ਕੂੜਾ ਚੁਗਦੇ ਤੇ ਭੀਖ ਮੰਗਦੇ ਮਾਸੂਮ ‘ਬਾਲ ਦਿਵਸ’ ਦੇ ਅਸਲ ਉਦੇਸ਼ ਖੜ੍ਹ ਕਰਦੇ ’ਤੇ ਸਵਾਲ ਬਾਲ ਦਿਵਸ ’ਤੇ ਕੌੜੀ ਹਕੀਕਤ: ਸੜਕਾਂ ’ਤੇ ਕੂੜਾ ਚੁਗਦੇ ਅਤੇ ਭੀਖ ਮੰਗਦੇ ਮਾਸੂਮ ਬੱਚਿਆਂ ਦਾ ਕਾਹਦਾ ਬਾਲ ਦਿਵਸ?
Publish Date: Fri, 13 Nov 2026 05:00 PM (IST)
Updated Date: Fri, 13 Nov 2026 05:03 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਦੇਸ਼ ਭਰ ਵਿੱਚ 14 ਨਵੰਬਰ ਨੂੰ ਬਾਲ ਦਿਵਸ ਬੜੇ ਉਤਸ਼ਾਹ ਅਤੇ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲਾਂ ਵਿੱਚ ਬੱਚਿਆਂ ਲਈ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ, ਉਨ੍ਹਾਂ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਪਰ ਇਨ੍ਹਾਂ ਜਸ਼ਨਾਂ ਦੇ ਵਿਚਕਾਰ ਫਾਜ਼ਿਲਕਾ ਸ਼ਹਿਰ ਦੀਆਂ ਸੜਕਾਂ ’ਤੇ ਦਿਖਾਈ ਦੇਣ ਵਾਲੀਆਂ ਕੁਝ ਤਸਵੀਰਾਂ ਬਾਲ ਦਿਵਸ ਦੇ ਅਸਲ ਮਕਸਦ ’ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਸ਼ਹਿਰ ਦੀਆਂ ਸੜਕਾਂ ’ਤੇ ਕੂੜਾ ਚੁਗਦੇ, ਰੇਹੜੀਆਂ ਅਤੇ ਦੁਕਾਨਾਂ ਦੇ ਆਲੇ-ਦੁਆਲੇ ਭੀਖ ਮੰਗਦੇ ਅਤੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਮਾਸੂਮ ਬੱਚਿਆਂ ਲਈ ਆਖ਼ਰ ਬਾਲ ਦਿਵਸ ਦੀਆਂ ਖੁਸ਼ੀਆਂ ਕਿੱਥੇ ਹਨ? ਇੱਕ ਪਾਸੇ ਬਾਲ ਦਿਵਸ ਮੌਕੇ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਅਤੇ ਬਿਹਤਰ ਭਵਿੱਖ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਜਦਕਿ ਦੂਜੇ ਪਾਸੇ ਕਈ ਮਾਸੂਮ ਬੱਚੇ ਅਜਿਹੇ ਵੀ ਹਨ, ਜਿਨ੍ਹਾਂ ਦਾ ਬਚਪਨ ਗਰੀਬੀ ਅਤੇ ਮਜਬੂਰੀਆਂ ਦੀ ਭੇਟ ਚੜ੍ਹ ਰਿਹਾ ਹੈ। ਜਿਨ੍ਹਾਂ ਨੰਨ੍ਹੇ-ਮੁੰਨੇ ਬੱਚਿਆਂ ਦੇ ਹੱਥਾਂ ਵਿੱਚ ਸਕੂਲ ਬੈਗ, ਕਿਤਾਬਾਂ ਅਤੇ ਖਿਡੌਣੇ ਹੋਣੇ ਚਾਹੀਦੇ ਹਨ, ਉਹ ਬੱਚੇ ਸੜਕਾਂ ’ਤੇ ਕੂੜੇ ਦੇ ਢੇਰਾਂ ਵਿੱਚੋਂ ਪਲਾਸਟਿਕ, ਕਾਗਜ਼ ਅਤੇ ਹੋਰ ਕਬਾੜ ਇਕੱਠਾ ਕਰਦੇ ਦਿਖਾਈ ਦਿੰਦੇ ਹਨ। ਕਈ ਬੱਚੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਸਾਰਾ ਦਿਨ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਘੁੰਮਦੇ ਰਹਿੰਦੇ ਹਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ ਅਤੇ ਰੇਹੜੀਆਂ ਦੇ ਆਲੇ-ਦੁਆਲੇ ਛੋਟੇ-ਛੋਟੇ ਬੱਚੇ ਲੋਕਾਂ ਅੱਗੇ ਹੱਥ ਫੈਲਾ ਕੇ ਭੀਖ ਮੰਗਦੇ ਵੀ ਆਮ ਦਿਖਾਈ ਦਿੰਦੇ ਹਨ। ਕੋਈ ਰਾਹਗੀਰਾਂ ਕੋਲੋਂ ਪੈਸੇ ਮੰਗਦਾ ਹੈ ਅਤੇ ਕੋਈ ਖਾਣ-ਪੀਣ ਦੀਆਂ ਚੀਜ਼ਾਂ ਲਈ ਲੋਕਾਂ ਦੇ ਪਿੱਛੇ ਜਾਂਦਾ ਦਿਖਾਈ ਦਿੰਦਾ ਹੈ। ਇਨ੍ਹਾਂ ਬੱਚਿਆਂ ਦੀ ਉਮਰ ਖੇਡਣ, ਪੜ੍ਹਨ ਅਤੇ ਆਪਣੀ ਜ਼ਿੰਦਗੀ ਦੇ ਸੁਪਨੇ ਸਜਾਉਣ ਦੀ ਹੈ, ਪਰ ਹਾਲਾਤ ਇਨ੍ਹਾਂ ਨੂੰ ਅਜਿਹੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਰਹੇ ਹਨ, ਜਿੱਥੇ ਬਚਪਨ ਦੀਆਂ ਖੁਸ਼ੀਆਂ ਦੀ ਥਾਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਦੀ ਚਿੰਤਾ ਹੈ। ਝੁੱਗੀ-ਝੌਂਪੜੀ ’ਚ ਰਹਿਣ ਵਾਲੇ ਬੱਚਿਆਂ ਦੀ ਜ਼ਿੰਦਗੀ ਵੀ ਚੁਣੌਤੀਆਂ ਨਾਲ ਘਿਰੀ ਫਾਜ਼ਿਲਕਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਪਰਿਵਾਰਾਂ ਦੇ ਬੱਚਿਆਂ ਦੀ ਜ਼ਿੰਦਗੀ ਵੀ ਕਈ ਮੁਸ਼ਕਲਾਂ ਨਾਲ ਘਿਰੀ ਹੋਈ ਹੈ। ਬੁਨਿਆਦੀ ਸਹੂਲਤਾਂ ਦੀ ਘਾਟ, ਪਰਿਵਾਰਾਂ ਦੀ ਆਰਥਿਕ ਤੰਗੀ ਅਤੇ ਸਿੱਖਿਆ ਤੱਕ ਪਹੁੰਚ ਦੀਆਂ ਮੁਸ਼ਕਲਾਂ ਕਾਰਨ ਕਈ ਬੱਚਿਆਂ ਨੂੰ ਆਪਣਾ ਬਚਪਨ ਆਮ ਬੱਚਿਆਂ ਵਾਂਗ ਬਿਤਾਉਣ ਦਾ ਮੌਕਾ ਨਹੀਂ ਮਿਲਦਾ। ਜਿੱਥੇ ਹੋਰ ਬੱਚੇ ਸਕੂਲਾਂ ਵਿੱਚ ਪੜ੍ਹਾਈ ਕਰਦੇ, ਖੇਡਾਂ ਵਿੱਚ ਹਿੱਸਾ ਲੈਂਦੇ ਅਤੇ ਬਾਲ ਦਿਵਸ ਮਨਾਉਂਦੇ ਹਨ, ਉੱਥੇ ਇਨ੍ਹਾਂ ਬੱਚਿਆਂ ਵਿੱਚੋਂ ਕਈ ਆਪਣੇ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਦੇਖਦੇ ਹੋਏ ਵੱਡੇ ਹੋ ਰਹੇ ਹਨ। ਹਰ ਬੱਚੇ ਨੂੰ ਸਿੱਖਿਆ ਦਾ ਮਿਲੇ ਮੌਕਾ : ਗਗਨ ਚੁੱਘ ਬਾਲ ਦਿਵਸ ਮੌਕੇ ਸਮਾਜ ਸੇਵੀ ਸੰਸਥਾ ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਕਿਹਾ ਕਿ ਬਾਲ ਦਿਵਸ ਮਨਾਉਣ ਦੀ ਅਸਲ ਸਾਰਥਕਤਾ ਉਦੋਂ ਹੀ ਹੈ, ਜਦੋਂ ਸਮਾਜ ਦਾ ਹਰ ਬੱਚਾ ਸਿੱਖਿਆ, ਸਿਹਤ ਅਤੇ ਸੁਰੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਾਪਤ ਕਰ ਸਕੇ। ਉਨ੍ਹਾਂ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਵੀ ਛੋਟੀ ਉਮਰ ਦੇ ਬੱਚੇ ਸੜਕਾਂ ’ਤੇ ਕੂੜਾ ਚੁਗਦੇ ਅਤੇ ਰੇਹੜੀਆਂ ਤੇ ਬਾਜ਼ਾਰਾਂ ਵਿੱਚ ਭੀਖ ਮੰਗਦੇ ਦਿਖਾਈ ਦਿੰਦੇ ਹਨ। ਕਈ ਬੱਚੇ ਝੁੱਗੀਆਂ-ਝੌਂਪੜੀਆਂ ਵਿੱਚ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਆਪਣਾ ਬਚਪਨ ਬਿਤਾ ਰਹੇ ਹਨ। ਗਗਨ ਚੁੱਘ ਨੇ ਕਿਹਾ ਕਿ ਜਿਸ ਉਮਰ ਵਿੱਚ ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ ਅਤੇ ਸਕੂਲ ਬੈਗ ਹੋਣੇ ਚਾਹੀਦੇ ਹਨ, ਉਸ ਉਮਰ ਵਿੱਚ ਉਨ੍ਹਾਂ ਦੇ ਹੱਥਾਂ ਵਿੱਚ ਕੂੜਾ ਚੁਗਣ ਵਾਲੇ ਬੋਰੇ ਅਤੇ ਭੀਖ ਮੰਗਣ ਲਈ ਫੈਲੇ ਹੱਥ ਦੇਖ ਕੇ ਮਨ ਦੁਖੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਹਰ ਬੱਚੇ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਿੱਖਿਆ ਅਤੇ ਸਨਮਾਨ ਨਾਲ ਜੀਵਨ ਬਿਤਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਅਜਿਹੇ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਕੂਲਾਂ ਨਾਲ ਜੋੜਿਆ ਜਾਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਸਥਿਤੀ ਸੁਧਾਰਨ ਲਈ ਵੀ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਿਰਫ਼ ਬਾਲ ਦਿਵਸ ’ਤੇ ਸਮਾਗਮ ਕਰਵਾਉਣ ਨਾਲ ਸਾਡੀ ਜ਼ਿੰਮੇਵਾਰੀ ਪੂਰੀ ਨਹੀਂ ਹੁੰਦੀ, ਸਗੋਂ ਲੋੜਵੰਦ ਬੱਚਿਆਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣਾ ਹੀ ਬਾਲ ਦਿਵਸ ਦਾ ਅਸਲ ਸੰਦੇਸ਼ ਹੋਣਾ ਚਾਹੀਦਾ ਹੈ।