- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਂਨਗਰ 'ਚ ਪਈ 37 ਐਮਐਮ ਬਾਰਿਸ਼ ਨਾਲ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ

-ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ, ਕਈ ਥਾਵਾਂ 'ਤੇ ਲੱਗੇ ਲੰਬੇ ਟ੍ਰੈਫਿਕ ਜਾਮ
ਫੋਟੋ ਨੰਬਰ-57,58,59,60
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਮੰਗਲਵਾਰ ਨੂੰ ਪਏ ਮੀਂਹਸ ਨਾਲ ਜਿੱਥੇ ਮੌਸਮ ਸੁਹਾਵਣਾ ਹੋਇਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਕਈ ਥਾਈਂ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਮੀਂਹ ਦੌਰਾਨ ਵਾਹਨ ਚਾਲਕ ਰੇਨ ਕੋਟ ਤੇ ਦੁਪੱਟੇ ਦੀ ਮਦਦ ਨਾਲ ਮੀਂਹ ਤੋਂ ਬਚਦੇ ਆਪਣੀ ਮੰਜ਼ਿਲ ਵੱਲ ਵਧਦੇ ਨਜ਼ਰ ਆਏ। ਸੜਕਾਂ ’ਤੇ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਆਉਣ-ਜਾਣ ’ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਨੀਵੇਂ ਇਲਾਕੇ ਪਾਣੀ ਹੇਠ ਆ ਗਏ, ਜਿਸ ਨਾਲ ਨਗਰ ਨਿਗਮ ਦੇ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋਏ। ਮੌਸਮ ਵਿਭਾਗ ਪੀਏਯੂ ਦੇ ਮੁਖੀ ਡਾ.ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਮਹਾਨਗਰ ਵਿੱਚ ਮੰਗਲਵਾਰ ਨੂੰ 37 ਮਿਲੀਮੀਟਰ ਬਾਰਿਸ਼ ਹੋਈ। ਮੀਂਹ ਉਪਰੰਤ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਤੇ ਠੰਡੀ ਹਵਾਵਾਂ ਚੱਲਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਵੀ ਖੁਸ਼ੀ ਦੇਖਣ ਨੂੰ ਮਿਲੀ। ਮੱਕੀ, ਝੋਨੇ ਤੇ ਸਬਜ਼ੀਆਂ ਦੀਆਂ ਫ਼ਸਲਾਂ ਲਈ ਇਹ ਬਾਰਿਸ਼ ਲਾਭਦਾਇਕ ਮੰਨੀ ਜਾ ਰਹੀ ਹੈ। ਖੇਤੀ ਮਾਹਿਰਾਂ ਨੇ ਕਿਹਾ ਕਿ ਸਮੇਂ ਸਿਰ ਹੋਣ ਵਾਲੀ ਵਰਖਾ ਨਾਲ ਫ਼ਸਲਾਂ ਦੇ ਵਿਕਾਸ ਨੂੰ ਫ਼ਾਇਦਾ ਮਿਲਦਾ ਹੈ, ਹਾਲਾਂਕਿ ਲਗਾਤਾਰ ਭਾਰੀ ਮੀਂਹ ਹੋਣ ਦੀ ਸਥਿਤੀ ਵਿੱਚ ਖੇਤਾਂ ਵਿੱਚ ਪਾਣੀ ਖੜ੍ਹਾ ਨਾ ਰਹਿਣ ਦਿੱਤਾ ਜਾਵੇ।
ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਬੱਦਲ ਛਾਏ ਰਹਿਣ ਅਤੇ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸਵੇਰੇ ਕਰੀਬ 7.30 ਵਜੇ ਸ਼ੁਰੂ ਹੋਈ ਤੇਜ਼ ਮੀਂਹ ਨੇ ਮਹਾਨਗਰ ਦੇ ਕਈ ਇਲਾਕਿਆਂ ਨੂੰ ਜਲਥਲ ਕਰ ਦਿੱਤਾ। ਲਗਭਗ ਇੱਕ ਘੰਟੇ ਤੱਕ ਲਗਾਤਾਰ ਹੋਈ ਵਰਖਾ ਕਾਰਨ ਫਿਰੋਜ਼ਪੁਰ ਰੋਡ, ਹੈਬੋਵਾਲ, ਹੰਬੜਾ ਰੋਡ, ਚੰਦਰ ਨਗਰ, ਕਿਚਲੂ ਨਗਰ, ਰਿਸ਼ੀ ਨਗਰ ਅਤੇ ਫੋਕਲ ਪੁਆਇੰਟ ਸਮੇਤ ਕਈ ਇਲਾਕਿਆਂ ਦੀਆਂ ਸੜਕਾਂ 'ਤੇ ਇੱਕ ਫੁੱਟ ਤੱਕ ਪਾਣੀ ਖੜ੍ਹਾ ਹੋ ਗਿਆ। ਸਵੇਰ ਦਾ ਦਫ਼ਤਰੀ ਅਤੇ ਸਕੂਲੀ ਸਮਾਂ ਹੋਣ ਕਰਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਕਈ ਥਾਵਾਂ 'ਤੇ ਲੰਬੇ ਟ੍ਰੈਫਿਕ ਜਾਮ ਲੱਗ ਗਏ। ਮੀਂਹ ਕਾਰਨ ਦੋਪਹੀਆ ਤੇ ਚਾਰਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਲੋਕ ਪਾਣੀ ਭਰੀਆਂ ਸੜਕਾਂ ਤੋਂ ਬਚਣ ਲਈ ਗਲੀਆਂ ਰਾਹੀਂ ਆਪਣੀ ਮੰਜ਼ਿਲ ਵੱਲ ਜਾਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਟ੍ਰੈਫਿਕ ਪੁਲਿਸ ਨੂੰ ਵੀ ਵਾਹਨਾਂ ਦੀ ਆਵਾਜਾਈ ਸੁਚਾਰੂ ਬਣਾਉਣ ਲਈ ਕਾਫ਼ੀ ਮਿਹਨਤ ਕਰਨੀ ਪਈ। ਸਭ ਤੋਂ ਵੱਧ ਪ੍ਰਭਾਵਿਤ ਹੰਬੜਾ ਰੋਡ ਰਿਹਾ, ਜਿੱਥੇ ਕਾਲੀ ਮਾਤਾ ਮੰਦਰ ਤੋਂ ਰਾਮਸ਼ਰਨਮ ਤੱਕ ਸੜਕ ਪਾਣੀ ਵਿੱਚ ਡੁੱਬੀ ਰਹੀ। ਇਸ ਕਾਰਨ ਇਸ ਮਾਰਗ 'ਤੇ ਲੰਬਾ ਜਾਮ ਲੱਗ ਗਿਆ ਅਤੇ ਲੋਕਾਂ ਨੂੰ ਕਈ ਘੰਟਿਆਂ ਤੱਕ ਪ੍ਰੇਸ਼ਾਨੀ ਝੱਲਣੀ ਪਈ। ਰਿਸ਼ੀ ਨਗਰ ’ਚੋਂ ਲੰਘ ਕੇ ਲੋਕਾਂ ਨੇ ਜਾਮ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਵੀ ਕਈ ਥਾਵਾਂ 'ਤੇ ਪਾਣੀ ਭਰਿਆ ਹੋਣ ਕਾਰਨ ਹਾਲਾਤ ਵਧੀਆ ਨਹੀਂ ਸਨ। ਇਸੇ ਤਰ੍ਹਾਂ ਹੈਬੋਵਾਲ ਮੇਨ ਰੋਡ, ਚੰਦਰ ਨਗਰ, ਕਿਚਲੂ ਨਗਰ ਅਤੇ ਫੋਕਲ ਪੁਆਇੰਟ ਦੀਆਂ ਸੜਕਾਂ ਵੀ ਪਾਣੀ ਨਾਲ ਲਬਾਲਬ ਭਰੀਆਂ ਰਹੀਆਂ। ਕਈ ਥਾਈਂ ਵਾਹਨ ਪਾਣੀ ਵਿੱਚ ਬੰਦ ਹੋ ਗਏ, ਜਿਸ ਨਾਲ ਟ੍ਰੈਫਿਕ ਹੋਰ ਵੀ ਪ੍ਰਭਾਵਿਤ ਹੋਇਆ। ਨਗਰ ਨਿਗਮ ਦੀਆਂ ਟੀਮਾਂ ਨੇ ਬਾਰਿਸ਼ ਰੁਕਣ ਤੋਂ ਬਾਅਦ ਪਾਣੀ ਦੀ ਨਿਕਾਸੀ ਲਈ ਕੰਮ ਸ਼ੁਰੂ ਕੀਤਾ। ਲਗਭਗ ਦੁਪਹਿਰ ਤੱਕ ਜ਼ਿਆਦਾਤਰ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਾਣੀ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਆਵਾਜਾਈ ਹੌਲੀ-ਹੌਲੀ ਆਮ ਹੋਣ ਲੱਗੀ ਅਤੇ ਲੋਕਾਂ ਨੇ ਰਾਹਤ ਦਾ ਸਾਹ ਲਿਆ। ਇੱਕ ਪਾਸੇ ਇਸ ਬਾਰਿਸ਼ ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ, ਪਰ ਦੂਜੇ ਪਾਸੇ ਸ਼ਹਿਰ ਦੀ ਡਰੇਨੇਜ ਪ੍ਰਣਾਲੀ ਦੀ ਪੋਲ ਵੀ ਖੋਲ੍ਹ ਦਿੱਤੀ। ਹਰ ਵਾਰ ਦੀ ਤਰ੍ਹਾਂ ਥੋੜ੍ਹੀ ਦੇਰ ਦੀ ਤੇਜ਼ ਬਾਰਿਸ਼ ਨਾਲ ਮੁੱਖ ਸੜਕਾਂ ਦਾ ਪਾਣੀ ਨਾਲ ਭਰ ਜਾਣਾ ਸ਼ਹਿਰੀ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰਦਾ ਹੈ।