- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦੀ ਪ੍ਰਮੁੱਖ ਦਾਣਾ ਮੰਡੀ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਦਾਣਾ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਭਾਵੇਂ ਇਸ ਵੇਲੇ ਮੰਡੀ ਵਿਚ ਝੋਨੇ ਦੀ ਆਮਦ ਬਹੁਤ ਘੱਟ ਹੈ, ਪਰ ਹਾਈਬ੍ਰਿਡ ਝੋਨੇ ਅਤੇ ਬਾਸਮਤੀ ਦੀਆਂ ਕੁਝ ਕਿਸਮਾਂ ਦੀ ਫ਼ਸਲ ਮੰਡੀ ਵਿਚ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਆਮ ਝੋਨੇ ਦੀ ਵੱਡੇ ਪੱਧਰ ’ਤੇ ਆਮਦ 1 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਇਸ ਨੂੰ ਲੈ ਕੇ ਮੰਡੀ ਪ੍ਰਬੰਧਕ ਅਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੋਗਾ ਜ਼ਿਲ੍ਹਾ ਮੁੱਖ ਤੌਰ ’ਤੇ ਖੇਤੀਬਾੜੀ ’ਤੇ ਨਿਰਭਰ ਜ਼ਿਲ੍ਹਾ ਹੈ ਅਤੇ ਇੱਥੇ ਹਰ ਸਾਲ ਵੱਡੇ ਪੱਧਰ ’ਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਵਾਰ ਵੀ ਕਿਸਾਨਾਂ ਵੱਲੋਂ ਜੂਨ ਮਹੀਨੇ ਦੇ ਮੱਧ ਤੋਂ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਕਿਸਾਨਾਂ ਅਨੁਸਾਰ ਆਮ ਝੋਨੇ ਦੀ ਫ਼ਸਲ ਨੂੰ ਤਿਆਰ ਹੋ ਕੇ ਮੰਡੀ ਤੱਕ ਪਹੁੰਚਣ ਵਿੱਚ ਲਗਭਗ 130 ਤੋਂ 140 ਦਿਨ ਦਾ ਸਮਾਂ ਲੱਗ ਜਾਂਦਾ ਹੈ, ਜਦਕਿ ਕਈ ਕਿਸਾਨ ਘੱਟ ਸਮੇਂ ਵਿਚ ਤਿਆਰ ਹੋਣ ਵਾਲੀਆਂ ਹਾਈਬ੍ਰਿਡ ਕਿਸਮਾਂ ਦੀ ਵੀ ਕਾਸ਼ਤ ਕਰਦੇ ਹਨ। ਹਾਈਬ੍ਰਿਡ ਝੋਨੇ ਦੀਆਂ ਕੁਝ ਕਿਸਮਾਂ ਲਗਭਗ 90 ਦਿਨਾਂ ਵਿਚ ਤਿਆਰ ਹੋ ਜਾਂਦੀਆਂ ਹਨ। ਇਸੇ ਕਾਰਨ ਇਸ ਸਮੇਂ ਮੋਗਾ ਦਾਣਾ ਮੰਡੀ ਵਿੱਚ ਹਾਈਬ੍ਰਿਡ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਮੰਡੀ ਵਿੱਚ ਪਰਮਲ ਅਤੇ ਬਾਸਮਤੀ 1509 ਕਿਸਮ ਦੇ ਹਾਈਬ੍ਰਿਡ ਝੋਨੇ ਦੀਆਂ ਫ਼ਸਲਾਂ ਦੇ ਢੇਰ ਕੁਝ ਆੜ੍ਹਤੀਆਂ ਦੀਆਂ ਦੁਕਾਨਾਂ ’ਤੇ ਨਜ਼ਰ ਆ ਰਹੇ ਹਨ। ਇਸ ਸਮੇਂ ਕਰੀਬ ਅੱਧੀ ਦਰਜਨ ਆੜ੍ਹਤੀਆਂ ਕੋਲ ਝੋਨੇ ਦੀ ਫ਼ਸਲ ਪਹੁੰਚੀ ਹੋਈ ਹੈ, ਜਦਕਿ ਮੰਡੀ ਦਾ ਬਾਕੀ ਹਿੱਸਾ ਹਾਲੇ ਲਗਭਗ ਖਾਲੀ ਪਿਆ ਹੈ। ਝੋਨੇ ਦੀ ਵੱਡੇ ਪੱਧਰ ’ਤੇ ਆਮਦ ਤੋਂ ਪਹਿਲਾਂ ਮੰਡੀ ਦੇ ਆੜ੍ਹਤੀਆਂ ਵੱਲੋਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਝੋਨੇ ਦੀ ਸਫ਼ਾਈ, ਭਰਾਈ, ਤੋਲ ਅਤੇ ਹੋਰ ਕੰਮਾਂ ਲਈ ਮਜ਼ਦੂਰਾਂ ਦੀ ਲੋੜ ਹੁੰਦੀ ਹੈ। ਇਸ ਲਈ ਆੜ੍ਹਤੀ ਪਹਿਲਾਂ ਤੋਂ ਹੀ ਮਜ਼ਦੂਰਾਂ ਦੀ ਉਪਲਬਧਤਾ ਯਕੀਨੀ ਬਣਾਉਣ ਵਿਚ ਜੁਟ ਗਏ ਹਨ। ਮੋਗਾ ਦਾਣਾ ਮੰਡੀ ਦੇ ਪ੍ਰਮੁੱਖ ਆੜ੍ਹਤੀ ਰਾਜਿੰਦਰ ਜੈਨ ਨੇ ਦੱਸਿਆ ਕਿ ਇਸ ਵਾਰ ਮਜ਼ਦੂਰਾਂ ਦੀ ਉਪਲਬਧਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰਾਂ ਦੇ ਨਾਲ-ਨਾਲ ਸਥਾਨਕ ਮਜ਼ਦੂਰ ਵੀ ਵੱਡੀ ਗਿਣਤੀ ਵਿਚ ਉਪਲਬਧ ਹੋ ਜਾਂਦੇ ਹਨ, ਜਿਸ ਕਾਰਨ ਝੋਨੇ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਦੀ ਕਮੀ ਦੀ ਵੱਡੀ ਸਮੱਸਿਆ ਆਉਣ ਦੀ ਸੰਭਾਵਨਾ ਘੱਟ ਹੈ। ਜ਼ਿਕਰਯੋਗ ਹੈ ਕਿ ਕਣਕ ਦੀ ਫ਼ਸਲ ਦੀ ਆਮਦ ਦੌਰਾਨ ਮਜ਼ਦੂਰਾਂ ਦੀ ਘਾਟ ਇਕ ਵੱਡਾ ਮੁੱਦਾ ਬਣ ਗਈ ਸੀ। ਮਜ਼ਦੂਰਾਂ ਦੀ ਕਮੀ ਕਾਰਨ ਭਾਰਤੀ ਖੁਰਾਕ ਨਿਗਮ ਵੱਲੋਂ ਖ਼ਰੀਦੀ ਗਈ ਫ਼ਸਲ ਦੀ ਚੁਕਾਈ ਪ੍ਰਭਾਵਿਤ ਹੋਈ ਸੀ, ਜਿਸ ਕਾਰਨ ਕਿਸਾਨਾਂ ਅਤੇ ਵਪਾਰੀਆਂ ਵਿੱਚ ਨਾਰਾਜ਼ਗੀ ਪਾਈ ਗਈ ਸੀ। ਸਥਿਤੀ ਗੰਭੀਰ ਹੋਣ ’ਤੇ ਡਿਪਟੀ ਕਮਿਸ਼ਨਰ ਨੂੰ ਭਾਰਤੀ ਖੁਰਾਕ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਨਾਜ ਦੀ ਚੁਕਾਈ ਵਿੱਚ ਤੇਜ਼ੀ ਲਿਆਉਣ ਲਈ ਹਦਾਇਤਾਂ ਜਾਰੀ ਕਰਨੀਆਂ ਪਈਆਂ ਸਨ। ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੰਡੀ ਵਿੱਚ ਬੁਨਿਆਦੀ ਸਹੂਲਤਾਂ, ਸਫ਼ਾਈ, ਸੜਕਾਂ, ਮਜ਼ਦੂਰਾਂ ਅਤੇ ਅਨਾਜ ਦੀ ਚੁਕਾਈ ਸਮੇਤ ਹੋਰ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਪ੍ਰਸ਼ਾਸਨ ਅਤੇ ਮੰਡੀ ਪ੍ਰਬੰਧਕਾਂ ਲਈ ਅਹਿਮ ਚੁਣੌਤੀ ਰਹੇਗੀ। ਕਿਸਾਨਾਂ ਨੂੰ ਉਮੀਦ ਹੈ ਕਿ ਇਸ ਵਾਰ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਮੰਡੀ ਵਿੱਚ ਫ਼ਸਲ ਦੀ ਖ਼ਰੀਦ ਤੇ ਚੁਕਾਈ ਦਾ ਕੰਮ ਸੁਚਾਰੂ ਢੰਗ ਨਾਲ ਚੱਲੇਗਾ।