- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਤੋ ’ਚ ਸੰਧਵਾਂ ਦੀਆਂ ਗੇੜੀਆਂ, ਕੋਟਕਪੂਰਾ ’ਚ ਅਮੋਲਕ ਸਿੰਘ ਦੀਆਂ ਸਰਗਰਮੀਆਂ;

ਆਮ ਆਦਮੀ ਪਾਰਟੀ ਦੇ ਦੋਵਾਂ ਆਗੂਆਂ ਦੀ ਸਿਆਸੀ ਚਾਲ ਨੇ ਛੇੜੀ ਨਵੀਂ ਚਰਚਾ
ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਦੌਰਾਨ ਜ਼ਿਲ੍ਹਾ ਫ਼ਰੀਦਕੋਟ ਦੇ ਹਲਕਾ ਜੈਤੋ ਅਤੇ ਕੋਟਕਪੂਰਾ ਵਿੱਚ ਆਮ ਆਦਮੀ ਪਾਰਟੀ ਦੇ ਦੋ ਪ੍ਰਮੁੱਖ ਆਗੂਆਂ ਦੀਆਂ ਸਰਗਰਮੀਆਂ ਨੇ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜਿੱਥੇ 4 ਨਵੰਬਰ ਤੋਂ ਜੈਤੋ ਹਲਕੇ ਵਿੱਚ ਲਗਾਤਾਰ ਗੇੜੀਆਂ ਮਾਰ ਰਹੇ ਹਨ, ਉੱਥੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੀ ਕੋਟਕਪੂਰਾ ਵਿੱਚ ਪਾਰਟੀ ਦੇ ਪੁਰਾਣੇ ਵਰਕਰਾਂ ਨਾਲ ਮੇਲ-ਮਿਲਾਪ ਵਧਾ ਰਹੇ ਹਨ। ਦਿਲਚਸਪ ਪਹਿਲੂ ਇਹ ਹੈ ਕਿ ਪਾਰਟੀ ਵੱਲੋਂ 2027 ਦੀਆਂ ਚੋਣਾਂ ਲਈ ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ ਅਤੇ ਜੈਤੋ ਤੋਂ ਅਮੋਲਕ ਸਿੰਘ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਇਸ ਦੇ ਬਾਵਜੂਦ ਦੋਵੇਂ ਆਗੂ ਆਪਣੇ ਮੌਜੂਦਾ ਹਲਕਿਆਂ ਦੀ ਬਜਾਏ ਦੂਜੇ ਹਲਕੇ ਵਿੱਚ ਵੀ ਸਰਗਰਮ ਦਿਖਾਈ ਦੇ ਰਹੇ ਹਨ। ਸਿਆਸੀ ਹਲਕਿਆਂ ਵਿੱਚ ਇਸ ਨੂੰ ਮਹਿਜ਼ ਮੇਲ-ਮਿਲਾਪ ਦੀ ਬਜਾਏ 2027 ਤੋਂ ਪਹਿਲਾਂ ਆਪਣੇ ਪੁਰਾਣੇ ਸਿਆਸੀ ਸੰਪਰਕਾਂ ਨੂੰ ਮੁੜ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਪਿਛਲੇ 4 ਨਵੰਬਰ ਤੋਂ ਜੈਤੋ ਹਲਕੇ ਵਿੱਚ ਲਗਾਤਾਰ ਆਉਣਾ-ਜਾਣਾ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦਾ ਮੁੱਖ ਧਿਆਨ ਪਾਰਟੀ ਦੇ ਪੁਰਾਣੇ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤਾਂ ਕਰਨ ’ਤੇ ਰਿਹਾ ਹੈ। ਜਾਣਕਾਰੀ ਅਨੁਸਾਰ 4 ਨਵੰਬਰ ਨੂੰ ਉਨ੍ਹਾਂ ਨੇ ਪੰਜਾਬ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਅਤੇ ਪਾਰਟੀ ਦੇ ਪੁਰਾਣੇ ਵਰਕਰ ਧਰਮਜੀਤ ਰਾਮੇਆਣਾ ਦੇ ਘਰ ਨਾਸ਼ਤਾ ਕੀਤਾ ਸੀ। ਇਸ ਮੌਕੇ ਹੋਰ ਪੁਰਾਣੇ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ ਗਈ। ਇਸ ਤੋਂ ਬਾਅਦ ਉਹ ਪਿੰਡ ਔਲਖ ਵਿਖੇ ਕਰਵਾਏ ਗਏ ਟੂਰਨਾਮੈਂਟ ਵਿੱਚ ਪਹੁੰਚੇ। ਬੀਤੇ ਦਿਨਾਂ ਦੌਰਾਨ ਉਨ੍ਹਾਂ ਦੀਆਂ ਮੁੜ ਜੈਤੋ ਹਲਕੇ ਵਿੱਚ ਫੇਰੀਆਂ ਹੋਈਆਂ ਅਤੇ ਬਰਗਾੜੀ ਵਿਖੇ ਪਾਰਟੀ ਵਰਕਰਾਂ ਦੇ ਪ੍ਰੋਗਰਾਮ ਵਿੱਚ ਵੀ ਸ਼ਮੂਲੀਅਤ ਕੀਤੀ। ਸੰਧਵਾਂ ਦਾ ਜੈਤੋ ਨਾਲ ਪੁਰਾਣਾ ਸਿਆਸੀ ਅਤੇ ਸਮਾਜਿਕ ਨਾਤਾ ਰਿਹਾ ਹੈ। ਇੱਥੇ ਉਨ੍ਹਾਂ ਦੇ ਕਈ ਪੁਰਾਣੇ ਸਿਆਸੀ ਸਾਥੀ ਅਤੇ ਸਮਰਥਕ ਮੌਜੂਦ ਹਨ, ਜਿਨ੍ਹਾਂ ਨਾਲ ਮੁੜ ਸਰਗਰਮ ਸੰਪਰਕ ਬਣਾਉਣਾ ਸਿਆਸੀ ਤੌਰ ’ਤੇ ਅਹਿਮ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੀ ਕੋਟਕਪੂਰਾ ਵਿੱਚ ਪਾਰਟੀ ਦੇ ਪੁਰਾਣੇ ਵਰਕਰਾਂ ਅਤੇ ਆਗੂਆਂ ਨਾਲ ਸੰਪਰਕ ਬਣਾ ਰਹੇ ਹਨ। ਚਰਚਾ ਹੈ ਕਿ ਉਹ ਉਨ੍ਹਾਂ ਵਰਕਰਾਂ ਤੱਕ ਵੀ ਪਹੁੰਚ ਕਰ ਰਹੇ ਹਨ, ਜਿਨ੍ਹਾਂ ਦੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਕਿਸੇ ਕਾਰਨ ਨਾਰਾਜ਼ਗੀ ਦੱਸੀ ਜਾਂਦੀ ਹੈ। ਅਮੋਲਕ ਸਿੰਘ ਦਾ ਕੋਟਕਪੂਰਾ ਨਾਲ ਪੁਰਾਣਾ ਪਰਿਵਾਰਕ ਅਤੇ ਸਮਾਜਿਕ ਸਬੰਧ ਹੈ। ਉਹ ਇੱਥੋਂ ਦੇ ਜੰਮਪਲ ਹਨ ਅਤੇ ਉਨ੍ਹਾਂ ਦਾ ਜੱਦੀ ਘਰ ਵੀ ਕੋਟਕਪੂਰਾ ਵਿੱਚ ਹੈ। ਵਿਧਾਇਕ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਕਾਫ਼ੀ ਸਮਾਂ ਇਸੇ ਇਲਾਕੇ ਵਿੱਚ ਬਿਤਾਇਆ ਹੈ। ਉਨ੍ਹਾਂ ਦੇ ਪਿਤਾ ਵੱਲੋਂ ਇਲਾਕੇ ਵਿੱਚ ਕੀਤੇ ਕੰਮਾਂ ਅਤੇ ਪਰਿਵਾਰ ਦੇ ਪੁਰਾਣੇ ਸਬੰਧਾਂ ਕਾਰਨ ਇੱਥੇ ਉਨ੍ਹਾਂ ਦਾ ਆਪਣਾ ਸਮਰਥਕ ਵਰਗ ਮੰਨਿਆ ਜਾਂਦਾ ਹੈ।
ਆਪਸੀ ਸਿਆਸੀ ਪਕੜ ਜਾਂ ਪਾਰਟੀ ਦੀ ਮਜ਼ਬੂਤੀ?
ਦੋਵਾਂ ਆਗੂਆਂ ਦੀਆਂ ਸਰਗਰਮੀਆਂ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਦੋਵੇਂ ਆਪਣੇ ਹਲਕਿਆਂ ਤੋਂ ਬਾਹਰ ਜਾ ਕੇ ਅਜਿਹੇ ਵਰਕਰਾਂ ਨਾਲ ਨੇੜਤਾ ਵਧਾ ਰਹੇ ਹਨ, ਜਿਨ੍ਹਾਂ ਦੀ ਆਪੋ-ਆਪਣੇ ਹਲਕਿਆਂ ਵਿੱਚ ਨਾਰਾਜ਼ਗੀ ਦੀ ਚਰਚਾ ਹੈ। ਕੀ ਇਹ ਨਾਰਾਜ਼ ਵਰਕਰਾਂ ਨੂੰ ਮੁੜ ਪਾਰਟੀ ਨਾਲ ਜੋੜਨ ਦੀ ਸਾਂਝੀ ਕੋਸ਼ਿਸ਼ ਹੈ ਜਾਂ ਫਿਰ ਦੋਵੇਂ ਆਗੂ ਆਪਣੇ-ਆਪਣੇ ਸਿਆਸੀ ਪ੍ਰਭਾਵ ਦਾ ਘੇਰਾ ਵਧਾਉਣ ਵਿੱਚ ਜੁਟੇ ਹੋਏ ਹਨ? ਇਸ ਬਾਰੇ ਦੋਵਾਂ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਇਨ੍ਹਾਂ ਸਰਗਰਮੀਆਂ ਦਾ ਪਾਰਟੀ ਨੂੰ ਫਾਇਦਾ ਵੀ ਹੋ ਸਕਦਾ ਹੈ ਅਤੇ ਨੁਕਸਾਨ ਵੀ। ਜੇਕਰ ਦੋਵੇਂ ਆਗੂ ਦੂਜੇ ਹਲਕੇ ਦੇ ਨਾਰਾਜ਼ ਵਰਕਰਾਂ ਨੂੰ ਨਾਲ ਜੋੜਨ ਵਿੱਚ ਸਫ਼ਲ ਰਹਿੰਦੇ ਹਨ ਤਾਂ ‘ਆਪ’ ਨੂੰ ਦੋਵਾਂ ਸੀਟਾਂ ’ਤੇ ਵਾਧੂ ਸਿਆਸੀ ਤਾਕਤ ਮਿਲ ਸਕਦੀ ਹੈ। ਪਰ ਜੇਕਰ ਇਹ ਮੁਲਾਕਾਤਾਂ ਇੱਕ-ਦੂਜੇ ਦੇ ਸਿਆਸੀ ਪ੍ਰਭਾਵ ਨੂੰ ਚੁਣੌਤੀ ਦੇਣ ਵਜੋਂ ਦੇਖੀਆਂ ਜਾਣ ਲੱਗੀਆਂ ਤਾਂ ਪਾਰਟੀ ਅੰਦਰ ਧੜੇਬੰਦੀ ਹੋਰ ਵਧਣ ਦਾ ਖ਼ਦਸ਼ਾ ਵੀ ਬਣ ਸਕਦਾ ਹੈ।
ਹਾਈਕਮਾਂਡ ਲਈ ਦੋਵਾਂ ਹਲਕਿਆਂ ’ਚ ਸੰਤੁਲਨ ਬਣਾਉਣਾ ਚੁਣੌਤੀ
ਹੁਣ ਪਾਰਟੀ ਦੀ ਸੂਬਾਈ ਲੀਡਰਸ਼ਿਪ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੋਵਾਂ ਹਲਕਿਆਂ ਦੇ ਪੁਰਾਣੇ ਅਤੇ ਨਵੇਂ ਵਰਕਰਾਂ ਨੂੰ ਇਕਜੁੱਟ ਰੱਖਣ ਦੀ ਹੋਵੇਗੀ। ਟਿਕਟਾਂ ਦੇ ਐਲਾਨ ਨਾਲ ਉਮੀਦਵਾਰ ਤੈਅ ਹੋ ਗਏ ਹਨ, ਪਰ ਚੋਣਾਂ ਜਿੱਤਣ ਲਈ ਵਰਕਰਾਂ ਦੀ ਸਾਂਝੀ ਤਾਕਤ ਅਤੇ ਆਗੂਆਂ ਵਿਚਕਾਰ ਤਾਲਮੇਲ ਵੀ ਲਾਜ਼ਮੀ ਹੈ। ਫਿਲਹਾਲ ਜੈਤੋ ਵਿੱਚ ਸੰਧਵਾਂ ਦੀਆਂ ਗੇੜੀਆਂ ਅਤੇ ਕੋਟਕਪੂਰਾ ਵਿੱਚ ਅਮੋਲਕ ਸਿੰਘ ਦਾ ਮੇਲ-ਮਿਲਾਪ ਇਹ ਸੰਕੇਤ ਦੇ ਰਿਹਾ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਦੋਵਾਂ ਹਲਕਿਆਂ ਦੀ ਸਿਆਸਤ ਵਿੱਚ ਪਰਦੇ ਪਿੱਛੇ ਕਈ ਸਮੀਕਰਨ ਬਣ ਰਹੇ ਹਨ।