- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫਾਈ ਸੇਵਕਾਂ ਦੀ ਹੜਤਾਲ ਖ਼ਤਮ, ਅੱਜ ਕੰਮ ’ਤੇ ਪਰਤਣਗੇ ਮੁਲਾਜ਼ਮ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪਿਛਲੇ ਮਹੀਨੇ ਤੋਂ ਲਗਾਤਾਰ ਚੱਲੀ ਆ ਰਹੀ ਸਫਾਈ ਸੇਵਕ ਮੁਲਾਜ਼ਮ ਯੂਨੀਅਨ ਦੀ ਹੜਤਾਲ ਮੰਗਾਂ ਮੰਨੇ ਜਾਣ ਉਪਰੰਤ ਖ਼ਤਮ ਹੋ ਗਈ ਹੈ। ਇਸ ਨਾਲ ਸਫਾਈ ਮੁਲਾਜ਼ਮ ਅੱਜ 5 ਅਗਸਤ ਤੋਂ ਕੰਮ ’ਤੇ ਪਰਤਣਗੇ। ਮੰਗਾਂ ਮੰਨੇ ਜਾਣ ਕਾਰਨ ਜਿੱਥੇ ਸਫਾਈ ਮੁਲਾਜ਼ਮ ਯੂਨੀਅਨ ’ਚ ਖ਼ੁਸ਼ੀ ਦਾ ਮਾਹੌਲ ਹੈ, ਉੱਥੇ ਹੀ ਸ਼ਹਿਰ ਵਾਸੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਨਗਰ ਕੌਂਸਲ ਸਰਹਿੰਦ ਫਤਹਿਗੜ੍ਹ ਸਾਹਿਬ ਦੀ ਪ੍ਰਧਾਨ ਆਸ਼ਾ ਰਾਣੀ ਨੇ ਦੱਸਿਆ ਕਿ ਸਫਾਈ ਮੁਲਾਜ਼ਮ ਯੂਨੀਅਨ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਮੰਨ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਹੜਤਾਲ ’ਤੇ ਜਾਣ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਡਗਮਗਾ ਗਈ ਸੀ ਅਤੇ ਸਫਾਈ ਮੁਲਾਜ਼ਮਾਂ ਦੇ ਵਾਪਸ ਆਉਣ ਨਾਲ ਸ਼ਹਿਰ ਦੀ ਸਾਫ਼-ਸਫਾਈ ਅਤੇ ਸੁੰਦਰੀਕਰਨ ਵਿਵਸਥਾ ਨੂੰ ਕਾਇਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਫਤਹਿਗੜ੍ਹ ਸਾਹਿਬ ਨੂੰ ਸਾਫ਼-ਸੁਥਰਾ ਬਣਾਈ ਰੱਖਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ, ਇਸ ਲਈ ਥਾਂ-ਥਾਂ ’ਤੇ ਕੂੜਾ ਨਾ ਸੁੱਟਿਆ ਜਾਵੇ ਅਤੇ ਜਿਨ੍ਹਾਂ ਥਾਵਾਂ ’ਤੇ ਕੰਟੇਨਰ ਲੱਗੇ ਹਨ, ਉੱਥੇ ਹੀ ਕੂੜਾ ਸੁੱਟਿਆ ਜਾਵੇ। ਘਰ-ਘਰ ਤੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਵੀ ਵਾਰਡਾਂ ’ਚ ਦੁਬਾਰਾ ਸਰਵਿਸ ਸ਼ੁਰੂ ਕਰ ਦੇਣਗੀਆਂ। ਇਸ ਮੌਕੇ ਰਮੇਸ਼ ਕੁਮਾਰ ਸੋਨੂੰ, ਕੌਂਸਲਰ ਬੰਟੀ ਸੈਣੀ, ਦਵਿੰਦਰ ਸਿੰਘ, ਸਫਾਈ ਸੇਵਕ ਮੁਲਾਜ਼ਮ ਯੂਨੀਅਨ ਦੇ ਸੂਬਾ ਸਕੱਤਰ ਮੰਗਾ ਸਿੰਘ, ਸਫਾਈ ਸੇਵਕ ਯੂਨੀਅਨ ਸਰਹੰਦ ਦੇ ਪ੍ਰਧਾਨ ਰਾਜੇਸ਼ ਕੁਮਾਰ, ਰਣਜੀਤ ਸਿੰਘ ਸਾਨੀਪੁਰ ਅਤੇ ਹਰਵਿੰਦਰ ਸਿੰਘ ਸੋਨਾ ਆਦਿ ਮੌਜੂਦ ਸਨ।