4.5 ਘੰਟਿਆਂ ਦੇ ਅੰਦਰ ਇਕ ਦਵਾਈ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ, ਮਕੈਨੀਕਲ ਥ੍ਰੋਮਬੈਕਟੋਮੀ ਨਾਂ ਦੀ ਪ੍ਰਕਿਰਿਆ ਰਾਹੀਂ ਖੂਨ ਦੀ ਨਾੜੀ 'ਚ ਫਸੇ ਥੱਕੇ ਨੂੰ ਬਾਹਰ ਕੱਢਿਆ ਜਾਂਦਾ ਹੈ। ਇਹ ਪ੍ਰਕਿਰਿਆ ਆਮ ਤੌਰ 'ਤੇ 6 ਘੰਟਿਆਂ ਦੇ ਅੰਦਰ ਅਤੇ ਕਈ ਮਾਮਲਿਆਂ 'ਚ ਮਰੀਜ਼ ਦੀ ਸਥਿਤੀ ਦੇ ਮੁਲਾਂਕਣ ਤੋਂ ਬਾਅਦ ਇਸ ਤੋਂ ਵੱਧ ਸਮੇਂ 'ਚ ਵੀ ਕੀਤੀ ਜਾ ਸਕਦੀ ਹੈ।
ਇਸ ਸਮਾਂ-ਸੀਮਾ ਨੂੰ ਟ੍ਰੀਟਮੈਂਟ ਵਿੰਡੋ ਕਿਹਾ ਜਾਂਦਾ ਹੈ, ਜੋ ਸਟ੍ਰੋਕ ਦੇ ਮਰੀਜ਼ ਲਈ ਬੇਹੱਦ ਸੰਵੇਦਨਸ਼ੀਲ ਸਮਾਂ ਹੁੰਦਾ ਹੈ। ਇਸ ਲਈ ਪਰਿਵਾਰਕ ਮੈਂਬਰਾਂ ਨੂੰ ਲੱਛਣ ਦਿਖਾਈ ਦਿੰਦੇ ਹੀ ਤੁਰੰਤ ਕਦਮ ਚੁੱਕਣਾ ਚਾਹੀਦਾ ਹੈ।
ਕਈ ਵਾਰ ਲੱਛਣ ਗਾਇਬ ਹੋ ਜਾਂਦੇ ਹਨ, ਪਰ ਖ਼ਤਰਾ ਬਣਿਆ ਰਹਿੰਦਾ
ਇਹ ਸਮਝਣਾ ਵੀ ਜ਼ਰੂਰੀ ਹੈ ਕਿ ਹੁਣ ਤੱਕ ਦੱਸੇ ਗਏ ਕਈ ਲੱਛਣ ਕੁਝ ਹੀ ਮਿੰਟਾਂ ਤੱਕ ਦਿਖਾਈ ਦਿੰਦੇ ਹਨ। ਇਸ ਕਾਰਨ ਪਰਿਵਾਰਕ ਮੈਂਬਰ ਸਮਝਦੇ ਹਨ ਕਿ ਇਹ ਕੋਈ ਆਮ ਸਮੱਸਿਆ ਹੈ, ਜਦਕਿ ਅਸਲ 'ਚ ਸਥਿਤੀ ਕਿਤੇ ਜ਼ਿਆਦਾ ਗੰਭੀਰ ਹੋ ਸਕਦੀ ਹੈ।
ਅਜਿਹੇ ਦੌਰੇ 'ਟ੍ਰਾਂਜ਼ੀਐਂਟ ਇਸਕੀਮਿਕ ਅਟੈਕ' (TIA) ਦਾ ਸੰਕੇਤ ਹੋ ਸਕਦੇ ਹਨ, ਜਿਸ ਨੂੰ ਮਿੰਨੀ ਸਟ੍ਰੋਕ ਵੀ ਕਿਹਾ ਜਾਂਦਾ ਹੈ। ਇਸ 'ਚ ਲੱਛਣ ਦਿਖਾਈ ਦੇਣ ਤੋਂ ਬਾਅਦ ਗਾਇਬ ਹੋ ਜਾਂਦੇ ਹਨ, ਪਰ ਇਹ ਸਰੀਰ ਵੱਲੋਂ ਦਿੱਤਾ ਗਿਆ ਇਕ ਵੱਡਾ ਚਿਤਾਵਨੀ ਸੰਕੇਤ ਹੁੰਦਾ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੁੰਦੀ ਹੈ।
ਹਾਈ ਬੀਪੀ, ਡਾਇਬਟੀਜ਼, ਹਾਈ ਕੋਲੈਸਟ੍ਰੋਲ, ਦਿਲ ਦੀ ਬਿਮਾਰੀ ਜਾਂ ਸਿਗਰਟਨੋਸ਼ੀ ਦੀ ਪੁਰਾਣੀ ਆਦਤ ਵਾਲੇ ਲੋਕਾਂ ਨੂੰ ਸਟ੍ਰੋਕ ਦਾ ਸਭ ਤੋਂ ਵੱਧ ਖ਼ਤਰਾ ਰਹਿੰਦਾ ਹੈ। ਇਹ ਗੱਲ ਵੀ ਜਾਣ ਲਓ ਕਿ ਸਟ੍ਰੋਕ ਘੱਟ ਉਮਰ ਦੇ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਲੋਕਾਂ ਨੂੰ ਵੀ ਸਟ੍ਰੋਕ ਹੋ ਸਕਦਾ ਹੈ, ਜਿਨ੍ਹਾਂ 'ਚ ਇਹ ਜੋਖ਼ਮ ਵਾਲੇ ਕਾਰਕ ਮੌਜੂਦ ਨਹੀਂ ਹਨ।
(ਡਾ. ਦੀਪਕ ਚੰਦਰ ਪ੍ਰਕਾਸ਼, ਭਗਵਾਨ ਮਹਾਵੀਰ ਮਣੀਪਾਲ ਹਸਪਤਾਲ, ਰਾਂਚੀ 'ਚ ਨਿਊਰੋਲੋਜੀ ਕੰਸਲਟੈਂਟ ਹਨ।)