ਸੈਕਟਰ 38 ’ਚ ਟੈਕਸੀ ਚਾਲਕ ਦਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼ ਸੈਕਟਰ 38 ਵਿੱਚ ਟੈਕਸੀ ਚਾਲਕ ਦਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼
Publish Date: Sat, 19 Sep 2026 08:47 PM (IST)
Updated Date: Sun, 20 Sep 2026 04:09 AM (IST)
* ਸ਼ੁੱਕਰਵਾਰ ਰਾਤ ਸੈਕਟਰ-56 ਦੇ ਪੈਟਰੋਲ ਪੰਪ ਨੇੜੇ ਲਾਵਾਰਿਸ ਹਾਲਤ ’ਚ ਮਿਲੀ ਸੀ ਟੈਕਸੀ * ਪੁਲਿਸ ਨੇ ਟੈਕਸੀ ਕਬਜ਼ੇ ’ਚ ਲੈ ਕੇ ਮੌਕੇ ’ਤੇ ਹੀ ਮੋਬਾਈਲ ਫੋਰੈਂਸਿਕ ਮਾਹਿਰਾਂ ਤੋਂ ਜਾਂਚ ਕਰਵਾਈ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-38 ’ਚ ਸ਼ਾਹਪੁਰ ਕਾਲੋਨੀ ਨੇੜੇ ਸ਼ਨੀਵਾਰ ਸਵੇਰੇ ਝਾੜੀਆਂ ਵਿਚੋਂ ਖੂਨ ਨਾਲ ਲੱਥਪੱਥ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੇ ਸਰੀਰ ’ਤੇ ਚਾਕੂ ਦੇ ਵਾਰਾਂ ਦੇ ਨਿਸ਼ਾਨ ਸਨ। ਮ੍ਰਿਤਕ ਦੀ ਪਛਾਣ ਕੁਰਾਲੀ ਵਾਸੀ 30 ਸਾਲਾ ਵਿਜੇ ਵਜੋਂ ਹੋਈ ਹੈ। ਪੁਲਿਸ ਤੇ ਉਸ ਦੇ ਪਰਿਵਾਰਕ ਮੈਂਬਰ ਸ਼ੁੱਕਰਵਾਰ ਰਾਤ ਤੋਂ ਹੀ ਵਿਜੇ ਦੀ ਭਾਲ ਕਰ ਰਹੇ ਸਨ। ਸ਼ੁੱਕਰਵਾਰ ਰਾਤ ਸੈਕਟਰ-56 ਦੇ ਪੈਟਰੋਲ ਪੰਪ ਨੇੜੇ ਉਸ ਦੀ ਟੈਕਸੀ ਲਾਵਾਰਿਸ ਹਾਲਤ ’ਚ ਮਿਲੀ ਸੀ। ਟੈਕਸੀ ਦੀ ਡਰਾਈਵਰ ਸੀਟ ਤੇ ਪਿਛਲੀ ਸੀਟ ’ਤੇ ਖੂਨ ਦੇ ਨਿਸ਼ਾਨ ਮਿਲੇ ਸਨ। ਮੋਬਾਈਲ ਫੋਰੈਂਸਿਕ ਟੀਮ ਦੀ ਜਾਂਚ ’ਚ ਖੂਨ ਇਨਸਾਨ ਦਾ ਹੋਣ ਦੀ ਪੁਸ਼ਟੀ ਹੋਈ ਸੀ। ਸ਼ਨੀਵਾਰ ਸਵੇਰੇ ਇਕ ਰਾਹਗੀਰ ਨੇ ਝਾੜੀਆਂ ’ਚ ਲਾਸ਼ ਪਈ ਹੋਣ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਦੇ ਹੀ ਇਲਾਕਾ ਡੀਐੱਸਪੀ ਧੀਰਜ ਕੁਮਾਰ, ਮਲੋਆ ਥਾਣਾ ਮੁਖੀ ਇੰਸਪੈਕਟਰ ਬਲਦੇਵ ਕੁਮਾਰ, ਸੈਕਟਰ-39 ਥਾਣਾ ਮੁਖੀ ਜੇਪੀ ਸਿੰਘ, ਕ੍ਰਾਈਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ ਅਤੇ ਡੀਐਸਪੀ ਕ੍ਰਾਈਮ ਲਕਸ਼ਯ ਪਾਂਡੇ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਸੈਕਟਰ-36 ਸਥਿਤ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੇ ਮਾਹਿਰਾਂ ਨੂੰ ਵੀ ਮੌਕੇ ’ਤੇ ਬੁਲਾ ਕੇ ਸਬੂਤ ਤੇ ਨਮੂਨੇ ਇਕੱਠੇ ਕੀਤੇ ਗਏ। ਪੁਲਿਸ ਅਨੁਸਾਰ ਸ਼ੁੱਕਰਵਾਰ ਰਾਤ ਕਰੀਬ ਇਕ ਵਜੇ ਗਸ਼ਤ ਕਰ ਰਹੀ ਟੀਮ ਨੂੰ ਸੈਕਟਰ-56 ਪੈਟਰੋਲ ਪੰਪ ਨੇੜੇ ਸਰਵਿਸ ਰੋਡ ’ਤੇ ਇਕ ਟੈਕਸੀ ਖੁੱਲ੍ਹੀ ਹਾਲਤ ’ਚ ਮਿਲੀ। ਟੈਕਸੀ ਦੀ ਡਰਾਈਵਰ ਸੀਟ ਅਤੇ ਪਿਛਲੀ ਸੀਟ ’ਤੇ ਖੂਨ ਦੇ ਨਿਸ਼ਾਨ ਸਨ। ਪੁਲਿਸ ਨੇ ਟੈਕਸੀ ਨੂੰ ਕਬਜ਼ੇ ਵਿੱਚ ਲੈ ਕੇ ਮੌਕੇ ’ਤੇ ਹੀ ਮੋਬਾਈਲ ਫੋਰੈਂਸਿਕ ਮਾਹਿਰਾਂ ਤੋਂ ਜਾਂਚ ਕਰਵਾਈ। ਟੈਕਸੀ ਦੇ ਨੰਬਰ ਦੇ ਆਧਾਰ ’ਤੇ ਪੁਲਿਸ ਇਸ ਦੇ ਮਾਲਕ ਤੱਕ ਪਹੁੰਚੀ। ਮਲੋਆ ਵਾਸੀ ਟੈਕਸੀ ਮਾਲਕ ਪ੍ਰਦੀਪ ਨੇ ਦੱਸਿਆ ਕਿ ਵਿਜੇ ਨੇ ਕਰੀਬ ਤਿੰਨ ਦਿਨ ਪਹਿਲਾਂ ਟੈਕਸੀ ਕਿਰਾਏ ’ਤੇ ਲਈ ਸੀ। ਉਹ ਰੋਜ਼ਾਨਾ 700 ਰੁਪਏ ਕਿਰਾਇਆ ਦਿੰਦਾ ਸੀ। ਇਸ ਤੋਂ ਬਾਅਦ ਪੁਲਿਸ ਟੀਮ ਕੁਰਾਲੀ ਸਥਿਤ ਵਿਜੇ ਦੇ ਘਰ ਪਹੁੰਚੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਜੇ ਦਾ ਮੋਬਾਈਲ ਫੋਨ ਬੰਦ ਆ ਰਿਹਾ ਸੀ ਅਤੇ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਅਤੇ ਪਰਿਵਾਰ ਵੱਲੋਂ ਰਾਤ ਤੋਂ ਹੀ ਉਸ ਦੀ ਭਾਲ ਕੀਤੀ ਜਾ ਰਹੀ ਸੀ। ਰੈਪਿਡੋ ਲਈ ਟੈਕਸੀ ਚਲਾ ਰਿਹਾ ਸੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਵਿਜੇ ਟੈਕਸੀ ਰੈਪਿਡੋ ਲਈ ਚਲਾ ਰਿਹਾ ਸੀ। ਪੁਲਿਸ ਸ਼ੁੱਕਰਵਾਰ ਸਵੇਰ ਤੋਂ ਰਾਤ ਇਕ ਵਜੇ ਤੱਕ ਟੈਕਸੀ ਵਿੱਚ ਸਵਾਰ ਹੋਏ ਯਾਤਰੀਆਂ ਦਾ ਰਿਕਾਰਡ ਖੰਗਾਲ ਰਹੀ ਹੈ। ਐਪ ’ਤੇ ਰਜਿਸਟ੍ਰੇਸ਼ਨ ਕਰਵਾ ਕੇ ਟੈਕਸੀ ਵਿੱਚ ਸਫ਼ਰ ਕਰਨ ਵਾਲੇ ਕੁਝ ਯਾਤਰੀਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਚੁੱਕੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਵਿਜੇ ਨੇ ਕੁਝ ਯਾਤਰੀਆਂ ਨੂੰ ਬਿਨਾਂ ਰਜਿਸਟ੍ਰੇਸ਼ਨ ਦੇ ਵੀ ਟੈਕਸੀ ਵਿੱਚ ਬਿਠਾਇਆ ਸੀ। ਪੁਲਿਸ ਅਜਿਹੇ ਯਾਤਰੀਆਂ ਦੀ ਪਛਾਣ ਅਤੇ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਵਿਜੇ ਆਖਰੀ ਵਾਰ ਕਿਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਸੀ ਅਤੇ ਟੈਕਸੀ ਵਿੱਚ ਉਸ ਦੇ ਨਾਲ ਕੌਣ-ਕੌਣ ਸਵਾਰ ਹੋਏ ਸਨ। ਅਣਪਛਾਤੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਮਲੋਆ ਥਾਣਾ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮ ਨੇ ਘਟਨਾ ਸਥਾਨ ਅਤੇ ਟੈਕਸੀ ਤੋਂ ਮਿਲੇ ਸਬੂਤ ਕਬਜ਼ੇ ਵਿੱਚ ਲੈ ਲਏ ਹਨ। ਪੁਲਿਸ ਹੁਣ ਟੈਕਸੀ ਦੀਆਂ ਗਤੀਵਿਧੀਆਂ, ਯਾਤਰੀਆਂ ਦੇ ਰਿਕਾਰਡ ਅਤੇ ਮੋਬਾਈਲ ਫੋਨ ਨਾਲ ਜੁੜੇ ਸਬੂਤਾਂ ਦੇ ਆਧਾਰ ’ਤੇ ਕਾਤਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।