ਦੋ ਰੋਜ਼ਾ ਕਲਮਛੋੜ ਹੜਤਾਲ ਨਾਲ ਸਰਕਾਰੀ ਕੰਮਕਾਜ ਠੱਪ, ਹਜ਼ਾਰਾਂ ਲੋਕਾਂ ਨੂੰ ਨਿਰਾਸ਼ ਪਰਤਣਾ ਪਿਆ ਦੋ ਰੋਜ਼ਾ ਕਲਮਛੋੜ ਹੜਤਾਲ ਨਾਲ ਸਰਕਾਰੀ ਕੰਮਕਾਜ ਠੱਪ, ਹਜ਼ਾਰਾਂ ਲੋਕਾਂ ਨੂੰ ਨਿਰਾਸ਼ ਪਰਤਣਾ ਪਿਆ
Publish Date: Wed, 05 Aug 2026 04:29 PM (IST)
Updated Date: Wed, 05 Aug 2026 04:31 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ’ਚ ਸਰਕਾਰੀ ਮੁਲਾਜ਼ਮਾਂ ਦੀਆਂ ਲਮਕਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਇੱਕ ਵਾਰ ਫਿਰ ਤੇਜ਼ ਹੋ ਗਿਆ ਹੈ। ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝਾ ਐਕਸ਼ਨ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੰਜਾਬ ਸਟੇਟ ਮਿਨੀਸਟਰੀਅਲ ਸਰਵਿਸਿਜ਼ ਯੂਨੀਅਨ ਅਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀ ਅਗਵਾਈ ਹੇਠ ਬੁੱਧਵਾਰ ਤੋਂ ਦੋ ਰੋਜ਼ਾ ਕਲਮਛੋੜ ਹੜਤਾਲ ਸ਼ੁਰੂ ਹੋ ਗਈ। ਹੜਤਾਲ ਦੇ ਪਹਿਲੇ ਦਿਨ ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਦਫ਼ਤਰ, ਤਹਿਸੀਲ, ਸਿਵਲ ਹਸਪਤਾਲ ਅਤੇ ਹੋਰ ਸਰਕਾਰੀ ਵਿਭਾਗਾਂ ’ਚ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਵੱਖ-ਵੱਖ ਕੰਮਾਂ ਲਈ ਸਵੇਰ ਤੋਂ ਹੀ ਸਰਕਾਰੀ ਦਫ਼ਤਰਾਂ ’ਚ ਪਹੁੰਚੇ ਲੋਕਾਂ ਨੂੰ ਮੁਲਾਜ਼ਮਾਂ ਦੀ ਹੜਤਾਲ ਕਾਰਨ ਬਿਨਾਂ ਕੰਮ ਕਰਵਾਏ ਵਾਪਸ ਪਰਤਣਾ ਪਿਆ। ਪੰਜਾਬ ਸਟੇਟ ਮਿਨੀਸਟਰੀਅਲ ਸਰਵਿਸਿਜ਼ ਯੂਨੀਅਨ ਦੇ ਜਨਰਲ ਸੈਕਟਰੀ ਪੁਸ਼ਪਿੰਦਰ ਸਿੰਘ ਅਤੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ’ਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦਾ ਭੁਗਤਾਨ, ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਅਤੇ ਹੋਰ ਲਮਕਦੀਆਂ ਮੰਗਾਂ ਦਾ ਹੱਲ ਸ਼ਾਮਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਚਾਰ ਸਾਲਾਂ ’ਚ ਰਾਜ ਸਰਕਾਰ ਨੇ ਮੁਲਾਜ਼ਮਾਂ ਦੀ ਕਿਸੇ ਵੀ ਮੁੱਖ ਮੰਗ ਦਾ ਹੱਲ ਨਹੀਂ ਕੀਤਾ। ਕਈ ਵਾਰ ਬੈਠਕਾਂ ਦਾ ਸਮਾਂ ਤੈਅ ਕੀਤਾ ਗਿਆ, ਪਰ ਜਾਂ ਤਾਂ ਬੈਠਕਾਂ ਨਹੀਂ ਹੋਈਆਂ ਜਾਂ ਉਨ੍ਹਾਂ ’ਚ ਬਣੀ ਸਹਿਮਤੀ ਨੂੰ ਲਾਗੂ ਨਹੀਂ ਕੀਤਾ ਗਿਆ। ਇਨ੍ਹਾਂ ਸੇਵਾਵਾਂ ’ਤੇ ਪਿਆ ਸਭ ਤੋਂ ਵੱਧ ਅਸਰ ਹੜਤਾਲ ਕਾਰਨ ਜ਼ਿਲ੍ਹਾ ਡੀਸੀ ਦਫ਼ਤਰ ’ਚ ਰੋਜ਼ਾਨਾ ਆਉਣ ਵਾਲੇ ਕਰੀਬ ਇੱਕ ਹਜ਼ਾਰ ਲੋਕਾਂ ਦਾ ਕੰਮ ਪ੍ਰਭਾਵਿਤ ਹੋਇਆ। ਸਵੇਰੇ 9 ਵਜੇ ਤੋਂ ਹੀ 30 ਤੋਂ 40 ਕਿਲੋਮੀਟਰ ਦੂਰ-ਦੁਰਾਡੇ ਦੇ ਪਿੰਡਾਂ ਤੋਂ ਆਏ ਲੋਕਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ। ਤਹਿਸੀਲ ਦਫ਼ਤਰ ’ਚ ਰੋਜ਼ਾਨਾ ਹੋਣ ਵਾਲੀਆਂ ਲਗਭਗ 70 ਰਜਿਸਟਰੀਆਂ ਨਹੀਂ ਹੋ ਸਕੀਆਂ। ਸਿਵਲ ਹਸਪਤਾਲ ’ਚ ਬਿਲਿੰਗ ਅਤੇ ਹੋਰ ਪ੍ਰਬੰਧਕੀ ਕੰਮ ਵੀ ਪ੍ਰਭਾਵਿਤ ਰਹੇ। ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਕਰੀਬ ਇੱਕ ਹਜ਼ਾਰ ਫਾਈਲਾਂ ਲਮਕ ਗਈਆਂ। ਲੋਕਾਂ ਨੇ ਬਿਆਨ ਕੀਤਾ ਆਪਣਾ ਦਰਦ ਮੁਕਤਸਰ ਸਾਹਿਬ ਦੇ ਵਾਸੀ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਗੁਆਂਢੀ ਦੀ ਧੀ ਦਾ ਜਾਤੀ ਸਰਟੀਫਿਕੇਟ ਬਣਵਾਉਣ ਲਈ ਡੀਸੀ ਦਫ਼ਤਰ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਉਹ ਨੌਕਰੀ ਤੋਂ ਛੁੱਟੀ ਲੈ ਕੇ ਆਏ ਸਨ, ਪਰ ਹੜਤਾਲ ਕਾਰਨ ਕੰਮ ਨਹੀਂ ਹੋ ਸਕਿਆ ਅਤੇ ਹੁਣ ਦੁਬਾਰਾ ਆਉਣਾ ਪਵੇਗਾ। ਪਿੰਡ ਸਰਾਂਵਾਂ ਬੋਦਲਾ ਦੇ ਵਾਸੀ ਹਰਜਿੰਦਰ ਸਿੰਘ ਜ਼ਮੀਨ ਸਬੰਧੀ ਕੰਮ ਲਈ ਤਹਿਸੀਲ ਪਹੁੰਚੇ ਸਨ, ਜਦਕਿ ਗੁਰਸੇਵਕ ਸਿੰਘ ਐੱਸਡੀਐੱਮ ਦਫ਼ਤਰ ’ਚ ਜ਼ਰੂਰੀ ਕੰਮ ਲਈ ਆਏ ਸਨ। ਦੋਵਾਂ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਹੜਤਾਲ ਕਾਰਨ ਉਨ੍ਹਾਂ ਦਾ ਕੰਮ ਨਹੀਂ ਹੋ ਸਕਿਆ ਅਤੇ ਉਨ੍ਹਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਪਰਤਣਾ ਪਿਆ। ਮੁਲਾਜ਼ਮਾਂ ਨੇ ਦੱਸਿਆ ਕਿ ਵੀਰਵਾਰ ਨੂੰ ਵੀ ਹੜਤਾਲ ਜਾਰੀ ਰਹੇਗੀ ਅਤੇ ਸੂਬਾ ਪੱਧਰੀ ਮਹਾਂਰੈਲੀ ’ਚ ਸ਼ਾਮਲ ਹੋ ਕੇ ਸਰਕਾਰ ਅੱਗੇ ਆਪਣੀਆਂ ਮੰਗਾਂ ਨੂੰ ਮਜ਼ਬੂਤੀ ਨਾਲ ਚੁੱਕਿਆ ਜਾਵੇਗਾ।