ਅਬੋਹਰ ਦੇ ਵਿਕਾਸ ਨੂੰ ਲੈ ਕੇ ਵਿਧਾਨ ਸਭਾ ’ਚ ਗੱਜੇ ਸੰਦੀਪ ਜਾਖੜ ਅਬੋਹਰ ਦੇ ਵਿਕਾਸ ਨੂੰ ਲੈ ਕੇ ਵਿਧਾਨ ਸਭਾ ਵਿੱਚ ਗੂੰਜੇ ਸੰਦੀਪ ਜਾਖੜ
Publish Date: Wed, 05 Aug 2026 04:37 PM (IST)
Updated Date: Wed, 05 Aug 2026 04:37 PM (IST)
ਭਾਰਤ ਭੂਸ਼ਣ ਸ਼ਰਮਾ. ਪੰਜਾਬੀ ਜਾਗਰਣ ਅਬੋਹਰ : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਤੀਜੇ ਦਿਨ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਅਬੋਹਰ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕਥਿਤ ਵਿਤਕਰੇ ਦਾ ਮੁੱਦਾ ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾਇਆ। ਵਿਧਾਇਕ ਜਾਖੜ ਨੇ ਅਬੋਹਰ ਨੂੰ ਹੋਰ ਸ਼ਹਿਰਾਂ ਦੇ ਮੁਕਾਬਲੇ ਘੱਟ ਗ੍ਰਾਂਟ ਮਿਲਣ ਅਤੇ ਨਗਰ ਨਿਗਮ ਵਿੱਚ ਲੋੜੀਂਦੇ ਅਧਿਕਾਰੀਆਂ ਦੀ ਘਾਟ ਦਾ ਮਾਮਲਾ ਸਬੰਧਤ ਮੰਤਰੀ ਦੇ ਧਿਆਨ ਵਿੱਚ ਲਿਆਂਦਾ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਹੋਰ ਸ਼ਹਿਰਾਂ ਦੇ ਮੁਕਾਬਲੇ ਅਬੋਹਰ ਨੂੰ ਘੱਟ ਗ੍ਰਾਂਟ ਮਿਲਣ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਿਕਾਸ ਦੇ ਮਾਮਲੇ ਵਿੱਚ ਅਬੋਹਰ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ। ਜਾਖੜ ਨੇ ਵਿਧਾਨ ਸਭਾ ਵਿੱਚ ਅਬੋਹਰ ਨਗਰ ਨਿਗਮ ਵਿੱਚ ਅਧਿਕਾਰੀਆਂ ਦੀ ਘਾਟ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲੋੜੀਂਦੀ ਗਿਣਤੀ ਵਿੱਚ ਅਧਿਕਾਰੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਨਗਰ ਨਿਗਮ ਵਿੱਚ ਲੋੜੀਂਦੇ ਅਧਿਕਾਰੀਆਂ ਦੀ ਘਾਟ ਕਾਰਨ ਵਿਕਾਸ ਕਾਰਜਾਂ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਤੇ ਵੀ ਅਸਰ ਪੈ ਰਿਹਾ ਹੈ। ਵਿਧਾਇਕ ਜਾਖੜ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਬੋਹਰ ਨੂੰ ਹੋਰ ਸ਼ਹਿਰਾਂ ਦੇ ਬਰਾਬਰ ਯੋਗ ਵਿਕਾਸ ਗ੍ਰਾਂਟ ਦਿੱਤੀ ਜਾਵੇ ਅਤੇ ਨਗਰ ਨਿਗਮ ਵਿੱਚ ਲੋੜੀਂਦੇ ਅਧਿਕਾਰੀਆਂ ਦੀ ਨਿਯੁਕਤੀ ਜਲਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਬੋਹਰ ਦੇ ਲੋਕਾਂ ਨੂੰ ਵੀ ਸੂਬੇ ਦੇ ਹੋਰ ਸ਼ਹਿਰਾਂ ਵਾਂਗ ਬਿਹਤਰ ਬੁਨਿਆਦੀ ਸਹੂਲਤਾਂ ਅਤੇ ਵਿਕਾਸ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਉਹ ਅਬੋਹਰ ਦੇ ਲੋਕਾਂ ਨਾਲ ਜੁੜੇ ਮੁੱਦੇ ਲਗਾਤਾਰ ਵਿਧਾਨ ਸਭਾ ਵਿੱਚ ਉਠਾਉਂਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਸ਼ਹਿਰ ਦੇ ਹਿੱਤਾਂ ਦੀ ਆਵਾਜ਼ ਪੂਰੀ ਮਜ਼ਬੂਤੀ ਨਾਲ ਬੁਲੰਦ ਕਰਦੇ ਰਹਿਣਗੇ। ਅਬੋਹਰ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਜਾਂ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਧਾਇਕ ਸੰਦੀਪ ਜਾਖੜ ਵੱਲੋਂ ਮੁੱਦਾ ਉਠਾਏ ਜਾਣ ’ਤੇ ਸਬੰਧਤ ਮੰਤਰੀ ਨੇ ਭਰੋਸਾ ਦਿੱਤਾ ਕਿ ਅਬੋਹਰ ਨਾਲ ਜੁੜੇ ਇਨ੍ਹਾਂ ਮਾਮਲਿਆਂ ’ਤੇ ਜਲਦ ਗੌਰ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਆਪਣੇ ਭਰੋਸੇ ਨੂੰ ਜਲਦੀ ਅਮਲ ਵਿੱਚ ਲਿਆਏਗੀ ਅਤੇ ਅਬੋਹਰ ਨੂੰ ਯੋਗ ਗ੍ਰਾਂਟ ਦੇਣ ਦੇ ਨਾਲ-ਨਾਲ ਨਗਰ ਨਿਗਮ ਵਿੱਚ ਲੋੜੀਂਦੇ ਅਧਿਕਾਰੀਆਂ ਦੀ ਨਿਯੁਕਤੀ ਵੀ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਅਬੋਹਰ ਦੇ ਹੱਕਾਂ, ਸਨਮਾਨ ਅਤੇ ਵਿਕਾਸ ਦੀ ਆਵਾਜ਼ ਵਿਧਾਨ ਸਭਾ ਵਿੱਚ ਲਗਾਤਾਰ ਬੁਲੰਦ ਹੁੰਦੀ ਰਹੇਗੀ।