- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਈ ਲਾਲੋ ਜੀ ਵਿਰੁੱਧ ਗਲਤ ਸ਼ਬਦਾਵਲੀ ਬਰਦਾਸ਼ਤ ਨਹੀਂ:-ਚੇਅਰਮੈਨ ਰਾਣਾ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਵਰਸੋਇ ਭਾਈ ਲਾਲੋ ਜੀ ਵਿਰੁੱਧ ਗਲਤ ਸ਼ਬਦਾਵਲੀ ਕਿਸੇ ਕੀਮਤ ’ਤੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਨ੍ਹਾਂ ਵਿਰੁੱਧ ਬਣਦੀ ਕਾਰਵਾਈ ਕਰਵਾਉਣ ਲਈ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਰਾਮਗੜ੍ਹੀਆ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਭਾਈ ਰਣਧੀਰ ਸਿੰਘ ਰਾਣਾ ਨੇ ਸਾਥੀਆਂ ਸਮੇਤ ਕੀਤਾ। ਉਨ੍ਹਾਂ ਹੋਰ ਕਿਹਾ ਕਿ ਭਾਵੇਂ ਗਲਤ ਸ਼ਬਦਾਵਲੀ ਬੋਲਣ ਵਾਲੇ ਵਿਅਕਤੀ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ, ਪਰ ਉਸਦੇ ਸਾਥੀਆਂ ’ਤੇ ਨਾ ਹੀ ਕੋਈ ਪਰਚਾ ਦਰਜ ਕੀਤਾ ਗਿਆ ਹੈ ਅਤੇ ਨਾ ਹੀ ਅਜੇ ਤੱਕ ਗ੍ਰਿਫਤਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਆਪਣਾ ਰੋਸ ਜ਼ਾਹਰ ਕਰਨ ਅਤੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਵਾਉਣ ਵਾਸਤੇ 21 ਸਤੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਤੋਂ ਰਾਮਗੜ੍ਹੀਆ ਭਲਾਈ ਬੋਰਡ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਖੰਨਾ ਪਹੁੰਚਣਗੇ, ਜਿੱਥੇ ਇਨਸਾਫ ਲੈਣ ਲਈ ਇੱਕ ਵੱਡਾ ਰੋਸ ਮਾਰਚ ਅਤੇ ਕਾਨਫਰੰਸ ਕੀਤੀ ਜਾਵੇਗੀ। ਉਨ੍ਹਾਂ ਸਮੂਹ ਰਾਮਗੜ੍ਹੀਆ ਭਾਈਚਾਰੇ ਨੂੰ ਉਕਤ ਵਿਅਕਤੀ ਤੇ ਉਸਦੇ ਸਾਥੀਆਂ ਦੀ ਇਸ ਕਰਤੂਤ ਵਿਰੁੱਧ ਆਪਣਾ ਰੋਸ ਜ਼ਾਹਰ ਕਰਨ ਲਈ ਵੀ ਅਪੀਲ ਕੀਤੀ। ਉਹਨਾਂ ਪੰਜਾਬ ਦੇ ਸਮੂਹ ਬੈਕਵਰਡ ਕਲਾਸ ਅਤੇ ਰਾਮਗੜੀਆ ਭਾਈਚਾਰੇ ਨੂੰ ਇੱਕਮੁੱਠ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਇਕੱਠੇ ਹੋਣਾ ਚਾਹੀਦਾ ਹੈ।ਇਸ ਮੌਕੇ ਉਂਕਾਰ ਸਿੰਘ, ਭੁਪਿੰਦਰ ਸਿੰਘ ਪ੍ਰਿੰਸ, ਭੁਪਿੰਦਰ ਸਿੰਘ ਪਿੰਕਾ, ਬਲਜਿੰਦਰ ਸਿੰਘ ਕਿੱਟੂ, ਗੁਰਮੀਤ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।