ਪੰਚਾਇਤ ਵਲੋਂ ਲਗਾਇਆ ਗੇਟ ਅਤੇ ਉਸਾਰੀ ਦੂਜੀ ਵਾਰ ਢਾਹੀ, ਨਹੀਂ ਹੋ ਰਹੀ ਸੁਣਵਾਈ ਪੰਚਾਇਤ ਵਲੋਂ ਲਗਾਇਆ ਗੇਟ ਅਤੇ ਉਸਾਰੀ ਦੂਜੀ ਵਾਰ ਢਾਹੀ
Publish Date: Fri, 13 Nov 2026 05:18 PM (IST)
Updated Date: Fri, 13 Nov 2026 05:21 PM (IST)
ਖੇਡ ਮੈਦਾਨ, ਸ਼ਮਸ਼ਾਨ ਘਾਟ ਤੇ ਧਾਰਮਿਕ ਸਥਾਨਾਂ ਲਈ ਬਣੇ ਰਸਤੇ ’ਤੇ ਲਾਇਆ ਗਿਆ ਸੀ ਗੇਟ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਠੁਆਣਾ ਵਿਖੇ ਪੰਚਾਇਤ ਵਲੋਂ ਅਦਾਲਤੀ ਕੇਸਾਂ ਤੋਂ ਹੋਈ ਜਿੱਤ ਤੋਂ ਬਾਅਦ ਪਿੰਡ ਦੇ ਖੇਡ ਮੈਦਾਨ ਵਿਚ ਕੀਤੀ ਚਾਰਦੀਵਾਰੀ ਨਾਲ ਲਗਾਏ ਗੇਟ ਨੂੰ ਪਿੰਡ ਦੀ ਹੀ ਇੱਕ ਧਿਰ ਵਲੋਂ ਪੰਦਰਾਂ ਦਿਨਾਂ ਵਿਚ ਦੂਜੀ ਵਾਰ ਪੁੱਟਣ ਦਾ ਮਾਮਲਾ ਮੁੜ ਗਰਮਾ ਗਿਆ। ਸਰਪੰਚ ਵਲੋਂ ਸਰਕਾਰੀ ਗਰਾਂਟ ਨਾਲ ਲਗਾਈ ਰਕਮ ਕਾਰਨ ਪੰਚਾਇਤੀ ਅਤੇ ਸਰਕਾਰੀ ਫ਼ੰਡਾਂ ਦਾ ਡੇਢ ਕੁ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਾਹਿਲਪੁਰ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਦੀ ਸਰਪੰਚ ਮੀਨਾ ਰਾਣੀ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਾਹਿਲਪੁਰ ਨੂੰ ਕੀਤੀਆਂ ਸ਼ਿਕਾਇਤਾਂ ਵਿਚ ਦੱਸਿਆ ਕਿ ਇਹ ਕਿ ਪਿੰਡ ਵਿਚ ਪੰਚਾਇਤ ਦੁਆਰਾ ਗਰਾਊਂਡ ਦੇ ਨਾਲ ਪਹਿਲਾਂ ਵੀ ਉਸਾਰੀ ਕਰਵਾਈ ਗਈ ਸੀ ਜਿਸ ਨੂੰ ਪਿੰਡ ਦੇ ਹੀ ਕੁੱਝ ਲੋਕਾਂ ਵੱਲੋਂ ਢਾਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗਰਾਊਂਡ ਦਾ ਰਸਤਾ ਅਤੇ ਗਰਾਊਂਡ ਦੀ ਚਾਰਦੀਵਾਰੀ ਪੰਦਰਾਂ ਦਿਨ ਬਾਅਦ ਉਨ੍ਹਾਂ ਮੁੜ ਉਸਾਰੀ ਕਰਵਾਈ ਕਰਵਾਈ ਅਤੇ ਖ਼ੇਡ ਮੈਦਾਨ, ਸ਼ਮਸ਼ਾਨ ਘਾਟ ਅਤੇ ਹੋਰ ਧਾਰਮਿਕ ਸਥਾਨਾਂ ਲਈ ਬਣੇ ਇਸ ਰਸਤੇ ’ਤੇ ਗੇਟ ਲਗਵਾਇਆ ਜਿਸ ਨੂੰ ਪੰਦਰਾਂ ਦਿਨਾਂ ਬਾਅਦ ਮੁੜ ਢਾਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗਰਾਊਂਡ ਦੀ ਰਕਬਾ ਭੂਮੀ ਦੀ ਮਿਣਤੀ 1998-99 ਵਿੱਚ ਹੋ ਚੁੱਕੀ ਹੈ, ਉਸ ਵੇਲੇ ਕੋਈ ਵੀ ਮੈਦਾਨ ਨੂੰ ਰਸਤਾ ਨਹੀਂ ਲੱਗਦਾ ਸੀ । ਫਿਰ ਸਤਨਾਮ ਸਿੰਘ ਪੁੱਤਰ ਕਰਤਾਰ ਸਿੰਘ ਦਾ ਉਸ ਵੇਲੇ ਦੀ ਪੰਚਾਇਤ ਨਾਲ ਕੇਸ ਚੱਲਿਆ, ਜਿਸਦਾ ਫੈਸਲਾ 2008 ਵਿੱਚ ਪਿੰਡ ਪੰਚਾਇਤ ਦੇ ਹੱਕ ਵਿੱਚ ਹੋਇਆ ਸੀ। ਫੈਸਲੇ ਅਨੁਸਾਰ ਰਸਤਾ ਕਾਨੂੰਨੀ ਤੌਰ ਤੇ ਪਿੰਡ ਦੇ ਗਰਾਊਂਡ ਨੂੰ ਮਿਲ ਚੁੱਕਾ ਹੈ। ਇਸ ਤੋਂ ਬਾਅਦ ਸਤਨਾਮ ਸਿੰਘ ਪੁੱਤਰ ਕਰਤਾਰ ਸਿੰਘ ਨੇ ਆਪਣੀ ਗਰਾਊਂਡ ਦੇ ਨਾਲ ਲੱਗਦੀ ਜ਼ਮੀਨ ਹਰਪਾਲ ਕੌਰ ਪਤਨੀ ਮੋਹਨ ਸਿੰਘ ਨੂੰ ਵੇਚ ਦਿੱਤੀ ਜਿਨ੍ਹਾਂ ਵਲੋਂ ਪੰਚਾਇਤੀ ਜਮੀਨ ’ਤੇ ਕਬਜਾ ਕਰਨ ਲਈ ਪਿਛਲੇ ਪੰਦਰਾਂ ਦਿਨਾਂ ਵਿਚ ਦੂਜੀ ਵਾਰ ਪੰਚਾਇਤ ਵਲੋਂ ਸਰਕਾਰੀ ਖ਼ਰਚੇ ’ਤੇ ਕਰਵਾਈ ਉਸਾਰੀ ਢਾਹ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਿਹੜੇ ਵੀ ਢਾਹ ਰਹੇ ਹਨ ਸਾਰਾ ਖ਼ਰਚ ਉਨ੍ਹਾਂ ਸਿਰ ਪਾ ਕੇ ਕਾਰਵਾਈ ਕੀਤੀ ਜਾਵੇਗੀ।