ਟਲਿਆ ਵੱਡਾ ਹਾਦਸਾ : ਸਕੂਲੀ ਬੱਸ ਨੂੰ ਲੱਗੀ ਭਿਆਨਕ ਅੱਗ, 25 ਬੱਚੇ ਸਨ ਸਵਾਰ; ਇੱਕ ਮਾਸੂਮ ਦਾ ਝੁਲਸਿਆ ਹੱਥ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਇੱਕ ਬੱਸ ’ਚ ਸ਼ਨੀਵਾਰ ਸਵੇਰੇ ਅੱਗ ਲੱਗ ਗਈ। ਇਹ ਘਟਨਾ ਇਟੌਂਜਾ ਦੇ ਬਗਹਾ ਦੇ ਪੁਰਵਾ ਪਿੰਡ ਨੇੜੇ ਵਾਪਰੀ, ਜਦੋਂ ਚੱਲਦੀ ਬੱਸ ’ਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਬੱਸ ’ਚ 25 ਬੱਚੇ ਸਵਾਰ ਸਨ ਅਤੇ ਕੁਝ ਹੀ ਸਮੇਂ ’ਚ ਬੱਚਿਆਂ ’ਚ ਚੀਖ-ਪੁਕਾਰ ਮਚ ਗਈ। ਬੱਚਿਆਂ ਨੇ ਡਰਾਈਵਰ ਨੂੰ ਕਿਹਾ, “ਅੰਕਲ, ਬੱਸ ਨੂੰ ਅੱਗ ਲੱਗ ਗਈ ਹੈ, ਤੁਰੰਤ ਬੱਸ ਰੋਕੋ।”
Publish Date: Sun, 20 Sep 2026 10:11 AM (IST)
Updated Date: Sun, 20 Sep 2026 10:12 AM (IST)
ਜਾਗਰਣ ਟੀਮ, ਲਖਨਊ - ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਇੱਕ ਬੱਸ ’ਚ ਸ਼ਨੀਵਾਰ ਸਵੇਰੇ ਅੱਗ ਲੱਗ ਗਈ। ਇਹ ਘਟਨਾ ਇਟੌਂਜਾ ਦੇ ਬਗਹਾ ਦੇ ਪੁਰਵਾ ਪਿੰਡ ਨੇੜੇ ਵਾਪਰੀ, ਜਦੋਂ ਚੱਲਦੀ ਬੱਸ ’ਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਬੱਸ ’ਚ 25 ਬੱਚੇ ਸਵਾਰ ਸਨ ਅਤੇ ਕੁਝ ਹੀ ਸਮੇਂ ’ਚ ਬੱਚਿਆਂ ’ਚ ਚੀਖ-ਪੁਕਾਰ ਮਚ ਗਈ। ਬੱਚਿਆਂ ਨੇ ਡਰਾਈਵਰ ਨੂੰ ਕਿਹਾ, “ਅੰਕਲ, ਬੱਸ ਨੂੰ ਅੱਗ ਲੱਗ ਗਈ ਹੈ, ਤੁਰੰਤ ਬੱਸ ਰੋਕੋ।” ਖੁਸ਼ਕਿਸਮਤੀ ਨਾਲ ਡਰਾਈਵਰ ਨੇ ਸਮੇਂ ਸਿਰ ਬੱਸ ਰੋਕ ਦਿੱਤੀ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਸਾਰੇ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ। ਹਾਦਸੇ ’ਚ 5 ਸਾਲਾ ਨਰਸਰੀ ਵਿਦਿਆਰਥੀ ਵੇਦਾਂਤ ਸ਼ੁਕਲਾ ਦਾ ਹੱਥ ਝੁਲਸ ਗਿਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ CHC ਇਟੌਂਜਾ ’ਚ ਦਾਖ਼ਲ ਕਰਵਾਇਆ।
ਬੱਸ ’ਚ ਅੱਗ ਲੱਗਣ ਦਾ ਕਾਰਨ ਤਾਰਾਂ ’ਚ ਸ਼ਾਰਟ ਸਰਕਿਟ ਹੋਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਬੱਸ ਦੇ ਅੰਦਰ ਧੂੰਆਂ ਭਰਨ ਲੱਗ ਪਿਆ ਸੀ। ARTO ਆਲੋਕ ਯਾਦਵ ਨੇ ਸ਼ਾਰਪ ਗਲੋਬਲ ਸਕੂਲ ਦੇ ਪ੍ਰਬੰਧਕ ਅਤੇ ਪ੍ਰਿੰਸੀਪਲ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਸਕੂਲ ਦੀ ਮਾਨਤਾ ਰੱਦ ਕਰਨ ਲਈ ਜ਼ਿਲ੍ਹਾ ਸਕੂਲ ਇੰਸਪੈਕਟਰ ਨੂੰ ਪੱਤਰ ਲਿਖਿਆ ਗਿਆ ਹੈ।
ARTO ਮੁਤਾਬਕ, ਬੱਸ ਦੀ ਰਜਿਸਟ੍ਰੇਸ਼ਨ ਅਲੀਗੜ੍ਹ ਦੀ ਹੈ, ਜਦਕਿ ਇਸਨੂੰ ਗਲਤ ਤਰੀਕੇ ਨਾਲ ਲਖਨਊ ’ਚ ਚਲਾਇਆ ਜਾ ਰਿਹਾ ਸੀ। ਬੱਸ ਦਾ ਫਿਟਨੈੱਸ ਸਰਟੀਫਿਕੇਟ ਵੀ ਨਹੀਂ ਸੀ। ਇਸ ਦੀ NOC ਏਟਾ ਤੋਂ ਲਈ ਗਈ ਹੈ। ਸ਼ਾਰਪ ਗਲੋਬਲ ਸਕੂਲ ਕੋਲ ਕੁੱਲ 17 ਬੱਸਾਂ ਹਨ। ਘਟਨਾ ਤੋਂ ਬਾਅਦ ਕੀਤੀ ਗਈ ਜਾਂਚ ’ਚ 13 ਬੱਸਾਂ ਅਨਫਿਟ ਪਾਈਆਂ ਗਈਆਂ ਹਨ।
ਬੱਚਿਆਂ ’ਚ ਮਚੀ ਚੀਖ-ਪੁਕਾਰ ਹਾਦਸੇ ਤੋਂ ਬਾਅਦ ਬੱਸ ਨੂੰ ਸਕੂਲ ਦੇ ਕੈਂਪਸ ’ਚ ਖੜ੍ਹਾ ਕਰਵਾ ਦਿੱਤਾ ਗਿਆ ਹੈ। ਇਸਨੂੰ ਸੀਜ਼ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਡਰਾਈਵਰ ਸੁਰੇਸ਼ ਕੁਮਾਰ ਜਮਖਨਵਾ ਪਿੰਡ ਤੋਂ 25 ਬੱਚਿਆਂ ਨੂੰ ਲੈ ਕੇ ਸਵੇਰੇ ਸਕੂਲ ਜਾ ਰਿਹਾ ਸੀ। ਬਗਹਾ ਦੇ ਪੁਰਵਾ ਨੇੜੇ ਅਚਾਨਕ ਬੱਸ ’ਚੋਂ ਧੂੰਆਂ ਨਿਕਲਣ ਲੱਗਾ। ਬੱਚਿਆਂ ਨੇ ਅੱਗ ਦੇਖ ਕੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ। ਡਰਾਈਵਰ ਨੇ ਤੁਰੰਤ ਬੱਸ ਰੋਕ ਦਿੱਤੀ। ਇਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਡਰਾਈਵਰ ਨੇ ਇੱਕ-ਇੱਕ ਕਰਕੇ ਸਾਰੇ ਬੱਚਿਆਂ ਨੂੰ ਬੱਸ ’ਚੋਂ ਬਾਹਰ ਕੱਢਿਆ।
ਨਰਸਰੀ ਦੇ ਵਿਦਿਆਰਥੀ ਸ਼ਿਵਾਂਸ਼ ਨੇ ਦੱਸਿਆ ਕਿ ਬੱਸ ’ਚ ਧੂੰਆਂ ਦੇਖ ਕੇ ਉਹ ਡਰ ਗਿਆ ਸੀ। ਅਵਿਆਂਸ਼ ਅਵਸਥੀ ਦੇ ਮੁਤਾਬਕ, ਅੱਗ ਲੱਗਦੇ ਹੀ ਸਾਰੇ ਬੱਚੇ ਜ਼ੋਰ-ਜ਼ੋਰ ਨਾਲ ਚੀਕਣ ਲੱਗ ਪਏ। ਪਹਿਲੀ ਜਮਾਤ ਦੀ ਅਰਚਿਤਾ ਅੱਗ ਦੇਖ ਕੇ ਰੋਣ ਲੱਗ ਪਈ। ਉਸ ਦੇ ਨਾਲ ਬੈਠੇ ਵੱਡੇ ਭਰਾ ਪੀਯੂਸ਼ ਨੇ ਉਸਨੂੰ ਬੱਸ ’ਚੋਂ ਬਾਹਰ ਕੱਢਿਆ।
ਵਿਦਿਆਰਥੀ ਦਕਸ਼ ਦੇ ਤਾਊ ਰਵਿੰਦਰ ਕੁਮਾਰ ਨੂੰ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ, ਉਹ ਮੌਕੇ ’ਤੇ ਪਹੁੰਚੇ ਅਤੇ ਦਕਸ਼ ਨੂੰ ਆਪਣੇ ਨਾਲ ਘਰ ਲੈ ਗਏ। ਇਟੌਂਜਾ ਥਾਣੇ ਦੇ ਇੰਚਾਰਜ ਇੰਸਪੈਕਟਰ ਵਿਨੋਦ ਕੁਮਾਰ ਯਾਦਵ ਦੇ ਮੁਤਾਬਕ, ਲਾਪਰਵਾਹੀ ਕਿਸ ਪੱਧਰ ’ਤੇ ਹੋਈ, ਇਸ ਦੀ ਜਾਂਚ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਤੱਥਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਧੂੰਏਂ ਕਾਰਨ ਬੱਚਿਆਂ ਦੇ ਬੇਹੋਸ਼ ਹੋਣ ਦਾ ਦੋਸ਼ ਮਾਪਿਆਂ ਰਿਸ਼ੀ ਤਿਵਾਰੀ ਅਤੇ ਵਿਸ਼ਾਲ ਬਾਬੂ ਨੇ ਸਕੂਲ ਪ੍ਰਸ਼ਾਸਨ ’ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸ ’ਚ ਧੂੰਆਂ ਭਰਨ ਕਾਰਨ ਕਈ ਬੱਚੇ ਬੇਹੋਸ਼ ਹੋ ਗਏ ਸਨ। ਹਾਦਸੇ ਤੋਂ ਬਾਅਦ ਬੱਚੇ ਕਾਫ਼ੀ ਡਰੇ ਹੋਏ ਹਨ। ਦੋਵੇਂ ਮਾਪਿਆਂ ਨੇ ਇਟੌਂਜਾ ਥਾਣੇ ’ਚ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਸਕੂਲ ਪ੍ਰਬੰਧਕ ਪ੍ਰਦੀਪ ਪਾਂਡੇਯ ਨੇ ਕਿਹਾ:- “ਵਿਦਿਆਰਥੀਆਂ ਦੇ ਪੇਪਰ ਹੋਣ ਕਾਰਨ ਬੱਸ ਨੂੰ ਐਮਰਜੈਂਸੀ ਸਥਿਤੀ ’ਚ ਭੇਜਿਆ ਗਿਆ ਸੀ। ਸਾਡੇ ਮੁਤਾਬਕ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ। ਡਰਾਈਵਰ ਅਤੇ ਪਿੰਡ ਵਾਸੀਆਂ ਨੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਬਾਅਦ ’ਚ ਦੂਜੀ ਬੱਸ ਰਾਹੀਂ ਬੱਚਿਆਂ ਨੂੰ ਸਕੂਲ ਪਹੁੰਚਾਇਆ ਗਿਆ।”