ਬੱਸ ਦੀ ਟੱਕਰ ਨਾਲ ਟਰੈਕਟਰ ਦੋਫਾੜ ਹੋ ਕੇ ਖੇਤਾਂ ’ਚ ਜਾ ਡਿੱਗਾ, ਦੋ ਵਿਅਕਤੀ ਗੰਭੀਰ ਜ਼ਖ਼ਮੀ ਬੱਸ ਦੀ ਟੱਕਰ ਨਾਲ ਟਰੈਕਟਰ ਦੋਫਾੜ ਹੋ ਕੇ ਝੋਨੇ ਦੇ ਖੇਤਾਂ ’ਚ ਜਾ ਡਿੱਗਿਆ, ਦੋ ਵਿਅਕਤੀ ਗੰਭੀਰ ਜ਼ਖ਼ਮੀ
Publish Date: Sat, 19 Sep 2026 06:45 PM (IST)
Updated Date: Sun, 20 Sep 2026 04:06 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਪਿੰਡ ਵਜੀਦਕੇ ਖੁਰਦ ਦੇ ਗੁਰਦੁਆਰਾ ਸਤਿ ਕਰਤਾਰ ਸਾਹਿਬ ਦੇ ਸਾਹਮਣੇ ਇੱਕ ਨਿੱਜੀ ਕੰਪਨੀ ਦੀ ਬੱਸ ਵੱਲੋਂ ਟਰੈਕਟਰ-ਟਰਾਲੀ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰਨ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਟਰੈਕਟਰ ਸਵਾਰ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਵਿਚਾਲਿਓਂ ਟੁੱਟ ਕੇ ਸੜਕ ਕਿਨਾਰੇ ਝੋਨੇ ਦੀ ਫ਼ਸਲ ਵਿੱਚ ਜਾ ਡਿੱਗਿਆ। ਜਾਣਕਾਰੀ ਅਨੁਸਾਰ ਇੱਟਾਂ ਢੋਣ ਵਾਲੀ ਖਾਲੀ ਟਰੈਕਟਰ-ਟਰਾਲੀ ਮਹਿਲ ਕਲਾਂ ਵਾਲੇ ਪਾਸਿਓਂ ਬਰਨਾਲਾ ਵੱਲ ਜਾ ਰਹੀ ਸੀ। ਜਦੋਂ ਇਹ ਪਿੰਡ ਵਜੀਦਕੇ ਖੁਰਦ ਵਿਖੇ ਗੁਰਦੁਆਰਾ ਸਤਿ ਕਰਤਾਰ ਸਾਹਿਬ ਦੇ ਸਾਹਮਣੇ ਪੁੱਜੀ ਤਾਂ ਪਿੱਛੋਂ ਆ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਟਰੈਕਟਰ-ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਟਰੈਕਟਰ ਸੜਕ ਕਿਨਾਰੇ ਝੋਨੇ ਦੀ ਫ਼ਸਲ ਵਿੱਚ ਜਾ ਡਿੱਗਿਆ ਅਤੇ ਟਰੈਕਟਰ-ਟਰਾਲੀ ’ਤੇ ਸਵਾਰ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।ਜ਼ਖ਼ਮੀਆਂ ਦੀ ਪਛਾਣ ਗੁਰਤੇਜ ਸਿੰਘ ਪੁੱਤਰ ਹਾਕਮ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਬਿੱਕਰ ਸਿੰਘ, ਵਾਸੀ ਠੀਕਰੀਵਾਲ, ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵਿਸ਼ਾਲ ਕੁਮਾਰ ਮਹਿਲਾਂ, ਸਿਪਾਹੀ ਗਗਨਪ੍ਰੀਤ ਕੌਰ ਅਤੇ ਹਰਮਨਜੋਤ ਕੌਰ ਤੁਰੰਤ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਦੋਵੇਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਹਾਦਸੇ ਵਾਲੀ ਥਾਂ ਤੋਂ ਜ਼ਖ਼ਮੀਆਂ ਦੀ 50 ਹਜ਼ਾਰ ਰੁਪਏ ਦੀ ਨਕਦੀ ਵੀ ਮਿਲੀ, ਜੋ ਉਨ੍ਹਾਂ ਨੇ ਇਮਾਨਦਾਰੀ ਦਿਖਾਉਂਦਿਆਂ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਉਧਰ ਦੂਜੇ ਪਾਸੇ ਥਾਣਾ ਠੁੱਲੀਵਾਲ ਦੇ ਮੁਖੀ ਅਜੈਬ ਸਿੰਘ ਬਰਨਾਲਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਹਾਦਸੇ ਸਬੰਧੀ ਜਾਣਕਾਰੀ ਮਿਲੀ ਹੈ, ਪਰ ਅਜੇ ਤੱਕ ਹਸਪਤਾਲ ਤੋਂ ਰੁੱਕਾ ਪ੍ਰਾਪਤ ਨਹੀਂ ਹੋਇਆ। ਰੁੱਕਾ ਮਿਲਣ ਤੋਂ ਬਾਅਦ ਹੀ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।