ਆਂਗਣਵਾੜੀ ਵਰਕਰਾਂ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਘੇਰੀ ਕੋਠੀ ਆਂਗਣਵਾੜੀ ਵਰਕਰਾਂ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਘੇਰੀ ਕੋਠੀ
Publish Date: Sat, 19 Sep 2026 06:05 PM (IST)
Updated Date: Sat, 19 Sep 2026 06:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪੰਜਾਬ ਭਰ ’ਚ ਆਂਗਨਵਾੜੀ ਅਤੇ ਕਰੈੱਚ ਵਰਕਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਮਲੋਟ ਵਿਖੇ ਸਰਵ ਆਂਗਨਵਾੜੀ ਵਰਕਰ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਪ੍ਰਦਰਸ਼ਨਕਾਰੀ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਆਪਣੇ ਮੈਨੀਫੈਸਟੋ ’ਚ ਉਨ੍ਹਾਂ ਦਾ ਮਾਣ-ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਵਾਅਦਾ ਵਫ਼ਾ ਨਹੀਂ ਹੋਇਆ। ਇਸ ਮੌਕੇ ਸਤਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਆਂਗਨਵਾੜੀ ਵਰਕਰ ਯੂਨੀਅਨ ਨੇ ਕਿਹਾ ਕਿ ਸਾਡੀ ਮੰਗ ਇਹੀ ਹੈ ਕਿ ਸਾਡਾ ਮਾਣ-ਭੱਤਾ, ਜੋ ਸਾਡੇ ਨਾਲ ਇਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਡਬਲ ਕੀਤਾ ਜਾਊਗਾ, ਉਹ ਕੀਤਾ ਜਾਵੇ। ਚਾਰ ਸਾਲ ਹੋ ਗਏ, ਅੱਜ ਤੱਕ ਇਨ੍ਹਾਂ ਨੇ ਕੀਤਾ ਨਹੀਂ। ਅਸੀਂ ਜਲੰਧਰ ਅਤੇ ਲੁਧਿਆਣੇ ਧਰਨੇ ਲਾਏ, ਪਰ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ। ਸਰਕਾਰ ਹਰ ਕੰਮ ਅਤੇ ਵੈਰੀਫਿਕੇਸ਼ਨਾਂ ਆਂਗਨਵਾੜੀ ਵਰਕਰਾਂ ਤੋਂ ਲੈਂਦੀ ਹੈ, ਪਰ ਬਦਲੇ ’ਚ ਸਾਡੇ ਮਾਣ-ਭੱਤੇ ਤੇ ਕਦੇ ਵਿਚਾਰ ਨਹੀਂ ਕੀਤਾ ਜਾਂਦਾ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਸਾਡੀ ਅਗਲੀ ਰਣਨੀਤੀ ਸਟੇਟ ਲੈਵਲ ਦਾ ਧਰਨਾ ਸੰਗਰੂਰ ਵਿਖੇ ਲਗਾਉਣ ਦੀ ਹੋਵੇਗੀ ਅਤੇ ਅਸੀਂ ਸਰਕਾਰ ਦਾ ਬਾਈਕਾਟ ਕਰਾਂਗੇ। ਆਂਗਨਵਾੜੀ ਵਰਕਰਾਂ ਦੇ ਨਾਲ-ਨਾਲ ਕਰੈੱਚ ਵਰਕਰਾਂ ਨੇ ਵੀ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਢੁਕਵੇਂ ਫੰਡਾਂ ਅਤੇ ਬੁਨਿਆਦੀ ਸਹੂਲਤਾਂ ਤੋਂ ਉਹ ਛੋਟੇ ਬੱਚਿਆਂ ਦੀ ਸਾਂਭ-ਸੰਭਾਲ ਕਿਵੇਂ ਕਰਨ। ਸੰਤੋਸ਼ ਕੌਰ ਕਰੈੱਚ ਵਰਕਰ ਨੇ ਕਿ ਕਿਹਾ ਕਿ ਅਸੀਂ ਸਰਕਾਰ ਦੇ ਧਿਆਨ ’ਚ ਲਿਆਉਣਾ ਚਾਹੁੰਦੇ ਹਾਂ ਕਿ ਕਰੈੱਚ ਵਰਕਰਾਂ ਦਾ ਕੰਮ ਬੱਚਿਆਂ ਦੀ ਸਾਂਭ-ਸੰਭਾਲ ਕਰਨਾ ਹੈ। ਪਰ ਬਿਨਾਂ ਖਾਣੇ, ਬਿਨਾਂ ਫੀਡ ਅਤੇ ਬਿਨਾਂ ਖਿਡੌਣਿਆਂ ਤੋਂ ਅਸੀਂ 12 ਵਜੇ ਤੋਂ 6 ਵਜੇ ਤੱਕ ਬੱਚੇ ਦੀ ਸਾਂਭ-ਸੰਭਾਲ ਕਿੱਦਾਂ ਕਰੀਏ? ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਸਾਡੀਆਂ ਤਨਖਾਹਾਂ ’ਚ ਵਾਧਾ ਕੀਤਾ ਜਾਵੇ। ਸਾਨੂੰ ਜੋ ਮਾਣ-ਭੱਤਾ ਮਿਲ ਰਿਹਾ ਹੈ, ਉਹ ਸਿਰਫ਼ ਸੈਂਟਰ ਸਰਕਾਰ ਦੇ ਰਹੀ ਹੈ, ਪੰਜਾਬ ਸਰਕਾਰ ਵੱਲੋਂ ਕੁਝ ਨਹੀਂ ਦਿੱਤਾ ਜਾ ਰਿਹਾ। ਮਹਿੰਗਾਈ ਦੇ ਇਸ ਦੌਰ ’ਚ ਵਰਕਰਾਂ ਲਈ ਘੱਟ ਮਾਣ-ਭੱਤੇ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ। ਇਸ ਤੋਂ ਇਲਾਵਾ ਕਈ ਵਰਕਰਾਂ ਦੀਆਂ ਪਿਛਲੀਆਂ ਤਨਖਾਹਾਂ ਵੀ ਲੰਮੇ ਸਮੇਂ ਤੋਂ ਬਕਾਇਆ ਹਨ। ਗੁਰਮੀਤ ਕੌਰ, ਕਰੈੱਚ ਵਰਕਰ ਨੇ ਕਿਹਾ ਕਿ ਸਾਡੀਆਂ ਪਿਛਲੇ ਦੋ-ਢਾਈ ਸਾਲਾਂ ਤੋਂ ਤਨਖਾਹਾਂ ਪੈਂਡਿੰਗ ਪਈਆਂ ਹਨ। ਅਸੀਂ ਆਂਗਨਵਾੜੀ ਦੇ ਬਰਾਬਰ ਕੰਮ ਕਰਦੇ ਹਾਂ ਪਰ ਸਾਡਾ ਮਾਣ-ਭੱਤਾ ਬਹੁਤ ਘੱਟ ਹੈ, ਵਰਕਰ ਦਾ 5500 ਅਤੇ ਹੈਲਪਰ ਦਾ ਸਿਰਫ 3000 ਰੁਪਏ ਹੈ। ਘਰਾਂ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਹੈ। ਅਸੀਂ ਮੰਤਰੀ ਮੈਡਮ ਕੋਲ ਕਈ ਵਾਰ ਆਏ ਹਾਂ, ਪਰ ਸਾਨੂੰ ਝੂਠੇ ਵਿਸ਼ਵਾਸ ਦੇ ਕੇ ਤੋਰ ਦਿੱਤਾ ਜਾਂਦਾ ਹੈ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਵਰਕਰਾਂ ਦਾ ਸਾਫ਼ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਤੋਂ ਕੰਮ ਤਾਂ ਪੂਰਾ ਲੈ ਰਹੀ ਹੈ ਪਰ ਹੱਕ ਦੇਣ ਸਮੇਂ ਅੱਖਾਂ ਫੇਰ ਲੈਂਦੀ ਹੈ। ਜੇਕਰ ਸਰਕਾਰ ਨੇ ਜਲਦ ਹੀ ਇਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ’ਚ ਇਹ ਸੰਘਰਸ਼ ਹੋਰ ਵੀ ਤਿੱਖਾ ਹੋ ਸਕਦਾ ਹੈ।