- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਬਿਕਰਮਜੀਤ ਸਿੰਘ ਚੌਧਰੀ, ਸੁਖਵਿੰਦਰ ਸਿੰਘ ਕੋਟਲੀ ਅਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਦੇ ਬਾਹਰ ਤੈਨਾਤ ਪੁਲਿਸ ਮੁਲਾਜ਼ਮਾਂ ਅਤੇ ਮਾਰਸ਼ਲਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ ਅਤੇ ਉਨ੍ਹਾਂ ਦੇ ਹੱਥੋਂ ਤਖ਼ਤੀਆਂ ਖੋਹ ਲਈਆਂ ਹਨ। ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ, ਜਦਕਿ ਸਪੀਕਰ ਨੇ ਪ੍ਰਸ਼ਨ ਕਾਲ ਤੋਂ ਬਾਅਦ ਇਸ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।

ਜੈ ਸਿੰਘ ਛਿੱਬਰ, ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਤੀਜਾ ਦਿਨ ਇੱਕ ਵਾਰ ਫਿਰ ਹੰਗਾਮੇ ਨਾਲ ਸ਼ੁਰੂ ਹੋਇਆ। ਕਾਂਗਰਸ ਦੇ ਵਿਧਾਇਕ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਦਨ ਵਿੱਚ ਪੁੱਜੇ। ਪਹਿਲਾਂ ਵਾਂਗ ਹੀ ਵਿਰੋਧੀ ਧਿਰ ਦੇ ਵਿਧਾਇਕ ਗਲਾਂ ਵਿੱਚ ਕਾਲੀਆਂ ਪੱਟੀਆਂ ਪਾ ਕੇ ਵਿਧਾਨ ਸਭਾ ਵਿੱਚ ਪੁੱਜੇ ਅਤੇ ਦੋਸ਼ ਲਾਇਆ ਕਿ ਹਾਲ ਹੀ ਵਿੱਚ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ ਹੈ। ਵਿਰੋਧੀ ਧਿਰ ਨੇ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ।
Updates...
ਵਿਧਾਨ ਸਭਾ ਦਾ ਸੈਸ਼ਨ ਵੀਰਵਾਰ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਦਨ ਸਾਰੇ ਵਿਧਾਇਕਾਂ ਦਾ ਸਤਿਕਾਰ ਕਰਦਾ ਹੈ ਅਤੇ ਜੇਕਰ ਕਿਸੇ ਮੈਂਬਰ ਨਾਲ ਦੁਰਵਿਵਹਾਰ ਕੀਤਾ ਗਿਆ ਹੈ ਤਾਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਕਿਹਾ ਕਿ ਜੇਕਰ ਕਿਸੇ ਵਿਧਾਇਕ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ ਤਾਂ ਸਰਕਾਰ ਮਾਮਲੇ ਦੀ ਜਾਂਚ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਬੁੱਧਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਰੋਧੀ ਧਿਰ ਕਾਂਗਰਸ ਨੇ ਸਦਨ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਬਿਕਰਮਜੀਤ ਸਿੰਘ ਚੌਧਰੀ, ਸੁਖਵਿੰਦਰ ਸਿੰਘ ਕੋਟਲੀ ਅਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਦੇ ਬਾਹਰ ਤੈਨਾਤ ਪੁਲਿਸ ਮੁਲਾਜ਼ਮਾਂ ਅਤੇ ਮਾਰਸ਼ਲਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ ਅਤੇ ਉਨ੍ਹਾਂ ਦੇ ਹੱਥੋਂ ਤਖ਼ਤੀਆਂ ਖੋਹ ਲਈਆਂ ਹਨ। ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ, ਜਦਕਿ ਸਪੀਕਰ ਨੇ ਪ੍ਰਸ਼ਨ ਕਾਲ ਤੋਂ ਬਾਅਦ ਇਸ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਵਿਧਾਇਕਾਂ ਦੇ ਮਾਣ-ਸਨਮਾਨ ਨੂੰ ਅਹਿਮ ਦੱਸਿਆ। ਹਾਲਾਂਕਿ, ਸਪੀਕਰ ਵੱਲੋਂ ਪ੍ਰਤਾਪ ਸਿੰਘ ਬਾਜਵਾ ਅਤੇ ਬਿਕਰਮਜੀਤ ਚੌਧਰੀ ਵੱਲੋਂ ਪੇਸ਼ ਕੀਤੇ ਗਏ ਕੰਮ ਰੋਕੂ ਮਤੇ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਮੈਂਬਰਾਂ ਨੇ ਹੋਰ ਵੀ ਹਮਲਾਵਰ ਰੁਖ਼ ਅਖ਼ਤਿਆਰ ਕਰ ਲਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਜਾਰੀ ਰੱਖੀ।
ਸਿਫ਼ਰ ਕਾਲ ਦੌਰਾਨ ਉਠਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਬਿੱਲ ਦਾ ਮੁੱਦਾ
ਇਸ ਤੋਂ ਬਾਅਦ ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਬਿੱਲ-2026’ ਨੂੰ ਲੈ ਕੇ ਵਿਰੋਧੀ ਧਿਰ ਅਤੇ ਸਰਕਾਰ ਦਰਮਿਆਨ ਸਦਨ ਵਿੱਚ ਜ਼ੋਰਦਾਰ ਬਹਿਸ ਹੋਈ। ਵਿਰੋਧੀ ਧਿਰ ਨੇ ਇਸ ਮੁੱਦੇ 'ਤੇ ਲਗਾਤਾਰ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੋਂ ਜਵਾਬ ਮੰਗਿਆ।
ਵਿਰੋਧੀ ਧਿਰ ਦੇ ਦੋਸ਼ਾਂ ਦਰਮਿਆਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਸਿੱਖ ਵਿਰੋਧੀ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਸਿੱਖਾਂ ਦੇ ਹੱਕ ਖੋਹੇ, ਉਨ੍ਹਾਂ ’ਤੇ ਤਸ਼ੱਦਦ ਕੀਤਾ ਅਤੇ ਨਿਰਦੋਸ਼ ਸਿੱਖਾਂ ਦਾ ਖੂਨ ਵਹਾਇਆ। ਉਨ੍ਹਾਂ ਕਿਹਾ ਕਿ ਅਜਿਹਾ ਇਤਿਹਾਸ ਰੱਖਣ ਵਾਲੀ ਪਾਰਟੀ ਨੂੰ ਇਸ ਮੁੱਦੇ 'ਤੇ ਰਾਜਨੀਤੀ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਇਸ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਰਕਾਰ ਸਿੱਖ ਧਾਰਮਿਕ ਸੰਸਥਾਵਾਂ ਅਤੇ ਉਨ੍ਹਾਂ ਦੀ ਮਰਿਆਦਾ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ ਸਾਰੇ ਫੈਸਲੇ ਤੱਥਾਂ ਅਤੇ ਨਿਯਮਾਂ ਦੇ ਆਧਾਰ 'ਤੇ ਲਏ ਜਾਂਦੇ ਹਨ।
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵੀ ਵਿਰੋਧੀ ਧਿਰ ਦੀਆਂ ਟਿੱਪਣੀਆਂ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਧਾਰਮਿਕ ਵਿਸ਼ੇ 'ਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਉਚਿਤ ਨਹੀਂ ਹੈ ਅਤੇ ਅਜਿਹੇ ਮਾਮਲਿਆਂ 'ਤੇ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹਾਲਾਂਕਿ ਇਸ ਦੌਰਾਨ ਗਨੀਵ ਕੌਰ ਮਜੀਠੀਆ ਨੇ ਵੀ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਪਰ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਸਦਨ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ।
ਤਾਰੀਖ 'ਤੇ ਤਾਰੀਖ, ਤਾਰੀਖ ਨਹੀਂ
ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਨੇ ਪ੍ਰਸ਼ਨਕਾਲ ਦੌਰਾਨ ਉਨਾਂ ਦੇ ਹਲਕੇ ਵਿੱਚ ਬਣਨ ਵਾਲੀਆਂ ਦੋ ਮਾਰਕੀਟ ਕਮੇਟੀਆਂ ਦਾ ਮੁੱਦਾ ਚੁੱਕਿਆ। ਗੋਲਡੀ ਕੰਬੋਜ ਨੇ ਕਿਹਾ ਕਿ ਉਨਾਂ ਦੇ ਹਲਕੇ ਵਿੱਚ ਦੋ ਨਵੀਆਂ ਮਾਰਕੀਟ ਕਮੇਟੀਆਂ ਦਾ ਨਿਰਮਾਣ ਕੀਤਾ ਜਾਣਾ ਹੈ। ਪਰ ਇਸ ਤੇ ਵਾਰ-ਵਾਰ ਇਤਰਾਜ਼ ਲਗਾਏ ਜਾ ਰਹੇ ਹਨ ਉਹਨਾਂ ਸਦਨ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੂੰ ਅਪੀਲ ਕੀਤੀ ਕਿ ਵਾਰ-ਵਾਰ ਇਤਰਾਜ਼ ਲਗਾਉਣ ਦੀ ਬਜਾਏ ਇੱਕੋ ਵਾਰ ਸਾਰੇ ਇਤਰਾਜ਼ ਲਗਾ ਦਿੱਤੇ ਜਾਣ ਤਾਂ ਜੋ ਸਾਰੇ ਇਤਰਾਜ਼ਾਂ ਨੂੰ ਇੱਕ ਵਾਰ ਹੀ ਦੂਰ ਕੀਤਾ ਜਾ ਸਕੇ।
ਮੰਤਰੀ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਤਾਰੀਖ 'ਤੇ ਤਾਰੀਖ ਤੇ ਤਾਰੀਖ ਇਹ ਨਹੀਂ ਚੱਲੇਗੀ ਮੰਤਰੀ ਸਾਹਿਬ ਇੱਕ ਵਾਰ ਹੀ ਸਾਰੇ ਇਤਰਾਜ਼ ਲਗਾ ਦਿੱਤੇ ਜਾਣ।
ਵਰਨਣ ਯੋਗ ਹੈ ਕਿ ਬੀਤੇ ਕੱਲ੍ਹ ਜਦੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਯਾਲੀ ਨੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਸੈਸ਼ਨ ਵਿੱਚ ਭਾਗ ਲੈਣ ਲਈ ਹਾਈ ਕੋਰਟ ਵਿੱਚ ਪੈਰੋਲ ਮੰਗਣ ਦੀ ਲਗਾਈ ਗਈ ਅਰਜ਼ੀ ਉੱਤੇ ਸਰਕਾਰ ਵੱਲੋਂ ਵਾਰ-ਵਾਰ ਤਰਹੀ ਕਲੇਨ ਦਾ ਮੁੱਦਾ ਚੱਕਿਆ ਤਾਂ ਸਪੀਕਰ ਸਮੇਤ ਸਮੁੱਚੀ ਸੱਤਾ ਧਿਰ ਚੁੱਪ ਰਹੀ ਪਰ ਅੱਜ ਜਿਉਂ ਹੀ ਹੁਕਮਰਾਨ ਧਿਰ ਦੇ ਵਿਧਾਇਕ ਨੇ ਵਾਰ-ਵਾਰ ਤਰੀਕ ਦੇਣ ਦਾ ਮਸਲਾ ਚੁੱਕਿਆ ਤਾਂ ਸਪੀਕਰ ਨੇ ਝੱਟ ਮੰਤਰੀ ਨੂੰ ਵਾਰ ਵਾਰ ਤਰੀਕਾਂ ਨਾ ਦੇਣ ਦੀ ਨਸੀਹਤ ਦਿੱਤੀ।
ਕੀ ਪਤਾ ਕਦੋਂ ਕਿਹਨੂੰ ਜੇਲ ਜਾਣਾ ਪੈ ਜਾਵੇ ! ਪਠਾਣਮਾਜਰਾ
ਹੁਕਮਰਾਨ ਧਿਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਵੱਲੋਂ ਅੱਜ ਪੁੱਛੇ ਗਏ ਸਵਾਲ 'ਤੇ ਸਦਨ ਵਿੱਚ ਸਾਰੇ ਹੱਸ ਪਏ । ਪਠਾਣਮਾਜਰਾ ਨੇ ਬਠਿੰਡਾ ਜੇਲ੍ਹ ਵਿੱਚ ਵਾਟਰ ਕੂਲਰ ਲਗਾਉਣ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਜੇਲ੍ਹ ਵਿੱਚ ਸਿਰਫ ਇੱਕ ਵਾਟਰ ਕੂਲਰ ਹੈ ਜਦੋਂ ਕਿ ਜੇਲ੍ਹ ਵਿੱਚ ਕੈਦੀਆਂ ਦੀ ਗਿਣਤੀ 2000 ਤੋਂ ਉੱਪਰ ਹੈ ਜਿਸ ਕਰਕੇ ਕੈਦੀਆਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਕਿੱਲਤ ਹੁੰਦੀ ਹੈ। ਪਠਾਣਮਾਜਰਾ ਨੇ ਕਿਹਾ ਕਿ ਉਹਨਾਂ ਨੂੰ ਜੇਲ੍ਹ ਵਿੱਚ ਜਾਣ ਦਾ ਤਜ਼ਰਬਾ ਹੋਇਆ ਹੈ, ਪਰ ਹੁਣ ਤਾਂ ਕਈ ਜਣੇ ਜੇਲ੍ਹ ਜਾ ਚੁੱਕੇ ਹਨ ਇਹ ਵੀ ਨਹੀਂ ਪਤਾ ਕਿ ਕਦੋਂ ਕਿਸੇ ਨੂੰ ਜੇਲ੍ਹ ਜਾਣਾ ਪੈ ਜਾਵੇ।
ਇਸ ਦੇ ਜਵਾਬ ਵਿੱਚ ਜੇਲ੍ਹ ਮੰਤਰੀ ਰਵਜੋਤ ਸਿੰਘ ਨੇ ਕਿਹਾ ਕਿ ਸਰਕਾਰ ਸਾਰੀਆਂ ਜੇਲ੍ਹਾਂ ਵਿੱਚ ਵਾਟਰ ਕੂਲਰ ਲਗਾਉਣ ਜਾ ਰਹੀ ਹੈ ਬਕਾਇਦਾ ਇਸਦਾ ਟੈਂਡਰ ਹੋ ਚੁੱਕਿਆ ਹੈ। ਡਾਕਟਰ ਰਵਜੋਤ ਸਿੰਘ ਨੇ ਜੇਲ੍ਹਾਂ ਵਿੱਚ ਸਮਰੱਥਾ ਤੋਂ ਵੱਧ ਕੈਦੀ ਹੋਣ ਦੀ ਗੱਲ ਵੀ ਕਹੀ।
ਗਰੀਬਾਂ ਨੇ ਜਿਤਾਉਣਾ ਸਕੂਲਾਂ ਵਿੱਚ ਬਿਜਲੀ ਦਾ ਪ੍ਰਬੰਧ ਕਰੋ: ਪਠਾਣਮਾਜਰਾ
ਹੁਕਮਰਾਨ ਧਿਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਕੂਲਾਂ ਵਿੱਚ ਬਿਜਲੀ ਨਾ ਹੋਣ ਦਾ ਮੁੱਦਾ ਅੱਜ ਵਿਧਾਨ ਸਭਾ ਵਿੱਚ ਚੁੱਕਿਆ। ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਬਹੁਤ ਸਾਰੇ ਸਰਕਾਰੀ ਸਕੂਲਾਂ ਨੂੰ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਏਸੀ ਦਿੱਤੇ ਗਏ ਹਨ ਤਾਂ ਜੋ ਗਰੀਬਾਂ ਦੇ ਲੋਕ ਵੀ ਬੱਚੇ ਵੀ ਏਸੀ ਵਾਲੇ ਕਮਰਿਆਂ ਵਿੱਚ ਬੈਠ ਕੇ ਪੜ੍ਹ ਸਕਣ ਪਰ ਬਹੁਤ ਸਾਰੇ ਸਕੂਲਾਂ ਵਿੱਚ ਬਿਜਲੀ ਨਹੀਂ ਹੈ। ਜਿਸ ਕਰਕੇ ਏਸੀ ਸ਼ੋਅ ਪੀਸ ਬਣ ਕੇ ਰਹਿ ਗਏ ਨੇ ਪਠਾਣਮਾਜਰਾ ਨੇ ਕਿਹਾ ਕਿ ਅਮੀਰਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਨ ਚਲੇ ਗਏ ਹਨ ਜਾਂ ਫਿਰ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਹਨ ਪਰ ਗਰੀਬਾਂ ਦੇ ਬੱਚਿਆਂ ਨੂੰ ਪੜ੍ਨ ਲਈ ਏਸੀ ਨਹੀਂ ਚਲਾਏ ਜਾ ਰਹੇ। ਉਹਨਾਂ ਨੇ ਕਿਹਾ ਕਿ ਸਕੂਲਾਂ ਦੇ ਮੁਖੀ ਅਤੇ ਅਧਿਆਪਕ ਇਸ ਲਈ ਫਿਕਰਮੰਦ ਹਨ ਕਿ ਜੇਕਰ ਬਿਜਲੀ ਤੇ ਏਸੀ ਚਲਾ ਲੈਣਗੇ ਤਾਂ ਬਿਜਲੀ ਦਾ ਬਿੱਲ ਨਾ ਭੁਗਤਾਨ ਕੀਤੇ ਜਾਣ ਕੰਨ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਪਠਾਣਮਾਜਰਾ ਨੇ ਕਿਹਾ ਕਿ ਪਿਛਲੀ ਵਾਰ ਸਦਨ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਕੂਲਾਂ ਵਿੱਚ ਸੋਲਰ ਪਲਾਂਟ ਲਗਾਉਣ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਸੋਲਰ ਪਲਾਟ ਲੱਗ ਨਹੀਂ ਸਕੇ। ਪਠਾਣ ਮਾਜਰਾ ਨੇ ਕਿਹਾ ਕਿ ਗਰੀਬਾਂ ਨੇ ਹੀ ਵੋਟਾਂ ਪਾਉਣੀਆਂ ਹਨ। ਇਸ ਲਈ ਸਰਕਾਰੀ ਸਕੂਲਾਂ ਵਿੱਚ ਇਹ ਸੀ ਚਲਾ ਦਿੱਤੇ ਜਾਣ। ਇਸ ਦੇ ਜਵਾਬ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਉਹ ਹੁਣ ਵੀ ਪੇਡਾ ਦੇ ਰਾਹੀਂ ਸਕੂਲਾਂ, ਸਰਕਾਰੀ ਅਤੇ ਨਿੱਜੀ ਇਮਾਰਤਾਂ ਵਿੱਚ ਸੋਲਰ ਸਿਸਟਮ ਲਗਾਉਣ ਲਈ ਤਿਆਰ ਹਨ। ਇਸ ਮੌਕੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਸਕੂਲਾਂ ਦੇ ਮੀਟਰ ਕੱਟਣ ਬਾਰੇ ਪਾਵਰ ਕੌਮ ਦੇ ਅਧਿਕਾਰੀਆਂ ਨੂੰ ਸਖਤ ਹੁਕਮ ਦਿੱਤੇ ਗਏ ਹਨ ਕਿ ਕਿਸੇ ਵੀ ਸਕੂਲ ਦਾ ਬਿਲ ਨਾ ਭਰਨ ਉੱਤੇ ਕੁਨੈਕਸ਼ਨ ਨਾ ਕੱਟਿਆ ਜਾਵੇ।
ਇੰਦਰਬੀਰ ਸਿੰਘ ਨਿੱਜਰ ਨੇ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਕਈ ਮੰਗਾਂ ਚੁੱਕੀਆਂ
ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਕਈ ਮੰਗਾਂ ਚੁੱਕਦਿਆਂ ਕਿਹਾ ਹੈ ਕਿ ਸਿੱਖ ਮਰਿਆਦਾ ਅਨੁਸਾਰ ਗੁਰਬਾਣੀ ਦਾ ਸਾਰੇ ਚੈਨਲਾਂ 'ਤੇ ਮੁਫ਼ਤ ਅਤੇ ਨਿਰਪੱਖ ਪ੍ਰਸਾਰਨ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ ਅਤੇ ਇਸ ਦਾ ਕਿਸੇ ਵੀ ਤਰ੍ਹਾਂ ਵਪਾਰੀਕਰਨ ਨਹੀਂ ਹੋਣਾ ਚਾਹੀਦਾ।
ਨਿੱਜਰ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਨ 'ਤੇ ਕਿਸੇ ਵੀ ਤਰ੍ਹਾਂ ਦੀ ਕਥਿਤ ਏਕਾਧਿਕਾਰ ਵਿਵਸਥਾ ਖ਼ਤਮ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਸਾਰੇ ਚੈਨਲਾਂ ਨੂੰ ਬਰਾਬਰ ਮੌਕਾ ਮਿਲ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਬਾਣੀ ਦਾ ਸੰਦੇਸ਼ ਵੱਧ ਤੋਂ ਵੱਧ ਸੰਗਤ ਤੱਕ ਬਿਨਾਂ ਕਿਸੇ ਭੇਦਭਾਵ ਅਤੇ ਬਿਨਾਂ ਕਿਸੇ ਵਪਾਰਕ ਰੁਕਾਵਟ ਦੇ ਪਹੁੰਚਣਾ ਚਾਹੀਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਪ੍ਰਣਾਲੀ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਕਥਿਤ ਤੌਰ 'ਤੇ ਵਿੱਤੀ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਇਸ ਪ੍ਰਣਾਲੀ ਕਾਰਨ ਸ਼੍ਰੋਮਣੀ ਕਮੇਟੀ ਨੂੰ ਵਿੱਤੀ ਨੁਕਸਾਨ ਹੋਇਆ ਹੈ, ਤਾਂ ਇਸਦੀ ਭਰਪਾਈ ਕੀਤੀ ਜਾਵੇ। ਉਨ੍ਹਾਂ 7.5 ਕਰੋੜ ਰੁਪਏ ਦੀ ਕਥਿਤ ਬਕਾਇਆ ਰਕਮ ਦੀ ਤੁਰੰਤ ਵਸੂਲੀ ਦੀ ਵੀ ਮੰਗ ਕੀਤੀ।
ਵਿਧਾਇਕ ਨੇ ਐੱਸ.ਜੀ.ਪੀ.ਸੀ. ਨੂੰ ਅਪੀਲ ਕੀਤੀ ਕਿ ਉਹ ਬਾਰ-ਬਾਰ ਹੋਣ ਵਾਲੇ ਖ਼ਰਚਿਆਂ ਤੋਂ ਬਚਣ ਅਤੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣਾ ਖ਼ੁਦ ਦਾ ਪ੍ਰਸਾਰਨ ਢਾਂਚਾ ਵਿਕਸਿਤ ਕਰੇ। ਉਨ੍ਹਾਂ ਕਿਹਾ ਕਿ ਆਪਣਾ ਪ੍ਰਸਾਰਣ ਪ੍ਰਣਾਲੀ ਹੋਣ ਨਾਲ ਗੁਰਬਾਣੀ ਦੇ ਪ੍ਰਸਾਰਣ ਲਈ ਬਾਹਰੀ ਸਰੋਤਾਂ 'ਤੇ ਨਿਰਭਰਤਾ ਘੱਟ ਜਾਵੇਗੀ, ਜਿਸ ਨਾਲ ਲੰਬੇ ਸਮੇਂ ਵਿੱਚ ਬੇਲੋੜੇ ਖਰਚੇ ਘੱਟ ਹੋਣਗੇ।
ਇੰਦਰਬੀਰ ਸਿੰਘ ਨਿੱਜਰ ਨੇ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਦੀ ਨਵੀਂ ਨਿਯੁਕਤੀ ਵੀ ਜਲਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਮਿਸ਼ਨ ਨਾਲ ਜੁੜੇ ਮਾਮਲਿਆਂ ਦੇ ਪ੍ਰਭਾਵਸ਼ਾਲੀ ਸੰਚਾਲਨ ਲਈ ਚੇਅਰਮੈਨ ਦਾ ਅਹੁਦਾ ਜਲਦ ਭਰਿਆ ਜਾਣਾ ਲਾਜ਼ਮੀ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਲਦੀ ਚੋਣਾਂ ਕਰਵਾਉਣ ਦੀ ਵੀ ਮੰਗ ਕੀਤੀ, ਇਹ ਕਹਿੰਦੇ ਹੋਏ ਕਿ ਇੱਕ ਨਵੀਂ ਪ੍ਰਤੀਨਿਧੀ ਸੰਸਥਾ ਦਾ ਗਠਨ ਸਮੇਂ ਸਿਰ ਅਤੇ ਲੋਕਤੰਤਰੀ ਢੰਗ ਨਾਲ ਹੋਣਾ ਚਾਹੀਦਾ ਹੈ।
ਨਿੱਜਰ ਨੇ ਦੋਹਰਾਇਆ ਕਿ ਗੁਰਬਾਣੀ ਕਿਸੇ ਸੰਸਥਾ, ਵਿਅਕਤੀ ਜਾਂ ਵਪਾਰਕ ਹਿੱਤ ਦਾ ਵਿਸ਼ਾ ਨਹੀਂ, ਬਲਕਿ ਸੰਪੂਰਨ ਸਿੱਖ ਕੌਮ ਦੀ ਆਸਥਾ ਅਤੇ ਸ਼ਰਧਾ ਦਾ ਕੇਂਦਰ ਹੈ। ਇਸ ਲਈ ਇਸ ਦੇ ਪ੍ਰਸਾਰਨ ਨਾਲ ਜੁੜੇ ਸਾਰੇ ਫ਼ੈਸਲੇ ਸਿੱਖ ਮਰਿਆਦਾ, ਪਾਰਦਰਸ਼ਤਾ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਲਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਉਦੇਸ਼ ਅਧਿਆਤਮਿਕ ਸੰਦੇਸ਼ ਫੈਲਾਉਣਾ ਹੈ, ਇਸ ਲਈ ਇਸਨੂੰ ਵਪਾਰਕ ਗਤੀਵਿਧੀ ਦਾ ਮਾਧਿਅਮ ਨਹੀਂ ਬਣਾਇਆ ਜਾਣਾ ਚਾਹੀਦਾ।