ਜਗੀਰ ਸੱਧਰ ਕਾਵਿ ਚਿੰਤਨ ਤੇ ਸਨਮਾਨ ਸਮਾਗਮ ਕਰਵਾਇਆ ਜਗੀਰ ਸੱਧਰ ਦੀ ਕਾਵਿ-ਸਿਰਜਣਾ 'ਤੇ ਕੇਂਦਰਿਤ ‘ਜਗੀਰ ਸੱਧਰ ਕਾਵਿ-ਚਿੰਤਨ ਤੇ ਸਨਮਾਨ’ ਸਮਾਗਮ ਕਰਵਾਇਆ
Publish Date: Wed, 05 Aug 2026 04:23 PM (IST)
Updated Date: Wed, 05 Aug 2026 04:25 PM (IST)
ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ ਸਥਾਨਕ ਦੇਸ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਪੰਜਾਬੀ ਦੇ ਪ੍ਰਬੁੱਧ ਸ਼ਾਇਰ ਜਗੀਰ ਸੱਧਰ ਦੀ ਕਾਵਿ-ਸਿਰਜਣਾ ਨੂੰ ਸਮਰਪਿਤ ‘ਜਗੀਰ ਸੱਧਰ ਕਾਵਿ-ਚਿੰਤਨ ਤੇ ਸਨਮਾਨ’ ਸਮਾਗਮ ਕਰਵਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਗੁਰਤੇਜ ਕੋਹਾਰਵਾਲਾ ਅਤੇ ਹਰਮੀਤ ਵਿਦਿਆਰਥੀ ਨੇ ਕੀਤੀ, ਜਦਕਿ ਸੁਖਚੈਨ ਸਿੰਘ ਬਰਾੜ, ਮੁੱਖ ਪ੍ਰਬੰਧਕ, ਮੇਜਰ ਅਜਾਇਬ ਸਿੰਘ ਐਜੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ਨਾਲ ਹੋਈ। ਇਸ ਮੌਕੇ ਡਾ. ਰਾਜੇਸ਼ ਮੋਹਨ, ਪ੍ਰਿੰਸੀਪਲ, ਦੇਸ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਦਿਆਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਉਪਰੰਤ ਸੁਰ-ਆਂਗਣ ਦੇ ਕਲਾਕਾਰ ਗਗਨਦੀਪ ਕੌਰ ਅਤੇ ਹਰਸ਼ਵਰਧਨ ਨੇ ਜਗੀਰ ਸੱਧਰ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਸੁਰੀਲਾ ਗਾਇਨ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸਮਾਗਮ ਦੌਰਾਨ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਆਲੋਚਕ ਡਾ. ਜਗਵਿੰਦਰ ਜੋਧਾ ਨੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਜਗੀਰ ਸੱਧਰ ਨੂੰ ਪੰਜਾਬੀ ਦਾ ਸਮਰੱਥ ਪਰ ਅਣਗੌਲਿਆ ਕਵੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਗੀਰ ਸੱਧਰ ਦੀ ਸ਼ਾਇਰੀ ਵਿਸ਼ਿਆਂ ਦੀ ਵੰਨ-ਸਵੰਨਤਾ ਅਤੇ ਸਮਾਜਿਕ ਸਰੋਕਾਰਾਂ ਨਾਲ ਭਰਪੂਰ ਹੈ। ਇਸ ਤੋਂ ਬਾਅਦ ਉੱਘੇ ਕਵੀ ਅਤੇ ਆਲੋਚਕ ਡਾ. ਦੇਵਿੰਦਰ ਸੈਫ਼ੀ ਨੇ ਆਪਣੇ ਖੋਜ-ਪੱਤਰ ਵਿੱਚ ਜਗੀਰ ਸੱਧਰ ਦੀ ਕਵਿਤਾ ਦੇ ਸਮਾਜਿਕ ਅਤੇ ਇਤਿਹਾਸਕ ਪ੍ਰਸੰਗਾਂ ਨੂੰ ਵਿਸਥਾਰ ਨਾਲ ਉਜਾਗਰ ਕੀਤਾ। ਦੋਵਾਂ ਖੋਜ-ਪੱਤਰਾਂ ਤੇ ਟਿੱਪਣੀ ਕਰਦਿਆਂ ਡਾ. ਜਲੌਰ ਸਿੰਘ ਖੀਵਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਜਗੀਰ ਸੱਧਰ ਨਾਲ ਜੁੜੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ। ਇਸੇ ਤਰ੍ਹਾਂ ਪੰਜਾਬੀ ਕਵੀ ਅਤੇ ਵਾਰਤਕਾਰ ਕੁਮਾਰ ਜਗਦੇਵ ਸਿੰਘ ਅਤੇ ਪ੍ਰਸਿੱਧ ਸ਼ਾਇਰ ਵਿਜੇ ਵਿਵੇਕ ਨੇ ਵੀ ਜਗੀਰ ਸੱਧਰ ਦੇ ਸਾਹਿਤਕ ਯੋਗਦਾਨ ਅਤੇ ਉਨ੍ਹਾਂ ਨਾਲ ਜੁੜੇ ਨਿੱਜੀ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। ਪ੍ਰਧਾਨਗੀ ਭਾਸ਼ਣ ਦਿੰਦਿਆਂ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਜਗੀਰ ਸੱਧਰ ਦੀ ਚੋਣਵੀਂ ਸ਼ਾਇਰੀ ਦਾ ਸੰਪਾਦਿਤ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਸਾਹਿਤਕ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ। ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਜਗੀਰ ਸੱਧਰ ਵਰਗੇ ਕਵੀ ਧਰਤੀ ਨਾਲ ਜੁੜੇ ਹੋਏ ਰਚਨਾਕਾਰ ਹਨ ਅਤੇ ਅਜਿਹੇ ਸਾਹਿਤਕਾਰਾਂ ਦਾ ਸਨਮਾਨ ਕਰਨਾ ਸਾਹਿਤਕ ਸਮਾਜ ਦਾ ਫ਼ਰਜ਼ ਹੈ।ਮੁੱਖ ਮਹਿਮਾਨ ਸੁਖਚੈਨ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਜਗੀਰ ਸੱਧਰ ਦੀ ਕਵਿਤਾ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਚੰਗੀ ਕਵਿਤਾ ਮਨੁੱਖ ਨੂੰ ਜੀਵਨ ਜਿਊਣ ਦੀ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ ਅਤੇ ਸਮਾਜ ਨੂੰ ਸਕਾਰਾਤਮਕ ਸੋਚ ਵੱਲ ਪ੍ਰੇਰਿਤ ਕਰਦੀ ਹੈ।ਸਮਾਗਮ ਦੌਰਾਨ ਉੱਘੇ ਲੋਕ ਗਾਇਕ ਦਿਲਬਾਗ ਚਹਿਲ ਅਤੇ ਨਾਹਰ ਸਿੰਘ ਗਿੱਲ ਨੇ ਵੀ ਜਗੀਰ ਸੱਧਰ ਦੀਆਂ ਚੋਣਵੀਆਂ ਰਚਨਾਵਾਂ ਦਾ ਗਾਇਨ ਕਰਕੇ ਸਰੋਤਿਆਂ ਤੋਂ ਭਰਪੂਰ ਪ੍ਰਸ਼ੰਸਾ ਹਾਸਲ ਕੀਤੀ।ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਸਮੂਹ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਜਗੀਰ ਸੱਧਰ ਨੂੰ ਲੰਬੇ ਸਮੇਂ ਤੋਂ ਮਹੀਨਾਵਾਰ ਪੈਨਸ਼ਨ ਪ੍ਰਦਾਨ ਕੀਤੀ ਜਾ ਰਹੀ ਹੈ, ਜੋ ਸਾਹਿਤਕਾਰਾਂ ਦੇ ਸਨਮਾਨ ਅਤੇ ਉਤਸ਼ਾਹ ਲਈ ਇੱਕ ਮਹੱਤਵਪੂਰਨ ਉਪਰਾਲਾ ਹੈ। ਸਮਾਗਮ ਦਾ ਮੰਚ ਸੰਚਾਲਨ ਨਵਪ੍ਰੀਤ ਨਵੀ ਨੇ ਬਾਖੂਬੀ ਨਿਭਾਇਆ।ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਵਿੱਚ ਭਾਸ਼ਾ ਦਫ਼ਤਰ ਫ਼ਰੀਦਕੋਟ ਦੇ ਅਧਿਕਾਰੀ ਕੰਵਰਜੀਤ ਸਿੰਘ ਸਿੱਧੂ, ਰਣਜੀਤ ਸਿੰਘ (ਸੀਨੀਅਰ ਸਹਾਇਕ), ਜਸਮੇਲ ਸਿੰਘ (ਕਲਰਕ) ਅਤੇ ਪ੍ਰੋ. ਬੀਰ ਇੰਦਰ ਸਰਾਂ ਨੇ ਅਹਿਮ ਭੂਮਿਕਾ ਨਿਭਾਈ, ਜਦਕਿ ਸਮਾਗਮ ਦੀ ਫ਼ੋਟੋਗ੍ਰਾਫ਼ੀ ਤੇਜੀ ਜੌੜਾ (ਪਾਲੀ ਸਟੂਡੀਓ, ਫ਼ਰੀਦਕੋਟ) ਵੱਲੋਂ ਕੀਤੀ ਗਈ। ਸਮਾਗਮ ਵਿੱਚ ਪ੍ਰੋ. ਬੀਰ ਇੰਦਰ ਸਰਾਂ, ਪ੍ਰੋ. ਰਣਜੀਤ ਬਾਜਵਾ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਜਸਬੀਰ ਕੌਰ, ਪ੍ਰੋ. ਸੁਖਪਾਲ ਕੌਰ, ਪ੍ਰੋ. ਰਾਜੇਸ਼ਵਰੀ ਦੇਵੀ, ਲੋਕ ਗਾਇਕ ਬਲਧੀਰ ਮਾਹਲਾ, ਲੇਖਕ ਮਨਜਿੰਦਰ ਗੋਲ੍ਹੀ, ਇਕਬਾਲ ਘਾਰੂ, ਲਾਲ ਸਿੰਘ ਕਲਸੀ, ਰਾਜਬੀਰ ਮੱਤਾ, ਜਸਕਰਨ ਮੱਤਾ, ਕੁਲਦੀਪ ਕੰਡਿਆਰਾ, ਪ੍ਰੀਤ ਭਗਵਾਨ, ਮਨਮਿੰਦਰ ਢਿੱਲੋਂ, ਡਾ. ਮੁਕੇਸ਼ ਭੰਡਾਰੀ, ਧਰਮ ਪ੍ਰਵਾਨਾ, ਗੁਰਤੇਜ ਪੱਖੀ, ਪਰਗਟ ਪੱਖੀ ਤੋਂ ਇਲਾਵਾ ਜਗੀਰ ਸੱਧਰ ਦਾ ਸਮੂਹ ਪਰਿਵਾਰ ਅਤੇ ਵੱਡੀ ਗਿਣਤੀ ਵਿੱਚ ਸਾਹਿਤਕਾਰ, ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।