- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਦਿਨਾ ਚੰਡੀਗੜ੍ਹ ਦੌਰੇ ਦੌਰਾਨ ਕਿਸਾਨ ਭਵਨ 'ਚ ਹੋਈ ਬੈਠਕ 'ਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਉਦਯੋਗ ਅਤੇ ਵਪਾਰ ਮੰਡਲਾਂ ਦੇ ਅਹੁਦੇਦਾਰਾਂ ਨਾਲ ਚਰਚਾ ਕਰਦੇ ਹੋਏ ਬਾਬੂਲਾਲ ਗੁਪਤਾ ਨੇ ਕਿਹਾ ਕਿ ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਵਰਗੇ ਸੂਬਿਆਂ 'ਚ ਖੇਤੀਬਾੜੀ ਤੇ ਉਦਯੋਗ ਲਗਾਤਾਰ ਅੱਗੇ ਵਧ ਰਹੇ ਹਨ, ਜਦੋਂਕਿ ਪੰਜਾਬ ਦਾ ਖੇਤੀਬਾੜੀ ਤੇ ਉਦਯੋਗਿਕ ਖੇਤਰ ਸੰਕਟ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ।

ਰੋਹਿਤ ਕੁਮਾਰ, ਜਾਗਰਣ ਚੰਡੀਗੜ੍ਹ : ਭਾਰਤੀ ਉਦਯੋਗ ਵਪਾਰ ਮੰਡਲ ਦੇ ਕੌਮੀ ਪ੍ਰਧਾਨ ਬਾਬੂਲਾਲ ਗੁਪਤਾ ਨੇ ਪੰਜਾਬ 'ਚ ਖੇਤੀਬਾੜੀ, ਉਦਯੋਗ ਤੇ ਵਪਾਰ ਦੀ ਮੌਜੂਦਾ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਕ ਸਮੇਂ ਖੇਤੀਬਾੜੀ ਦੇ ਖੇਤਰ 'ਚ ਮੋਹਰੀ ਰਿਹਾ ਪੰਜਾਬ ਅੱਜ ਉਦਯੋਗ ਤੇ ਵਪਾਰ ਦੇ ਮੋਰਚੇ 'ਤੇ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਲਦ ਠੋਸ ਕਦਮ ਚੁੱਕਣ ਦੀ ਮੰਗ ਕੀਤੀ।
ਦੋ ਦਿਨਾ ਚੰਡੀਗੜ੍ਹ ਦੌਰੇ ਦੌਰਾਨ ਕਿਸਾਨ ਭਵਨ 'ਚ ਹੋਈ ਬੈਠਕ 'ਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਉਦਯੋਗ ਅਤੇ ਵਪਾਰ ਮੰਡਲਾਂ ਦੇ ਅਹੁਦੇਦਾਰਾਂ ਨਾਲ ਚਰਚਾ ਕਰਦੇ ਹੋਏ ਬਾਬੂਲਾਲ ਗੁਪਤਾ ਨੇ ਕਿਹਾ ਕਿ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਵਰਗੇ ਸੂਬਿਆਂ 'ਚ ਖੇਤੀਬਾੜੀ ਤੇ ਉਦਯੋਗ ਲਗਾਤਾਰ ਅੱਗੇ ਵਧ ਰਹੇ ਹਨ, ਜਦੋਂਕਿ ਪੰਜਾਬ ਦਾ ਖੇਤੀਬਾੜੀ ਤੇ ਉਦਯੋਗਿਕ ਖੇਤਰ ਸੰਕਟ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੋਦਾਮਾਂ ਤੋਂ ਸਮੇਂ ਸਿਰ ਮਾਲ ਦੀ ਨਿਕਾਸੀ ਨਾ ਹੋਣ ਕਾਰਨ ਪੰਜਾਬ ਦੇ ਰਾਈਸ ਮਿਲਰਾਂ ਨੂੰ ਦੂਜੇ ਸੂਬਿਆਂ 'ਚ ਚੌਲ ਭੇਜਣ ਲਈ 200 ਤੋਂ 300 ਕਿਲੋਮੀਟਰ ਤਕ ਦਾ ਵਾਧੂ ਟਰੱਕ ਭਾੜਾ ਆਪਣੀ ਜੇਬ 'ਚੋਂ ਭਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਚੌਲ ਉਦਯੋਗ ਨਾਲ ਜੁੜੀ ਸਰਕਾਰੀ ਮਿਲਿੰਗ ਪ੍ਰਕਿਰਿਆ ਅਜੇ ਵੀ ਅਧੂਰੀ ਹੈ।
ਬੈਠਕ 'ਚ ਅਹੁਦੇਦਾਰਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਦਸ ਸਾਲਾਂ ਵਿੱਚ ਨਵੇਂ ਉਦਯੋਗ ਸਥਾਪਿਤ ਕਰਨ ਜਾਂ ਮੌਜੂਦਾ ਉਦਯੋਗਾਂ ਦੇ ਵਿਸਥਾਰ ਲਈ ਸਰਕਾਰ ਵੱਲੋਂ ਕੋਈ ਵਿਸ਼ੇਸ਼ ਰਿਆਇਤ ਜਾਂ ਸਹੂਲਤ ਨਹੀਂ ਦਿੱਤੀ ਗਈ।
ਬੈਠਕ ਦੌਰਾਨ ਭਾਰਤੀ ਉਦਯੋਗ ਵਪਾਰ ਮੰਡਲ ਦੇ ਕੌਮੀ ਮੀਤ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਈਥਾਨੌਲ ਮਿਸ਼ਰਨ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰ ਸੂਬਿਆਂ 'ਚ ਈਥਾਨੌਲ ਉਦਯੋਗ ਦਾ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਹੈ, ਜਦੋਂਕਿ ਪੰਜਾਬ 'ਚ, ਜਿੱਥੇ ਇਸ ਦੀਆਂ ਸਭ ਤੋਂ ਵੱਧ ਸੰਭਾਵਨਾਵਾਂ ਹਨ, ਉੱਥੇ ਇਸ ਖੇਤਰ ਦੇ ਵਿਕਾਸ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਵਾਹਨਾਂ ਦੇ ਫਿਊਲ 'ਚ ਈਥਾਨੌਲ ਮਿਸ਼ਰਣ ਨੂੰ ਲੈ ਕੇ ਪੈਦਾ ਕੀਤਾ ਜਾ ਰਿਹਾ ਵਿਵਾਦ ਨਾ ਤਾਂ ਕਿਸਾਨਾਂ ਦੇ ਹਿੱਤ 'ਚ ਹੈ ਅਤੇ ਨਾ ਹੀ ਦੇਸ਼ ਦੇ। ਚੀਮਾ ਨੇ ਦਾਅਵਾ ਕੀਤਾ ਕਿ ਮੱਕੀ ਪੰਜਾਬ ਦੀ ਤੀਜੀ ਮੁੱਖ ਫਸਲ ਬਣਨ ਵੱਲ ਵਧ ਰਹੀ ਹੈ। ਜੇਕਰ ਈਥਾਨੌਲ ਮਿਸ਼ਰਨ ਦੀ ਨੀਤੀ ਪ੍ਰਭਾਵਿਤ ਹੁੰਦੀ ਹੈ ਤਾਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਨੂੰ ਉਠਾਉਣਾ ਪਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਬਾਲਣ ਦੀ ਮਾਈਲੇਜ 'ਚ ਮਾਮੂਲੀ ਕਮੀ ਵੀ ਆਉਂਦੀ ਹੈ, ਤਦ ਵੀ ਕਿਸਾਨਾਂ ਦੇ ਹਿੱਤ ਅਤੇ ਦੇਸ਼ ਦੀ ਵਿਦੇਸ਼ੀ ਮੁਦਰਾ ਦੀ ਬਚਤ ਨੂੰ ਧਿਆਨ 'ਚ ਰੱਖਦੇ ਹੋਏ ਇਸ ਮੁੱਦੇ 'ਤੇ ਅਣਚਾਹੇ ਸਿਆਸੀ ਵਿਵਾਦ ਤੋਂ ਬਚਣਾ ਚਾਹੀਦਾ ਹੈ।
ਬੈਠਕ ਤੋਂ ਬਾਅਦ ਬਾਬੂਲਾਲ ਗੁਪਤਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਖੇਤੀਬਾੜੀ, ਉਦਯੋਗ ਅਤੇ ਵਪਾਰ ਖੇਤਰਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਰਾਜਪਾਲ ਤੋਂ ਤਾਕੀਦ ਕੀਤੀ ਕਿ ਇਨ੍ਹਾਂ ਮੁੱਦਿਆਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਮੱਖ ਚੁੱਕ ਕੇ ਜਲਦ ਸਮਾਧਾਨ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਰਾਸ਼ਟਰੀ ਵਪਾਰੀ ਬੋਰਡ ਦੇ ਮੈਂਬਰ ਚਰਨਜੀਤ ਸਿੰਘ, ਹਿਮਾਚਲ ਪ੍ਰਦੇਸ਼ ਇਕਾਈ ਦੇ ਪ੍ਰਧਾਨ ਪ੍ਰਕਾਸ਼ ਦੇਵ, ਚੰਡੀਗੜ੍ਹ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਮਿੱਤਲ, ਉਦਯੋਗ ਵਪਾਰ ਮੰਡਲ ਚੰਡੀਗੜ੍ਹ ਦੇ ਪ੍ਰਧਾਨ ਸੰਜੀਵ ਚੱਢਾ, ਰਾਸ਼ਟਰੀ ਜਨਰਲ ਸਕੱਤਰ ਪੁਨੀਤ ਜੈਨ ਅਤੇ ਪੰਜਾਬ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਸਮੇਤ ਹੋਰ ਅਹੁਦੇਦਾਰਾਂ ਨੇ ਵੀ ਆਪਣੇ ਵਿਚਾਰ ਰੱਖੇ।