ਦੋ ਹਫ਼ਤਿਆਂ ’ਚ ਜਗ੍ਹਾ ਨਾ ਮਿਲੀ ਤਾਂ ਡੀਸੀ ਰਿਹਾਇਸ਼ ਮੂਹਰੇ ਸੁੱਟਾਂਗੇ ਕੂੜਾ : ਪਾਹੜਾ ਹਲਕਾ ਵਿਧਾਇਕ ਨੇ ਕੂੜੇ ਲਈ ਜਗ੍ਹਾ ਦੀ ਸਮੱਸਿਆ ਦਾ ਵਿਧਾਨ ਸਭਾ ਵਿੱਚ ਉਠਾਇਆ ਮੁੱਦਾ
Publish Date: Tue, 04 Aug 2026 07:10 PM (IST)
Updated Date: Wed, 05 Aug 2026 04:08 AM (IST)
ਹਲਕਾ ਵਿਧਾਇਕ ਨੇ ਕੂੜੇ ਲਈ ਜਗ੍ਹਾ ਦੀ ਸਮੱਸਿਆ ਦਾ ਵਿਧਾਨ ਸਭਾ ਵਿੱਚ ਉਠਾਇਆ ਮੁੱਦਾ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸਫ਼ਾਈ ਕਰਮਚਾਰੀਆਂ ਵੱਲੋਂ ਹੜਤਾਲ ਵਾਪਸ ਲੈਣ ਮਗਰੋਂ ਭਾਵੇਂ ਸ਼ਹਿਰ ’ਚ ਸਫ਼ਾਈ ਦਾ ਕੰਮ ਤਾਂ ਸ਼ੁਰੂ ਹੋ ਗਿਆ ਹੈ ਪਰ ਸ਼ਹਿਰ ਦਾ ਰੋਜ਼ਾਨਾ 30 ਟਨ ਕੂੜਾ ਡੰਪ ਕਰਨ ਲਈ ਜਗ੍ਹਾ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ। ਇਸ ਕਾਰਨ ਹਲਕਾ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਇਹ ਮੁੱਦਾ ਵਿਧਾਨ ਸਭਾ ’ਚ ਉਠਾਇਆ। ਵਿਧਾਇਕ ਪਾਹੜਾ ਨੇ ਕਿਹਾ ਕਿ ਗੁਰਦਾਸਪੁਰ ਹਲਕੇ ’ਚ ਕੂੜੇ ਦੀ ਜਗ੍ਹਾ ਦੀ ਸਮੱਸਿਆ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ। ਡਾ. ਰਵਜੋਤ ਸਿੰਘ ਜਦੋਂ ਇਸ ਵਿਭਾਗ ਦੇ ਮੰਤਰੀ ਸਨ ਤਾਂ ਉਨ੍ਹਾਂ ਇਸ ਸਮੱਸਿਆ ਨੂੰ ਲੈ ਕੇ ਉਨ੍ਹਾਂ ਨੂੰ ਕਈ ਵਾਰ ਮਿਲੇ ਸਨ ਪਰ ਢਾਈ ਸਾਲਾਂ ਤੋਂ ਉਨ੍ਹਾਂ ਨੂੰ ਕੂੜੇ ਲਈ ਜਗ੍ਹਾ ਅਲਾਟ ਨਹੀਂ ਕੀਤੀ ਗਈ। ਇਸ ਕਾਰਨ ਉਹ ਨਿੱਜੀ ਤੌਰ ’ਤੇ ਕੂੜੇ ਲਈ ਜਗ੍ਹਾ ਦਾ ਪ੍ਰਬੰਧ ਕਰ ਕੇ ਸ਼ਹਿਰ ਦਾ ਕੂੜਾ ਉਠਾਉਂਦੇ ਰਹੇ ਹਨ। ਹੁਣ ਹਾਲ ਹੀ ’ਚ ਨਗਰ ਕੌਂਸਲ ਚੋਣਾਂ ਦੇ ਚੱਲਦਿਆਂ ਕੁਝ ਦੇਰ ਲਈ ਉਨ੍ਹਾਂ ਨੇ ਵੀ ਇਸ ਮੁੱਦੇ ਨੂੰ ਨਹੀਂ ਉਠਾਇਆ ਪਰ ਹੁਣ ਸ਼ਹਿਰ ਦੇ ਲੋਕਾਂ ਨੇ ਫਿਰ ਤੋਂ ਨਗਰ ਕੌਂਸਲ ਚੋਣਾਂ ’ਚ ਵੱਡੀ ਬਹੁਮਤ ਨਾਲ ਜਿਤਾਇਆ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ’ਚ ਨਗਰ ਕੌਂਸਲ ਵੱਲੋਂ ਕੂੜਾ ਸੁੱਟਣ ਲਈ ਜਗ੍ਹਾ ਲਈ ਗਈ ਹੈ, ਜਿਸ ਲਈ 8 ਲੱਖ ਰੁਪਏ ਵੀ ਦਿੱਤੇ ਗਏ ਹਨ। ਡੀਸੀ ਦੀ ਮਨਜ਼ੂਰੀ ਨਾਲ ਇਹ ਸਾਰਾ ਕੰਮ ਹੋਇਆ। ਇਸ ਦੇ ਬਾਵਜੂਦ ਉਕਤ ਜਗ੍ਹਾ ’ਤੇ ਉਸ ਦੇ ਰਾਜਨੀਤਿਕ ਵਿਰੋਧੀਆਂ ਵੱਲੋਂ ਰਾਜਨੀਤਿਕ ਸਟੇਅ ਲਾਇਆ ਗਿਆ ਹੈ। ਹੜਤਾਲ ਖ਼ਤਮ ਹੁੰਦਿਆਂ ਹੀ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਤੇ ਉਨ੍ਹਾਂ ਦੀ ਪੂਰੀ ਟੀਮ ਸਫ਼ਾਈ ਕਰਵਾਉਣ ’ਚ ਜੁਟ ਗਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ ’ਤੇ ਕੂੜਾ ਚੁੱਕ ਰਹੇ ਹਨ ਪਰ ਉਨ੍ਹਾਂ ਦੀ ਮੰਗ ਹੈ ਕਿ ਇੱਕ ਜਾਂ ਦੋ ਹਫ਼ਤਿਆਂ ਦੇ ਅੰਦਰ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ, ਜੇਕਰ ਉਸ ਤੋਂ ਬਾਅਦ ਵੀ ਜਗ੍ਹਾ ’ਤੇ ਲਗਾਈ ਗਈ ਰੋਕ ਨਹੀਂ ਹਟਾਈ ਗਈ ਤਾਂ ਉਹ ਸਾਰਾ ਕੂੜਾ ਚੁੱਕ ਕੇ ਡੀਸੀ ਰਿਹਾਇਸ਼ ਦੇ ਅੱਗੇ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਲੋਕਲ ਬਾਡੀ ਮੰਤਰੀ ਇਸ ਗੱਲ ’ਤੇ ਪੂਰਾ ਧਿਆਨ ਦੇਣਗੇ ਤੇ ਕੂੜੇ ਦੀ ਸਮੱਸਿਆ ਦਾ ਹੱਲ ਕਰਨ ਲਈ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ।