- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਭਦੌੜ : ਵਿਰੋਧੀ ਧਿਰਾਂ ਦੀ ਅੰਦਰੂਨੀ ਫੁੱਟ, 'ਆਪ' ਲੈ ਸਕਦੀ ਹੈ ਲਾਹਾ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਪੰਜਾਬ ਵਿਧਾਨ ਸਭਾ ਹਲਕਾ ਭਦੌੜ ਰਿਜ਼ਰਵ ’ਚ ਆਗਾਮੀ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਭਾਵੇਂ ਸੂਬਾ ਪੱਧਰ 'ਤੇ ਗਰਮਾ ਰਹੀਆਂ ਹਨ, ਪਰ ਹਲਕੇ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਮੁੱਖ ਵਿਰੋਧੀ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਅੰਦਰੂਨੀ ਕਮਜ਼ੋਰੀਆਂ ਤੇ ਜਥੇਬੰਦਕ ਢਾਂਚੇ ਵਿੱਚ ਖੜੋਤ ਦਾ ਸਿੱਧਾ ਲਾਹਾ ਮੌਜੂਦਾ ਸਰਕਾਰ ਵਾਲੀ ਆਮ ਆਦਮੀ ਪਾਰਟੀ ਨੂੰ ਅੱਜ ਦੇ ਰੁਝੇਵਿਆਂ ਅਨੁਸਾਰ ਮਿਲਦਾ ਨਜ਼ਰ ਆ ਰਿਹਾ ਹੈ। ਸਿਆਸੀ ਮਾਹਿਰਾਂ ਅਨੁਸਾਰ ਵਿਰੋਧੀ ਪਾਰਟੀਆਂ ਦੀ ਇਹ ਨਿਸ਼ਕ੍ਰਿਆਤਾ ਅਤੇ ਆਪਸੀ ਧੜੇਬੰਦੀ ਸ਼ਾਸਕ ਧਿਰ ਲਈ ਮੈਦਾਨ ਸਾਫ਼ ਕਰ ਰਹੀ ਹੈ।
-----
ਕਾਂਗਰਸ : ਹਲਕਾ ਇੰਚਾਰਜ ਤੋਂ ਸੁੰਨੀ ਪਾਰਟੀ
ਕਾਂਗਰਸ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਹਲਕੇ ’ਚ ਕਿਸੇ ਸਰਬਪ੍ਰਵਾਨਿਤ ‘ਹਲਕਾ ਇੰਚਾਰਜ’ ਦਾ ਨਾ ਹੋਣਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 2022 ਚੋਣਾਂ ’ਚ ਹੋਈ ਹਾਰ ਤੋਂ ਬਾਅਦ ਹਲਕਾ ਭਦੌੜ ’ਚ ਕਾਂਗਰਸ ਬਿਨਾਂ ਕਿਸੇ ਮੁੱਖ ਚਿਹਰੇ ਦੇ ਚੱਲ ਰਹੀ ਹੈ। ਹਲਕੇ ’ਚ ਦਰਜਨ ਦੇ ਲਗਭਗ ਆਗੂ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਹਨ, ਪਰ ਕਿਸੇ ਇੱਕ ਕੇਂਦਰੀ ਆਗੂ ਦੀ ਅਗਵਾਈ ਨਾ ਹੋਣ ਕਾਰਨ ਵਰਕਰ ਵੰਡੇ ਹੋਏ ਹਨ। ਵਰਕਰਾਂ ਨੂੰ ਲਾਮਬੰਦ ਕਰਨ ਦੀ ਬਜਾਏ ਆਗੂ ਆਪੋ-ਆਪਣੇ ਪੱਧਰ ’ਤੇ ਸ਼ਕਤੀ ਪ੍ਰਦਰਸ਼ਨ ਕਰਨ ਤੱਕ ਸੀਮਤ ਹਨ, ਜਿਸ ਨਾਲ ਪਿੰਡਾਂ ਵਿੱਚ ਕਾਂਗਰਸ ਦਾ ਜਥੇਬੰਦਕ ਢਾਂਚਾ ਕਮਜ਼ੋਰ ਹੋ ਰਿਹਾ ਹੈ।
---------
ਸ਼੍ਰੋਮਣੀ ਅਕਾਲੀ ਦਲ : ਹਲਕਾ ਇੰਚਾਰਜ ਦਾ ਆਪਣਿਆਂ ਵੱਲੋਂ ਵਿਰੋਧ
ਮਾਲਵਾ ਖੇਤਰ ਵਿੱਚ ਕਦੇ ਮਜ਼ਬੂਤ ਪਕੜ ਰੱਖਣ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਹਲਕਾ ਭਦੌੜ ਵਿੱਚ ਭਾਰੀ ਅੰਦਰੂਨੀ ਕਲੇਸ਼ ਨਾਲ ਜੂਝ ਰਿਹਾ ਹੈ। ਸੋਸ਼ਲ ਮੀਡੀਆ 'ਤੇ ਹੋ ਰਹੀ ਖਿੱਚੋਤਾਣ ਮੌਜੂਦਾ ਹਲਕਾ ਇੰਚਾਰਜ ਦੀ ਕਾਰਗੁਜ਼ਾਰੀ ਤੋਂ ਅਕਾਲੀ ਦਲ ਦੇ ਸਥਾਨਕ ਆਗੂ ਅਤੇ ਪੁਰਾਣੇ ਵਰਕਰ ਬੇਹੱਦ ਨਾਰਾਜ਼ ਹਨ। ਇਹ ਨਾਰਾਜ਼ਗੀ ਹੁਣ ਬੰਦ ਕਮਰਿਆਂ ਵਿੱਚੋਂ ਨਿਕਲ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ, ਜਿੱਥੇ ਆਪਣੀ ਹੀ ਪਾਰਟੀ ਦੇ ਆਗੂ ਹਲਕਾ ਇੰਚਾਰਜ ’ਤੇ ਸਵਾਲ ਚੁੱਕ ਰਹੇ ਹਨ।ਪਾਰਟੀ ਦੇ ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਹਲਕੇ ਵਿੱਚ ਨਿੱਜੀ ਹਿੱਤਾਂ ਦੀ ਰਾਜਨੀਤੀ ਖ਼ਤਮ ਨਹੀਂ ਹੁੰਦੀ, ਵਰਕਰਾਂ ਵਿੱਚ ਉਤਸ਼ਾਹ ਪੈਦਾ ਨਹੀਂ ਕੀਤਾ ਜਾ ਸਕਦਾ।
----
ਭਾਜਪਾ : ਹਲਕੇ ’ਚ ਸਿਆਸੀ ਗਤੀਵਿਧੀਆਂ ਜ਼ੀਰੋ
ਭਾਰਤੀ ਜਨਤਾ ਪਾਰਟੀ, ਜੋ ਸੂਬਾ ਪੱਧਰ 'ਤੇ ਆਪਣੇ ਆਪ ਨੂੰ ਮਜ਼ਬੂਤ ਵਿਕਲਪ ਵਜੋਂ ਪੇਸ਼ ਕਰ ਰਹੀ ਹੈ, ਹਲਕਾ ਭਦੌੜ ’ਚ ਪੂਰੀ ਤਰ੍ਹਾਂ ਗਾਇਬ ਨਜ਼ਰ ਆ ਰਹੀ ਹੈ। ਭਾਜਪਾ ਕੋਲ ਹਲਕੇ ’ਚ ਅਜਿਹਾ ਕੋਈ ਵੀ ਸਥਾਨਕ ਵੱਡੇ ਕੱਦ ਦਾ ਚਿਹਰਾ ਨਹੀਂ ਹੈ ਜੋ ਪਿੰਡਾਂ ਵਿੱਚ ਪਾਰਟੀ ਦਾ ਆਧਾਰ ਬਣਾ ਸਕੇ। ਕੇਂਦਰੀ ਜਾਂ ਸੂਬਾਈ ਪ੍ਰੋਗਰਾਮਾਂ ਤੋਂ ਇਲਾਵਾ ਹਲਕਾ ਭਦੌੜ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਭਾਜਪਾ ਦੀ ਕੋਈ ਜ਼ਮੀਨੀਂ ਗਤੀਵਿਧੀ ਨਜ਼ਰ ਨਹੀਂ ਆਉਂਦੀ, ਜਿਸ ਕਾਰਨ ਪਾਰਟੀ ਵੋਟਰਾਂ ਨਾਲ ਸੰਪਰਕ ਬਣਾਉਣ ’ਚ ਅਸਫਲ ਰਹੀ ਹੈ।
------
‘ਟਿਕਟ ਕੱਟਣ’ ਦੀਆਂ ਚਰਚਾਵਾਂ ਨਾਲ ਵਿਰੋਧੀ ਖੇਮਾ ਬਾਗੋ-ਬਾਗ
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਚਰਚਾ ’ਚ ਆਏ ਲਾਭ ਸਿੰਘ ਉਗੋਕੇ ਲਈ ਹੁਣ ਪਾਰਟੀ ਦੇ ਅੰਦਰੋਂ ਹੀ ਚੁਣੌਤੀਆਂ ਖੜ੍ਹੀਆਂ ਹੁੰਦੀਆਂ ਦਿਸ ਰਹੀਆਂ ਹਨ।ਹਲਕੇ ਵਿੱਚ ‘ਆਪ’ ਦੇ ਹੀ ਕੁਝ ਸਥਾਨਕ ਆਗੂ ਅਤੇ ਅੰਦਰੂਨੀ ਵਿਰੋਧੀ ਖੇਮੇ ਦੇ ਨੇਤਾ, ਜੋ ਖ਼ੁਦ ਨੂੰ ਅਗਲੀ ਟਿਕਟ ਦੇ ਦਾਅਵੇਦਾਰ ਮੰਨ ਰਹੇ ਹਨ, ਇਨ੍ਹਾਂ ਚਰਚਾਵਾਂ ਤੋਂ ਬਾਅਦ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ।ਵਿਰੋਧੀ ਧੜਾ ਲਗਾਤਾਰ ਹਾਈਕਮਾਂਡ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹਲਕੇ ਵਿੱਚ ਨਵੇਂ ਚਿਹਰੇ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨਾਲ ਪਾਰਟੀ ਦੇ ਅੰਦਰੂਨੀ ਸਮੀਕਰਨ ਕਾਫ਼ੀ ਦਿਲਚਸਪ ਹੋ ਗਏ ਹਨ।
--ਵਿਧਾਇਕ ਦੀ ਸਰਗਰਮੀ ਅਤੇ ਹਾਈਕਮਾਂਡ ਦੀ 'ਬਾਜ਼ ਅੱਖ'
ਚਰਚਾਵਾਂ ਦੇ ਇਸ ਦੌਰ ਵਿੱਚ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਆਪਣੇ ਜਥੇਬੰਦਕ ਅਤੇ ਸਿਆਸੀ ਘੇਰੇ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਜ਼ਮੀਨੀ ਪੱਧਰ 'ਤੇ ਮੁਹਿੰਮ ਤੇਜ਼ ਉਹਨਾਂ ਤੇਜ਼ ਕਰ ਦਿੱਤੀ। ਪਿਛਲੇ ਕੁਝ ਸਮੇਂ ਤੋਂ ਵਿਧਾਇਕ ਨੇ ਪਿੰਡ-ਪਿੰਡ ਜਾ ਕੇ ਵਿਕਾਸ ਕਾਰਜਾਂ ਦੇ ਉਦਘਾਟਨ ਕਰਨੇ, ਜਨ-ਸੰਪਰਕ ਮੁਹਿੰਮਾਂ ਚਲਾਉਣੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੱਲ ਕਰਨਾ ਤੇਜ਼ ਕਰ ਦਿੱਤਾ ਹੈ। ਵਿਧਾਇਕ ਦੀਆਂ ਇਨ੍ਹਾਂ ਵਧੀਆਂ ਹੋਈਆਂ ਗਤੀਵਿਧੀਆਂ ਅਤੇ ਹਲਕੇ ਵਿੱਚ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਅਸਲ ਗ੍ਰਾਫ ਕੀ ਹੈ, ਇਸ ’ਤੇ ‘ਆਪ’ ਦੀ ਪੰਜਾਬ ਅਤੇ ਕੇਂਦਰੀ ਲੀਡਰਸ਼ਿਪ ਪੂਰੀ ਨਜ਼ਰ ਰੱਖ ਰਹੀ ਹੈ। ਪਾਰਟੀ ਸਰਵੇਖਣਾਂ ਅਤੇ ਗੁਪਤ ਰਿਪੋਰਟਾਂ ਰਾਹੀਂ ਹਲਕੇ ਦੀ ਅਸਲ ਤਸਵੀਰ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
--ਵਿਧਾਇਕ ਨੂੰ ਟਿਕਟ ਕੱਟਣ ਦਾ ਡਰ, ਵਿਰੋਧੀ ਨਹੀਂ ਰਹੇ ਕੁਝ ਕਰ
ਹਲਕਾ ਭਦੌੜ ਵਿੱਚ ਬਣ ਰਹੇ ਨਵੇਂ ਸਮੀਕਰਨ ਇਹ ਦਰਸਾਉਂਦੇ ਹਨ ਕਿ ਆਮ ਆਦਮੀ ਪਾਰਟੀ ਲਈ ਚੁਣੌਤੀ ਸਿਰਫ਼ ਬਾਹਰੀ ਵਿਰੋਧੀਆਂ ਤੋਂ ਨਹੀਂ, ਸਗੋਂ ਆਪਣੀ ਪਾਰਟੀ ਅੰਦਰਲੀ ਧੜੇਬੰਦੀ ਨੂੰ ਸੰਭਾਲਣ ਦੀ ਵੀ ਹੈ। ਜੇਕਰ ‘ਆਪ’ ਹਾਈਕਮਾਂਡ ਟਿਕਟ ਬਦਲਣ ਦਾ ਫ਼ੈਸਲਾ ਲੈਂਦੀ ਹੈ, ਤਾਂ ਇਹ ਵਿਰੋਧੀ ਖੇਮੇ ਲਈ ਵੱਡੀ ਜਿੱਤ ਹੋਵੇਗੀ; ਪਰ ਜੇਕਰ ਵਿਧਾਇਕ ਉਗੋਕੇ ਆਪਣੀਆਂ ਵਧੀਆਂ ਗਤੀਵਿਧੀਆਂ ਨਾਲ ਪਾਰਟੀ ਸੁਪਰੀਮੋ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਰਹਿੰਦੇ ਹਨ, ਤਾਂ ਉਹ ਚੋਣ ਮੈਦਾਨ ’ਚ ਮੁੜ ਮਜ਼ਬੂਤੀ ਨਾਲ ਡਟ ਸਕਦੇ ਹਨ। ਫਿਲਹਾਲ, ਹਲਕੇ ਦੇ ਵੋਟਰਾਂ ਅਤੇ ਵਰਕਰਾਂ ਦੀ ਨਜ਼ਰ ਹਾਈਕਮਾਂਡ ਦੇ ਅਗਲੇ ਕਦਮ 'ਤੇ ਟਿਕੀ ਹੋਈ ਹੈ।
ਵਿਰੋਧੀ ਪਾਰਟੀਆਂ ਲਈ ਸਿਰਫ਼ ਸਰਕਾਰ ਖ਼ਿਲਾਫ਼ ਬਿਆਨਬਾਜ਼ੀ ਕਰਨਾ ਹੀ ਕਾਫ਼ੀ ਨਹੀਂ ਹੈ। ਜਦੋਂ ਤੱਕ ਕਾਂਗਰਸ ਆਪਣਾ ਮੁੱਖ ਚਿਹਰਾ ਤੈਅ ਨਹੀਂ ਕਰਦੀ, ਅਕਾਲੀ ਦਲ ਆਪਣੇ ਅੰਦਰੂਨੀ ਕਲੇਸ਼ ਨੂੰ ਸ਼ਾਂਤ ਨਹੀਂ ਕਰਦਾ ਅਤੇ ਭਾਜਪਾ ਜ਼ਮੀਨੀ ਪੱਧਰ 'ਤੇ ਸਰਗਰਮ ਨਹੀਂ ਹੁੰਦੀ, ਉਦੋਂ ਤੱਕ ਹਲਕੇ ਦੀ ਰਾਜਨੀਤਿਕ ਬਾਜ਼ੀ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਝੁਕੀ ਰਹਿਣ ਦੇ ਪੂਰੇ ਆਸਾਰ ਹਨ।