ਮੀਂਹ ਕਾਰਨ ਨੀਵੇਂ ਇਲਾਕਿਆਂ ’ਚ ਭਰਿਆ ਪਾਣੀ ਮੀਂਹ ਕਾਰਨ ਨੀਵੇਂ ਇਲਾਕਿਆਂ ’ਚ ਭਰਿਆ ਪਾਣੀ
Publish Date: Wed, 05 Aug 2026 05:08 PM (IST)
Updated Date: Wed, 05 Aug 2026 05:10 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਤੜਕਸਾਰ ਪਏ ਮੌਹਲੇਧਾਰ ਮੀਂਹ ਨੇ ਲਗਾਤਾਰ ਦੂਜੇ ਦਿਨ ਹੁਸ਼ਿਆਰਪੁਰ ਸ਼ਹਿਰ ਦਾ ਜਨਜੀਵਨ ਅਸਤ ਵਿਅਸਤ ਕਰ ਦਿੱਤਾ। ਮੀਂਹ ਦਾ ਪਾਣੀ ਨਾ ਸਿਰਫ਼ ਨੀਂਵੇ ਇਲਾਕਿਆਂ ਵਿਚ ਭਰ ਗਿਆ, ਬਲਕਿ ਲੋਕਾਂ ਦੇ ਘਰਾਂ ਵਿਚ ਵੀ ਵੜ ਗਿਆ। ਪਾਣੀ ਦੀ ਬਹੁਤਾਤ ਕਾਰਨ ਨਾਲੀਆਂ ਦਾ ਗੰਦਾ ਪਾਣੀ ਬਾਹਰ ਗਲੀਆਂ ਵਿਚ ਆ ਗਿਆ, ਜਿਸ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਲਗਾਤਾਰ ਦੂਜੇ ਦਿਨ ਪਏ ਮੀਂਹ ਕਾਰਨ ਸ਼ਿਮਲਾ ਪਹਾੜੀ, ਰੇਲਵੇ ਰੋਡ, ਗਊਸ਼ਾਲਾ ਬਾਜਾਰ, ਘੰਟਾ ਘਰ, ਬੱਸ ਅੱਡਾ, ਰੇਲਵੇ ਸਟੇਸ਼ਨ ਦੇ ਨਜ਼ਦੀਕ ਦੇ ਇਲਾਕੇ, ਫ਼ਗਵਾੜਾ ਰੋਡ, ਕ੍ਰਿਸ਼ਨਾ ਨਗਰ ਸਮੇਤ ਸਾਰੇ ਇਲਾਕਿਆਂ ਵਿਚ ਪਾਣੀ ਭਰ ਗਿਆ ਅਤੇ ਲੋਕਾਂ ਦਾ ਘਰਾਂ ’ਚੋਂ ਨਿਕਲਣਾ ਵੀ ਬੰਦ ਹੋ ਗਿਆ। ਹੋਰ ਤਾਂ ਹੋਰ 2025 ਵਿਚ ਸ਼ਹਿਰ ਦੇ ਵੱਡੇ ਅਤੇ ਪੁਰਾਣੇ ਹਿੱਸੇ ਵਿੱਚੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਲਈ ਸ਼ਿਮਲਾ ਪਹਾੜੀ ਚੌਕ ਵਿਚ ਸੀਵਰੇਜ ਬੋਰਡ ਵੱਲੋਂ ਬਣਾਇਆ ਗਿਆ ਇੱਕ ਕਰੋੜ 58 ਲੱਖ ਰੁਪਏ ਦਾ ਪ੍ਰੋਜੈਕਟ ਇਸ ਸਾਲ ਦੀ ਬਰਸਾਤ ਲਈ ਕੋਈ ਵੀ ਸਹਾਰਾ ਨਾ ਬਣ ਸਕਿਆ। ਬਾਲ ਕ੍ਰਿਸ਼ਨ ਰੋਡ ’ਤੇ ਬਿਨਾਂ ਮੀਂਹ ਤੋਂ ਪਿਆ ਡੂੰਘਾ ਟੋਇਆ ਪ੍ਰਸ਼ਾਸਨ ਵੱਲੋਂ ਹਾਲਾਂਕਿ ਖ਼ਾਨਾ ਪੂਰਤੀ ਕਰ ਕੇ ਅੱਧ ਪਚੱਧ ਪੂਰ ਦਿੱਤਾ ਸੀ ਪਰ ਤੜਕਸਾਰ ਦੇ ਮੀਂਹ ਨਾਲ ਹੋਰ ਚੌੜਾ ਹੋ ਗਿਆ। ਜ਼ਮੀਨ ਦਾ ਕੁਝ ਹਿੱਸਾ ਹੋਰ ਜ਼ਮੀਨ ਵਿਚ ਧੱਸ ਗਿਆ। ਅੱਜ ਦੇ ਪਏ ਤੇਜ਼ ਮੀਂਹ ਤੋਂ ਬਾਅਦ ਸਭ ਤੋਂ ਮਾੜਾ ਹਾਲ ਸ਼ਿਮਲਾ ਪਹਾੜੀ ਚੌਕ ਅਤੇ ਗਊਸ਼ਾਲਾ ਬਾਜ਼ਾਰ ਦਾ ਹੋਇਆ। ਪਾਣੀ ਭਰਨ ਨਾਲ ਦੁਕਾਨਦਾਰਾਂ ਨੂੰ ਦੁਕਾਨਾਂ ਖ਼ੋਲ੍ਹਣ ਵਿਚ ਵੀ ਪਰੇਸ਼ਾਨੀ ਆਈ। ਗਊਸ਼ਾਲਾ ਬਾਜ਼ਾਰ ਵਿਚ ਤਾਂ ਬੈਂਕ ਅਤੇ ਦੁਕਾਨਾਂ ਖ਼ੋਲ੍ਹਣ ਲਈ ਪਾਣੀ ਦੇ ਉਤਰਨ ਦਾ ਇੰਤਜ਼ਾਰ ਕਰਨਾ ਪਿਆ। ਪਾਣੀ ਉਤਰਨ ਤੋਂ ਬਾਅਦ ਗਲੀਆਂ ਅਤੇ ਬਾਜ਼ਾਰਾਂ ਵਿਚ ਗੰਦਗੀ ਦੇ ਢੇਰ ਲੱਗ ਗਏ। ਹਾਲਾਂਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਐਡਵਾਈਜਰੀ ਜਾਰੀ ਕੀਤੀ ਜਾ ਰਹੀ ਹੈ ਪਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਤੋਂ ਬਾਅਦ ਅਜੇ ਸ਼ਹਿਰ ਵਿੱਚੋਂ ਗੰਦਗੀ ਦੇ ਢੇਰ ਚੁੱਕਣ ਨੂੰ ਦੋ ਚਾਰ ਦਿਨ ਦਾ ਸਮਾਂ ਲੱਗ ਸਕਦਾ ਹੈ। ਸੜਕਾਂ ਬਾਜ਼ਾਰਾਂ ਵਿਚ ਪਏ ਇਨ੍ਹਾਂ ਢੇਰਾਂ ਤੋਂ ਉੱਠਦੀ ਗੰਦੀ ਬਦਬੂ ਕਾਰਨ ਇਨ੍ਹਾਂ ਸਥਾਨਾਂ ਤੋਂ ਲੰਘਣਾ ਮੁਸ਼ਕਿਲ ਹੋ ਚੁੱਕਾ ਹੈ। ਸਵੇਰ ਸਾਰ ਹੀ ਸਕੂਲੀ ਬੱਚਿਆਂ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਆਪੋ-ਆਪਣੇ ਕੰਮਾਂ ’ਤੇ ਜਾਣ ਲਈ ਮੁਸ਼ਕਿਲ ਪੇਸ਼ ਆਈ। ਦੂਜੇ ਪਾਸੇ ਨਗਰ ਨਿਗਮ ਵੱਲੋਂ ਵੀ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕੂੜਾ ਜਾਂ ਗੰਦਗੀ ਸੜਕਾਂ ’ਤੇ ਨਾ ਸੁੱਟਣ।