ਖੂਨਦਾਨੀਆਂ ਦੀ ਨਗਰੀ ’ਚ 25 ਸਾਲ ਪੁਰਾਣੇ ਬਲੱਡ ਬੈਂਕ 'ਤੇ ਲੱਗਿਆ ਤਾਲਾ ਖੋਲ੍ਹਣ ਦੀ ਮੰਗ ਉਠੀ ਖੂਨਦਾਨੀਆਂ ਦੀ ਨਗਰੀ ਵਿਚ 25 ਸਾਲ ਪੁਰਾਣੇ ਬਲੱਡ ਬੈਂਕ 'ਤੇ ਲੱਗਿਆ ਤਾਲਾ ਖੋਲਣ ਦੀ ਮੰਗ ਉਠੀ
Publish Date: Wed, 05 Aug 2026 03:56 PM (IST)
Updated Date: Wed, 05 Aug 2026 03:58 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ ਦੇਸ਼-ਵਿਦੇਸ਼ ’ਚ ਖੂਨਦਾਨੀਆਂ ਦੀ ਨਗਰੀ ਵਜੋਂ ਜਾਣੇ ਜਾਂਦੇ ਸ਼ਹਿਰ ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਦਾ ਸਰਕਾਰੀ ਬਲੱਡ ਬੈਂਕ ਪਿਛਲੇ ਕਰੀਬ ਸਵਾ ਤਿੰਨ ਮਹੀਨਿਆਂ ਤੋਂ ਬੰਦ ਹੋਣ ਕਾਰਨ ਆਮ ਲੋਕਾਂ ਦੇ ਖੂਨਦਾਨੀਆ ’ਚ ਰੋਸ ਹੈ। ਕਰੀਬ 25 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਇਹ ਬਲੱਡ ਬੈਂਕ ਕਿਸੇ ਵੱਡੇ ਤਕਨੀਕੀ ਕਾਰਨ ਜਾਂ ਸਾਜ਼ੋ-ਸਾਮਾਨ ਦੀ ਘਾਟ ਕਾਰਨ ਨਹੀਂ, ਸਗੋਂ ਸੀਡੀਐੱਸਸੀਓ ਦੇ ਨਿਰੀਖਣ ਦੌਰਾਨ ਸਾਹਮਣੇ ਆਈਆਂ ਦਸਤਾਵੇਜ਼ੀ ਤੇ ਪ੍ਰਸ਼ਾਸਨਿਕ ਕਮੀਆਂ ਤੋਂ ਬਾਅਦ ਬੰਦ ਹੋਇਆ ਹੈ। ਇਸ ਘਟਨਾ ਨੇ ਸਿਵਲ ਹਸਪਤਾਲ ਦੀ ਕਾਰਜ ਪ੍ਰਣਾਲੀ ਤੇ ਨਿਗਰਾਨੀ ਪ੍ਰਬੰਧਾਂ ਨੂੰ ਲੈ ਕੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਅੱਜ ਹਾਲਾਤ ਇਹ ਹਨ ਕਿ ਰਾਮਪੁਰਾ ਫੂਲ ’ਚ ਖੂਨ ਇਕੱਠਾ ਕਰਨ ਅਤੇ ਲੋੜ ਪੈਣ ’ਤੇ ਖੂਨ ਲੈਣ ਦੀ ਸਹੂਲਤ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਦਾਨ ਕੀਤਾ ਗਿਆ ਹਰ ਯੂਨਿਟ ਖੂਨ ਪਹਿਲਾਂ ਬਠਿੰਡਾ ਭੇਜਿਆ ਜਾਂਦਾ ਹੈ, ਜਿੱਥੇ ਲਾਜ਼ਮੀ ਜਾਂਚਾਂ ਤੋਂ ਬਾਅਦ ਹੀ ਉਸ ਨੂੰ ਮੁੜ ਰਾਮਪੁਰਾ ਫੂਲ ਭੇਜਿਆ ਜਾਂਦਾ ਹੈ। ਇਲਾਕੇ ਦੇ ਲੋਕਾਂ ਤੇ ਖੂਨਦਾਨੀ ਸੰਸਥਾਵਾਂ ਦਾ ਮੰਨਣਾ ਹੈ ਕਿ ਜਿਸ ਸ਼ਹਿਰ ਨੇ ਦਹਾਕਿਆਂ ਤੋਂ ਖੂਨਦਾਨ ਦੇ ਖੇਤਰ ’ਚ ਵੱਖਰੀ ਪਛਾਣ ਬਣਾਈ, ਉਸ ਨੂੰ ਅੱਜ ਆਪਣੀ ਬੁਨਿਆਦੀ ਸੇਵਾ ਲਈ ਦੂਜੇ ਸ਼ਹਿਰ ਤੇ ਨਿਰਭਰ ਹੋਣਾ ਪੈ ਰਿਹਾ ਹੈ। ਕੀ ਸਮੇਂ ਸਿਰ ਦੂਰ ਹੋ ਸਕਦੀਆਂ ਸਨ ਕਮੀਆਂ? ਜਾਣਕਾਰੀ ਅਨੁਸਾਰ ਮਾਰਚ 2026 ’ਚ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਵੱਲੋਂ ਕੀਤੇ ਨਿਰੀਖਣ ਦੌਰਾਨ ਕੁਝ ਦਸਤਾਵੇਜ਼ੀ ਤੇ ਪ੍ਰਸ਼ਾਸਨਿਕ ਕਮੀਆਂ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਅਪ੍ਰੈਲ ਮਹੀਨੇ ’ਚ ਬਲੱਡ ਬੈਂਕ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਤੇ ਜੂਨ ਮਹੀਨੇ ’ਚ ਇੱਥੇ ਸਿਰਫ਼ ਬਲੱਡ ਸਟੋਰੇਜ ਸੈਂਟਰ ਦੀ ਸਹੂਲਤ ਦਿੱਤੀ ਗਈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇਹ ਕਮੀਆਂ ਰਿਕਾਰਡਾਂ ਤੇ ਪ੍ਰਸ਼ਾਸਨਿਕ ਪ੍ਰਬੰਧਾਂ ਨਾਲ ਸਬੰਧਤ ਸਨ ਤਾਂ ਇਨ੍ਹਾਂ ਨੂੰ ਸਮੇਂ ਸਿਰ ਦੂਰ ਕਿਉਂ ਨਹੀਂ ਕੀਤਾ ਗਿਆ? ਕੀ ਨਿਯਮਤ ਅੰਦਰੂਨੀ ਨਿਰੀਖਣ ਅਤੇ ਨਿਗਰਾਨੀ ’ਚ ਕੋਈ ਕਮੀ ਰਹਿ ਗਈ ਸੀ? ਜੇਕਰ ਇਹ ਕਮੀਆਂ ਪਹਿਲਾਂ ਹੀ ਦੂਰ ਕਰ ਦਿੱਤੀਆਂ ਜਾਂਦੀਆਂ ਤਾਂ ਕੀ 25 ਸਾਲ ਪੁਰਾਣਾ ਬਲੱਡ ਬੈਂਕ ਅੱਜ ਵੀ ਚਾਲੂ ਹੋ ਸਕਦਾ ਸੀ? ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਸਿਹਤ ਵਿਭਾਗ ਤੇ ਹਸਪਤਾਲ ਪ੍ਰਬੰਧਨ ਤੋਂ ਲੋਕ ਉਡੀਕ ਰਹੇ ਹਨ। ਸਵਾ ਤਿੰਨ ਮਹੀਨੇ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ ਹੋਰ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਬਲੱਡ ਬੈਂਕ ਬੰਦ ਹੋਏ ਕਰੀਬ ਸਵਾ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਕਮੀਆਂ ਦੂਰ ਕਰਕੇ ਲਾਇਸੈਂਸ ਮੁੜ ਬਹਾਲ ਨਹੀਂ ਕਰਵਾਇਆ ਜਾ ਸਕਿਆ। ਇਸ ਕਾਰਨ ਹਸਪਤਾਲ ਪ੍ਰਬੰਧਕਾਂ ਦੀ ਕਾਰਜਪ੍ਰਣਾਲੀ ਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਮੀਆਂ ਛੋਟੀਆਂ ਤੇ ਦਸਤਾਵੇਜ਼ੀ ਸਨ ਤਾਂ ਉਨ੍ਹਾਂ ਨੂੰ ਦੂਰ ਕਰਨ ਵਿੱਚ ਇਨ੍ਹਾਂ ਸਮਾਂ ਕਿਉਂ ਲੱਗ ਰਿਹਾ ਹੈ? 45 ਸਾਲ ਪੁਰਾਣੀ ਖੂਨਦਾਨ ਲਹਿਰ ਤੇ ਪੈਣ ਲੱਗਾ ਅਸਰ ਰਾਮਪੁਰਾ ਫੂਲ ’ਚ ਖੂਨਦਾਨ ਲਹਿਰ ਦੀ ਸ਼ੁਰੂਆਤ 1 ਅਕਤੂਬਰ 1978 ਨੂੰ ਹੋਈ ਸੀ, ਜਦਕਿ 30 ਅਗਸਤ 2001 ਨੂੰ ਸਿਵਲ ਹਸਪਤਾਲ ਵਿੱਚ ਸਰਕਾਰੀ ਬਲੱਡ ਬੈਂਕ ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਬਾਅਦ ਖੂਨ ਇਕੱਠਾ ਕਰਨ, ਜਾਂਚਣ ਅਤੇ ਸਟੋਰ ਕਰਨ ਦੀ ਪੂਰੀ ਪ੍ਰਕਿਰਿਆ ਸਥਾਨਕ ਪੱਧਰ ਤੇ ਹੀ ਹੋਣ ਲੱਗੀ ਅਤੇ ਰਾਮਪੁਰਾ ਫੂਲ ਨੇ ਖੂਨਦਾਨ ਦੇ ਖੇਤਰ ’ਚ ਵੱਖਰੀ ਪਛਾਣ ਬਣਾਈ। ਵਿਭਾਗੀ ਸੂਤਰਾਂ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਇਲਾਕੇ ਵਿੱਚ ਹਰ ਸਾਲ ਔਸਤਨ ਕਰੀਬ ਇਕ ਹਜ਼ਾਰ ਯੂਨਿਟ ਖੂਨਦਾਨ ਹੋ ਰਿਹਾ ਸੀ। ਪਰ ਬਲੱਡ ਬੈਂਕ ਬੰਦ ਹੋਣ ਤੋਂ ਬਾਅਦ ਖ਼ਾਸ ਕਰਕੇ ਐਮਰਜੈਂਸੀ ਹਾਲਾਤਾਂ ਵਿੱਚ ਖੂਨਦਾਨ ਕਰਵਾਉਣਾ ਪਹਿਲਾਂ ਨਾਲੋਂ ਔਖਾ ਹੋ ਗਿਆ ਹੈ, ਜਿਸ ਕਾਰਨ ਖੂਨਦਾਨ ਲਹਿਰ ਦੀ ਰਫ਼ਤਾਰ ਵੀ ਪ੍ਰਭਾਵਿਤ ਹੋਣ ਲੱਗੀ ਹੈ। ਖੂਨਦਾਨ ਕਰਨ ਲਈ ਬਠਿੰਡਾ ਜਾਣਾ ਪੈਂਦਾ ਹਾਲਾਤ ਇਹ ਹਨ ਕਿ ਜੇਕਰ ਕੋਈ ਸੰਸਥਾਂ ਖੂਨਦਾਨ ਕੈਂਪ ਲਾਉਦੀ ਹੈ ਤਾਂ ਉਥੇ ਬਠਿੰਡਾ ਦੇ ਬਲੱਡ ਬੈਂਕ ਦੀ ਟੀਮ ਨੂੰ ਖੂਨ ਇਕੱਤਰ ਕਰਨ ਲਈ ਆਉਣਾ ਪੈਂਦਾ ਹੈ। ਖੂਨਦਾਨੀ ਲਹਿਰ ਦੇ ਫਾਊਡਰ ਮੈਂਬਰ ਪ੍ਰੀਤਮ ਸਿੰਘ ਆਰਟਿਸਟ ਦਾ ਕਹਿਣਾ ਸੀ ਕਿ ਜੇਕਰ ਸ਼ਹਿਰ ਦੇ ਕਿਸੇ ਦਾਨ ਸੱਜਣ ਨੇ ਖੂਨਦਾਨ ਕਰਨਾ ਹੋਵੇ ਤਾਂ ਉਸਨੂੰ 30 ਕਿਲੋਮੀਟਰ ਚੱਲ ਕੇ ਬਠਿੰਡਾ ਦੀ ਬਲੱਡ ਬੈਂਕ ਵਿਚ ਜਾਣਾ ਪੈਂਦਾ ਹੇ। ਭਾਵੇਂ ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਬਲੱਡ ਸਟੋਰੇਜ ਸੈਂਟਰ ਵਿੱਚ ਹਰ ਸਮੇਂ ਲੋੜ ਅਨੁਸਾਰ ਖੂਨ ਦਾ ਸਟਾਕ ਮੌਜੂਦ ਰਹਿੰਦਾ ਹੈ, ਪਰ ਕਿਸੇ ਵੱਡੇ ਹਾਦਸੇ ਜਾਂ ਇੱਕੋ ਸਮੇਂ ਵੱਧ ਯੂਨਿਟਾਂ ਦੀ ਲੋੜ ਪੈਣ ਦੀ ਸਥਿਤੀ ਵਿੱਚ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਮ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਵਾਰ ਖੂਨ ਲੈਣ ਲਈ ਬਠਿੰਡਾ ਜਾਣਾ ਪੈਂਦਾ ਹੈ ਜਦਕਿ ਰਾਮਪੁਰਾ ਹਸਪਤਾਲ ਵਿੱਚੋਂ ਸਮੇਂ ਸਿਰ ਖੂਨ ਨਹੀਂ ਮਿਲਦਾ। ਖੂਨਦਾਨੀਆਂ ਸਰਕਾਰ ਕੋਲ ਉਠਾਈ ਆਵਾਜ਼ ਖੂਨਦਾਨ ਮੁਹਿੰਮ ਨਾਲ ਜੁੜੇ ਸ਼ਹਿਰ ਦੇ ਮਸ਼ਹੂਰ ਖੂਨਦਾਨੀਆਂ ਸਟੇਟ ਐਵਾਰਡੀ ਪਵਨ ਮਹਿਤਾ, ਬਲੱਡ ਡੌਨਰ ਕੌਂਸਲ ਰਾਮਪੁਰਾ ਫੂਲ ਦੇ ਪ੍ਰਧਾਨ ਧਰਮ ਸਿੰਘ, ਖੂਨਦਾਨੀ ਮਨੋਹਰ ਸਿੰਘ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਵਿੱਚ ਬਲੱਡ ਬੈਂਕ ਦੀ ਸਹੂਲਤ ਜਲਦ ਤੋਂ ਜਲਦ ਮੁੜ ਬਹਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਲਾਂ ਦੀ ਮਿਹਨਤ ਨਾਲ ਬਣੀ ਖੂਨਦਾਨ ਲਹਿਰ ਨੂੰ ਪ੍ਰਸ਼ਾਸਨਿਕ ਕਮੀਆਂ ਦੀ ਭੇਟ ਨਹੀਂ ਚੜ੍ਹਨ ਦਿੱਤਾ ਜਾਣਾ ਚਾਹੀਦਾ। ਬਲੱਡ ਬੈਂਕ ਮੁੜ ਸ਼ੁਰੂ ਕਰਨ ਲਈ ਲਿਖਿਆ ਹੈ : ਡਾ. ਸਵੀਟੀ ਬਲੱਡ ਬੈਂਕ ਇੰਚਾਰਜ ਡਾ. ਸਵੀਟੀ ਨੇ ਦੱਸਿਆ ਕਿ ਬਲੱਡ ਬੈਂਕ ਨੂੰ ਮੁੜ ਸ਼ੁਰੂ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਤੀ ਬੇਨਤੀ ਭੇਜੀ ਗਈ ਹੈ ਅਤੇ ਉਮੀਦ ਹੈ ਕਿ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਹੋਣ ਉਪਰੰਤ ਬਲੱਡ ਬੈਂਕ ਦੀਆਂ ਸੇਵਾਵਾਂ ਵੀ ਜਲਦੀ ਬਹਾਲ ਕਰ ਦਿੱਤੀਆਂ ਜਾਣਗੀਆਂ। ਹੁਣ ਵੇਖਣਾ ਹੋਵੇਗਾ ਕਿ ਸ਼ਹਿਰ ਵਿੱਚ ਬਲੱਡ ਬੈਂਕ ਦੀ ਸਹੂਲਤ ਦੁਬਾਰਾ ਕਦੋਂ ਸ਼ੁਰੂ ਹੁੰਦੀ ਹੈ ਪਰ ਅੱਜ ਦੀ ਸਥਿਤੀ ਇਹ ਹੈ ਕਿ ਲੋਕ ਖੂਨ ਲੈਣ ਲਈ ਬਹੁਤ ਖੱਜਲ ਖੁਆਰ ਹੋ ਰਹੇ ਹਨ ਅਤੇ ਗਰੀਬ ਲੋਕਾਂ ਲਈ ਤਾਂ ਬਠਿੰਡਾ ਜਾ ਕੇ ਖੂਨ ਲਿਆਉਣਾ ਬੇਹੱਦ ਮੁਸ਼ਕਿਲ ਸਾਬਤ ਹੋ ਰਿਹਾ ਹੈ।