- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਪੰਜਾਬ ਰੋਡਵੇਜ਼ /ਪਨਬੱਸ ਤੇ ਪੀਆਰਟੀਸੀ ਦੇ ਕਾਮਿਆਂ ਦੀ ਹੜਤਾਲ ਖਤਮ

-ਲਿਖਤੀ ਭਰੋਸੇ ਮੁਤਾਬਕ ਵਿੱਤ ਮੰਤਰੀ/ਟਰਾਂਸਪੋਰਟ ਮੰਤਰੀ, ਪੰਜਾਬ ਨਾਲ ਅਗਲੀ ਮੀਟਿੰਗ 14 ਨੂੰ ਤੈਅ
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਰੋਡਵੇਜ਼ /ਪਨਬੱਸ ਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਵਲੋਂ ਪਿਛਲੇ ਦਿਨ 3 ਅਗਸਤ ਤੋਂ ਸ਼ੁਰੂ ਕੀਤੀ ਤਿੰਨ ਰੋਜ਼ਾ ਹੜਤਾਲ ਮੰਗਲਵਾਰ ਨੂੰ ਸਮਾਪਤ ਹੋ ਗਈ ਹੈ। ਪੰਜਾਬ ਰੋਡਵੇਜ਼ /ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੇ ਭਰੋਸੇ ਮਗਰੋਂ ਟ੍ਰਾਂਸਪੋਰਟ ਵਿਭਾਗ ਦੇ ਕੱਚੇ ਕਾਮਿਆਂ ਨੇ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਤਿੰਨ ਦਿਨਾ ਹੜਤਾਲ ਅੱਜ ਖਤਮ ਕਰ ਦਿੱਤੀ ਹੈ। ਮੰਗਲਵਾਰ ਨੂੰ ਕੱਚੇ ਕਾਮਿਆਂ ਦੀ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ, ਜਿਸ ਦੌਰਾਨ ਅਧਿਕਾਰੀਆਂ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਜਥੇਬੰਦੀ ਦੀ 3 ਅਗਸਤ ਨੂੰ ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜੋ ਮੀਟਿੰਗ ਹੋਈ ਸੀ, ਉਸ ਦੇ ਅਨੁਸਾਰ ਪਨਬੱਸ ’ਚ ਠੇਕਾ ਆਧਾਰਿਤ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਪੀਆਰਟੀਸੀ ਦੇ ਸਾਲ 1981(ਸੋਧ 2010) ਸਰਵਿਸ ਰੂਲਾਂ ਨੂੰ ਅਪਣਾਉਣ ਦਾ ਮੁੱਦਾ 11 ਅਗਸਤ ਨੂੰ ਪਨਬੱਸ ਬੋਰਡ ਆਫ ਡਾਇਰੈਕਟਰਜ ਦੀ ਹੋਣ ਵਾਲੀ ਮੀਟਿੰਗ ਵਿੱਚ ਮੁੱਖ ਅਜੰਡੇ ਵਜੋਂ ਵਿਚਾਰਿਆ ਜਾਵੇ, ਪਨਬੱਸ ਤੇ ਪੀਆਰਟੀਸੀ ਦੇ ਕਾਮਿਆਂ ਨੂੰ ਕੰਟਰੈਕਟ 'ਤੇ ਲਿਆਉਣ ਲਈ ਸਰਕਾਰ ਵੱਲੋਂ ਮੌਨਸੂਨ ਸੈਸ਼ਨ ’ਚ ਆਰਡੀਨੈਂਸ/ਬਿੱਲ ਲਿਆਂਦਾ ਜਾ ਰਿਹਾ ਹੈ। ਜੇਕਰ ਬਿੱਲ ਪਾਸ ਹੋਣ ਵਿੱਚ ਦੇਰੀ ਹੁੰਦੀ ਹੈ ਤਾਂ ਕਾਮਿਆਂ ਨੂੰ ਕੰਟਰੈਕਟ 'ਤੇ ਲੈਣ ਸਬੰਧੀ ਯੋਗ ਕਾਰਵਾਈ ਮੁੱਖ ਦਫਤਰ ਵੱਲੋਂ ਜਲਦ ਆਰੰਭੀ ਜਾਵੇਗੀ, ਪਨਬੱਸ/ਪੀਆਰਟੀਸੀ ਦੇ ਮੁਲਾਜ਼ਮਾਂ 'ਤੇ ਸੰਘਰਸ਼ ਦੌਰਾਨ ਦਰਜ ਕੀਤੇ ਗਏ ਪੁਲਿਸ ਪਰਚਿਆਂ ਨੂੰ ਰੱਦ ਕਰਵਾਉਣ ਲਈ ਮਾਮਲਾ ਗ੍ਰਹਿ ਵਿਭਾਗ ਨਾਲ ਮੁੜ ਚੁੱਕਿਆ ਜਾਵੇਗਾ ਤੇ ਇਕ ਮਹੀਨੇ ਦੇ ਅੰਦਰ ਲੁੜੀਂਦੀ ਕਾਰਵਾਈ ਹੋਵੇਗੀ। ਸੂਬਾ ਪ੍ਰਧਾਨ ਅਨੁਸਾਰ ਅਧਿਕਾਰੀਆਂ ਵੱਲੋਂ ਦਿੱਤੇ ਗਏ ਲਿਖਤੀ ਭਰੋਸੇ ਮੁਤਾਬਿਕ ਵਿੱਤ ਮੰਤਰੀ /ਟਰਾਂਸਪੋਰਟ ਮੰਤਰੀ, ਪੰਜਾਬ ਨਾਲ ਜਥੇਬੰਦੀ ਦੀ ਅਗਲੀ ਮੀਟਿੰਗ 14 ਅਗਸਤ ਨੂੰ ਨਿਸ਼ਚਿਤ ਕੀਤੀ ਹੈ, ਜਿਸ ਵਿੱਚ ਪ੍ਰਸੋਨਲ ਅਤੇ ਵਿੱਤ ਵਿਭਾਗ ਦੇ ਸਕੱਤਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਪੈਨਲ ਮੀਟਿੰਗ ਰਾਹੀੰ ਉਪਰੋਕਤ ਤਿੰਨਾਂ ਮੰਗਾਂ 'ਤੇ ਫੈਸਲਾ ਕੀਤਾ ਜਾਵੇਗਾ। ਸਰਕਾਰ ਵੱਲੋਂ 30-06-2023 ਦੀ ਹਦਾਇਤ ਅਨੁਸਾਰ ਪਨਬੱਸ ਦੇ ਕੰਟਰੈਕਟ ਤੇ ਪੀਆਰਟੀਸੀ ਦੇ ਆਊਟਸੋਰਸ ਕਾਮਿਆਂ ਨੂੰ ਹਮਦਰਦੀ ਭਰਿਆ ਮੌਕਾ ਦੇਕੇ ਮੁੜ ਡਿਊਟੀ' ਤੇ ਲੈਣ ਲਈ ਫੈਸਲਾ ਸਰਕਾਰ ਵੱਲੋਂ ਜਲਦ ਲਾਗੂ ਕੀਤਾ ਜਾਵੇਗਾ ਤੇ ਇਸ ਸਬੰਧੀ 26.07.2023 ਦੀਆਂ ਹਦਾਇਤਾਂ ਵਿੱਚ ਸੋਧ ਕਰਨ ਸਬੰਧੀ ਤਜਵੀਜ ਮੁੱਖ ਦਫਤਰ ਵੱਲੋਂ ਸਰਕਾਰ ਨੂੰ ਭੇਜੀ ਜਾਵੇਗੀ। ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 14 ਅਗਸਤ ਨੂੰ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਉਪਰ ਮੋਹਰ ਲਗਾਉਣ ਤੋਂ ਆਨਾ-ਕਾਨੀ ਕੀਤੀ ਤਾਂ ਅਜ਼ਾਦੀ ਦਿਵਸ ਮੌਕੇ 15 ਅਗਸਤ ਤੋਂ ਬੱਸਾਂ ਦਾ ਚੱਕਾ ਜਾਮ ਕਰਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਸਮਸ਼ੇਰ ਸਿੰਘ ਤੋਂ ਇਲਾਵਾ ਹੋਰ ਸੂਬਾਈ ਆਗੂ ਵੀ ਮੌਜੂਦ ਸਨ।