ਲੜਕੇ ਦੇ ਗਲ ’ਚੋਂ ਸੋਨੇ ਦੀ ਚੈਨੀ ਲਾਹ ਕੇ ਲੁਟੇਰੇ ਫਰਾਰ ਜਿੰਮ ਲਾ ਕੇ ਵਾਪਸ ਜਾਂਦੇ ਲੜਕੇ ਦੇ ਗਲ ਵਿੱਚੋਂ ਸੋਨੇ ਦੀ ਚੈਨੀ ਲਾਹ ਕੇ ਲੁਟੇਰੇ ਫਰਾਰ
Publish Date: Tue, 04 Aug 2026 07:57 PM (IST)
Updated Date: Wed, 05 Aug 2026 04:11 AM (IST)
ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ : ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਜਫਰਵਾਲ ਤੋਂ ਮੱਲ੍ਹੀਆਂ ਫਕੀਰਾਂ ਨੂੰ ਜਾਂਦੀ ਸੜਕ ਉੱਪਰ ਮੋਟਰਸਾਈਕਲ ਸਵਾਰ ਮੂੰਹ ਬੰਨ੍ਹ ਕੇ ਆਏ ਚਾਰ ਲੁਟੇਰੇ ਇੱਕ ਸਕੂਟਰੀ ਸਵਾਰ ਲੜਕੇ ਦੇ ਗਲ ਵਿੱਚ ਪਾਈ ਕਰੀਬ ਡੇਢ ਤੋਲਾ ਸੋਨੇ ਦੀ ਚੈਨੀ ਵਿਰੋਧ ਕਰਨ ਦੇ ਬਾਵਜੂਦ ਵੀ ਧੱਕੇ ਨਾਲ ਲਾਹ ਕੇ ਫਰਾਰ ਹੋ ਗਏ ਅਤੇ ਜਾਂਦੇ ਸਮੇਂ ਇੱਕ ਲੁਟੇਰੇ ਦਾ ਐਪਲ ਕੰਪਨੀ ਦਾ ਮੋਬਾਇਲ ਫੋਨ ਵੀ ਉਥੇ ਡਿੱਗ ਗਿਆ। ਪੀੜਤ ਲੜਕੇ ਨੇ ਬੜੀ ਹੁਸ਼ਿਆਰੀ ਵਰਤਦੇ ਹੋਏ ਆਪਣੇ ਮੋਬਾਇਲ ਨਾਲ ਮੋਟਰਸਾਈਕਲ ਤੇ ਸਵਾਰ ਲੁਟੇਰਿਆਂ ਦੀ ਫਰਾਰ ਹੋਣ ਸਮੇਂ ਦੀ ਕੁਝ ਸੈਕਿੰਡ ਦੀ ਵੀਡੀਓ ਬਣਾ ਲਈ। ਪੀੜਤ ਲੜਕੇ ਆਸ਼ਿਸ਼ ਪੁੱਤਰ ਰੋਬਿਨ ਮਸੀਹ ਵਾਸੀ ਪਿੰਡ ਫੈਜੁਲਾਉਲਾਹ ਚੱਕ ਨੇ ਦੱਸਿਆ ਕਿ ਉਹ ਬਾਅਦ ਦੁਪਹਿਰ ਆਪਣੇ ਘਰੋਂ ਸਕੂਟਰੀ ਤੇ ਸਵਾਰ ਹੋ ਕੇ ਪਿੰਡ ਜਫਰਵਾਲ ਵਿਖੇ ਸਥਿਤ ਇੱਕ ਜਿੰਮ ਵਿੱਚ ਰੋਜ਼ਾਨਾ ਦੀ ਤਰ੍ਹਾਂ ਗਿਆ ਅਤੇ ਆਪਣੇ ਵਿਦੇਸ਼ ਗਏ ਚਾਚੇ ਵੱਲੋਂ ਗਿਫਟ ਕੀਤੀ ਕਰੀਬ ਡੇਢ ਤੋਲਾ ਸੋਨੇ ਦੀ ਚੈਨੀ ਉਸ ਨੇ ਆਪਣੇ ਗਲ ਵਿੱਚ ਪਾਈ ਹੋਈ ਸੀ। ਜਦੋਂ ਉਹ ਸ਼ਾਮ ਨੂੰ ਕਰੀਬ ਪੌਣੇ ਛੇ ਵਜੇ ਜਿੰਮ ਵਿੱਚੋਂ ਵਾਪਸ ਆਪਣੇ ਘਰ ਪਿੰਡ ਨੂੰ ਸਕੂਟਰੀ ਰਾਹੀਂ ਆਉਂਦੇ ਸਮੇਂ ਜਦੋਂ ਉਹ ਪਿੰਡ ਜਫਰਵਾਲ ਤੋਂ ਥੋੜੀ ਦੂਰੀ ਤੇ ਪਿੰਡ ਮੱਲ੍ਹੀਆਂ ਫਕੀਰਾਂ ਨੂੰ ਜਾ ਰਿਹਾ ਸੀ ਤਾਂ ਅੱਗੋਂ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਆਏ ਚਾਰ ਲੁਟੇਰਿਆਂ, ਜਿਨਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ, ਨੇ ਸਕੂਟਰੀ ਰੋਕ ਕੇ ਗਲ ’ਚ ਪਈ ਸੋਨੇ ਦੀ ਚੈਨੀ ਧੱਕੇ ਨਾਲ ਲਾਹ ਲਈ। ਉਸ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਵੀ ਉਕਤ ਚਾਰੇ ਲੁਟੇਰੇ ਮੇਰੀ ਸੋਨੇ ਦੀ ਚੈਨੀ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਜਫਰਵਾਲ ਸਾਈਡ ਨੂੰ ਫਰਾਰ ਹੋ ਗਏ ਅਤੇ ਇੱਕ ਲੁਟੇਰੇ ਦਾ ਐਪਲ ਕੰਪਨੀ ਦਾ ਮੋਬਾਇਲ ਵੀ ਘਟਨਾ ਵਾਲੇ ਸਥਾਨ ਤੇ ਡਿੱਗ ਗਿਆ। ਆਸ਼ਿਸ਼ ਨੇ ਬੜੀ ਹੁਸ਼ਿਆਰੀ ਵਰਤਦੇ ਹੋਏ ਆਪਣੇ ਮੋਬਾਇਲ ਨਾਲ ਉਕਤ ਲੁਟੇਰਿਆਂ ਦੀ ਫਰਾਰ ਹੁੰਦਿਆਂ ਦੀ ਕੁਝ ਸੈਕਿੰਡ ਦੀ ਵੀਡੀਓ ਬਣਾ ਲਈ। ਪੀੜਤ ਲੜਕੇ ਆਸ਼ਿਸ਼ ਦੇ ਪਿਤਾ ਰੋਬਿਨ ਮਸੀਹ ਨੇ ਦੱਸਿਆ ਕਿ ਇਸ ਲੁੱਟ ਖੋਹ ਦੀ ਵਾਰਦਾਤ ਸਬੰਧੀ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਇਕ ਲੁਟੇਰੇ ਦਾ ਵਾਰਦਾਤ ਦੌਰਾਨ ਡਿੱਗਿਆ ਮੋਬਾਈਲ ਵੀ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਥਾਣਾ ਧਾਰੀਵਾਲ ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਮਾਮਲੇ ਦੀ ਜਾਂਚ ਕਰਕੇ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।