ਸਾਹਿਤ ਸਭਾ ਬਾਘਾਪੁਰਾਣਾ ਨੇ ਸਮਾਜਿਕ ਸਰੋਕਾਰਾਂ ’ਤੇ ਕੀਤੀ ਚਰਚਾ ਸਕੂਲ ਆਫ਼ ਐਮੀਨੈਂਸ ਬਾਘਾਪੁਰਾਣਾ
Publish Date: Wed, 05 Aug 2026 04:09 PM (IST)
Updated Date: Wed, 05 Aug 2026 04:10 PM (IST)
ਸਕੂਲ ਆਫ਼ ਐਮੀਨੈਂਸ ਵਿਖੇ ਮਹੀਨਾਵਾਰ ਮੀਟਿੰਗ ਕਰਵਾਈ ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ: ਸਕੂਲ ਆਫ਼ ਐਮੀਨੈਂਸ ਬਾਘਾਪੁਰਾਣਾ ਵਿਖੇ ਸਾਹਿਤ ਸਭਾ ਬਾਘਾਪੁਰਾਣਾ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਮੀਤ ਪ੍ਰਧਾਨ ਜਗਦੀਸ਼ ਪ੍ਰੀਤਮ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਵਿਚ ਵੱਖ-ਵੱਖ ਖ਼ੇਤਰਾਂ ਤੋਂ ਪੁੱਜੇ ਸਾਹਿਤਕਾਰਾਂ ਨੇ ਸਾਹਿਤਕ, ਸਮਾਜਿਕ, ਸੱਭਿਆਚਾਰਕ ਅਤੇ ਸਮਕਾਲੀ ਮੁੱਦਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਹਿਤ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਮਾਜ ਨੂੰ ਸਹੀ ਦਿਸ਼ਾ ਦੇਣ, ਲੋਕਾਂ ਵਿਚ ਚੇਤਨਾ ਪੈਦਾ ਕਰਨ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦਾ ਇਕ ਪ੍ਰਭਾਵਸ਼ਾਲੀ ਮਾਧਿਅਮ ਹੈ। ਇਸ ਮੌਕੇ ਜਗਦੀਸ਼ ਪ੍ਰੀਤਮ, ਜਸਵੰਤ ਜੱਸੀ, ਹਰਵਿੰਦਰ ਰੋਡੇ, ਸੁਰਜੀਤ ਕਾਲੇਕੇ, ਈਸ਼ਰ ਸਿੰਘ ਲੰਭਵਾਲੀ ਅਤੇ ਰਘਬੀਰ ਸਿੰਘ ਲੰਗਿਆਣਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਾਹਿਤ ਸਭਾਵਾਂ ਦਾ ਲਗਾਤਾਰ ਵਿਸਥਾਰ ਹੋਣਾ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਬਹੁਤ ਹੀ ਉਤਸ਼ਾਹਜਨਕ ਰੁਝਾਨ ਹੈ। ਉਨ੍ਹਾਂ ਕਿਹਾ ਕਿ ਇਹ ਸਾਹਿਤਕ ਲਹਿਰ ਨਵੇਂ ਲੇਖਕਾਂ ਨੂੰ ਉਭਰਨ ਦਾ ਮੌਕਾ ਪ੍ਰਦਾਨ ਕਰ ਰਹੀ ਹੈ ਅਤੇ ਪੰਜਾਬੀ ਸਾਹਿਤ ਨੂੰ ਹੋਰ ਸਮਰੱਥ ਬਣਾ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਲੜੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਸਾਹਿਤਕਾਰ ਅਮਰਜੀਤ ਰਣੀਆ, ਕੰਵਲਜੀਤ ਭੋਲਾ ਲੰਡੇ, ਹਰਚਰਨ ਰਾਜਿਆਣਾ, ਪਰਮਜੀਤ ਬਾਘਾ ਪੁਰਾਣਾ ਅਤੇ ਬਲਵਿੰਦਰ ਕੈਂਥ ਨੇ ਦੇਸ਼ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਹਿਤਕਾਰਾਂ ਦੀ ਜ਼ਿੰਮੇਵਾਰੀ ਸਿਰਫ਼ ਰਚਨਾਵਾਂ ਲਿਖਣ ਤੱਕ ਸੀਮਤ ਨਹੀਂ, ਸਗੋਂ ਸਮਾਜਿਕ ਬੁਰਾਈਆਂ ਅਤੇ ਪ੍ਰਬੰਧਕੀ ਕਮੀਆਂ ਵੱਲ ਲੋਕਾਂ ਅਤੇ ਹਾਕਮਾਂ ਦਾ ਧਿਆਨ ਖਿੱਚਣਾ ਵੀ ਹੈ। ਇਕੱਤਰਤਾ ਦੌਰਾਨ ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਪੁਲਿਸ ਵੱਲੋਂ ਕੀਤੇ ਗਏ ਕਥਿਤ ਤਸ਼ੱਦਦ ਅਤੇ ਜੰਤਰ-ਮੰਤਰ, ਨਵੀਂ ਦਿੱਲੀ ਵਿਖੇ ਵਿਦਿਆਰਥੀਆਂ ਦੇ ਸ਼ਾਂਤਮਈ ਅੰਦੋਲਨ ਨੂੰ ਦਬਾਉਣ ਲਈ ਵਰਤੇ ਗਏ ਜ਼ਬਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਸਭਾ ਵੱਲੋਂ ਸਾਹਿਤ ਸਭਾ ਬਾਘਾ ਪੁਰਾਣਾ ਦੇ ਸਰਪ੍ਰਸਤ ਈਸ਼ਰ ਸਿੰਘ ਲੰਭਵਾਲੀ ਨੂੰ ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਵੱਲੋਂ ਸਨਮਾਨਿਤ ਕੀਤੇ ਜਾਣ ਅਤੇ ਬਲਵਿੰਦਰ ਸਿੰਘ ਕੈਂਥ ਨੂੰ ਲਿਖਾਰੀ ਸਭਾ ਮੋਗਾ ਦਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਨਿੱਘੀਆਂ ਵਧਾਈਆਂ ਦਿੱਤੀਆਂ ਗਈਆਂ। ਇਕ ਸ਼ੋਕ ਮਤੇ ਰਾਹੀਂ ਪ੍ਰਸਿੱਧ ਗ਼ਜ਼ਲਗੋ ਮਾਲਵਿੰਦਰ ਦੀ ਬੇਵਕਤੀ ਮੌਤ ਅਤੇ ਸਾਹਿਤਕਾਰ ਪਵਨ ਹਰਚੰਦਪੁਰੀ ਦੀ ਧਰਮਪਤਨੀ ਪੁਸ਼ਪ ਸ਼ਰਮਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਰਚਨਾਵਾਂ ਦੇ ਦੌਰ ’ਚ ਹਾਜ਼ਰ ਸਾਹਿਤਕਾਰਾਂ ਨੇ ਗ਼ਜ਼ਲਾਂ, ਗੀਤ, ਛੋਟੀਆਂ ਕਹਾਣੀਆਂ, ਚੌਕੇ, ਛੰਦ ਅਤੇ ਟੋਟਕੇ ਪੇਸ਼ ਕਰਕੇ ਆਪਣੀ ਸਾਹਿਤਕ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ।