ਹੜਤਾਲ ਖ਼ਤਮ, ਪਰ ਕੂੜੇ ਤੋਂ ਨਹੀਂ ਮਿਲੀ ਰਾਹਤ ਹੜਤਾਲ ਖ਼ਤਮ, ਪਰ ਕੂੜੇ ਤੋਂ ਨਹੀਂ ਮਿਲੀ ਰਾਹਤ
Publish Date: Wed, 05 Aug 2026 05:43 PM (IST)
Updated Date: Wed, 05 Aug 2026 05:43 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ’ਚ 28 ਦਿਨਾਂ ਤੱਕ ਚੱਲੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਭਾਵੇਂ ਖ਼ਤਮ ਹੋ ਗਈ ਹੈ, ਪਰ ਸ਼ਹਿਰ ਵਾਸੀਆਂ ਨੂੰ ਕੂੜੇ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਰਾਹਤ ਮਿਲਣ ’ਚ ਅਜੇ ਕਰੀਬ ਇੱਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਸਫ਼ਾਈ ਕਰਮੀਆਂ ਨੇ ਸ਼ਹਿਰ ’ਚੋਂ ਕੂੜਾ ਚੁੱਕਣ ਦਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਹੈ, ਪਰ ਫਿਲਹਾਲ ਉਸਨੂੰ ਸ਼ਹਿਰ ਤੋਂ ਬਾਹਰ ਸਥਿਤ ਡੰਪਿੰਗ ਸਾਈਟ ’ਤੇ ਲੈ ਕੇ ਜਾਣ ਦੀ ਬਜਾਏ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਬਣੇ ਅਸਥਾਈ ਡੰਪ ’ਤੇ ਹੀ ਸੁੱਟਿਆ ਜਾ ਰਿਹਾ ਹੈ। ਇਸ ਨਾਲ ਆਸ-ਪਾਸ ਦੇ ਦੁਕਾਨਦਾਰਾਂ, ਰੇਹੜੀ-ਫੜ੍ਹੀ ਵਾਲਿਆਂ ਅਤੇ ਰਾਹਗੀਰਾਂ ਦੀ ਪ੍ਰੇਸ਼ਾਨੀ ਵੱਧ ਗਈ ਹੈ। ਬਦਬੂ ਕਾਰਨ ਗਾਹਕ ਆਉਣ ਤੋਂ ਝਿਜਕ ਰਹੇ, ਕਾਰੋਬਾਰ ’ਤੇ ਪੈ ਰਿਹੈ ਅਸਰ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਇਕੱਠੇ ਹੋ ਰਹੇ ਕੂੜੇ ਤੋਂ ਉੱਠਣ ਵਾਲੀ ਤੇਜ਼ ਦੁਰਗੰਧ ਕਾਰਨ ਆਸ-ਪਾਸ ਦਾ ਮਾਹੌਲ ਖ਼ਰਾਬ ਹੋ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਦਬੂ ਕਾਰਨ ਗਾਹਕ ਇਸ ਇਲਾਕੇ ’ਚ ਆਉਣ ਤੋਂ ਝਿਜਕ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦਾ ਇਸ ਇਲਾਕੇ ’ਚ ਜ਼ਰੂਰੀ ਕੰਮ ਹੁੰਦਾ ਹੈ, ਸਿਰਫ਼ ਉਹੀ ਇੱਥੇ ਪਹੁੰਚਦੇ ਹਨ। ਹਾਲ ਹੀ ’ਚ ਹੋਈ ਬਾਰਿਸ਼ ਤੋਂ ਬਾਅਦ ਗਿੱਲੇ ਕੂੜੇ ਤੋਂ ਉੱਠਣ ਵਾਲੀ ਬਦਬੂ ਹੋਰ ਵੀ ਵੱਧ ਗਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੂਰਾ ਦਿਨ ਦੁਰਗੰਧ ਦੇ ਵਿਚਕਾਰ ਬੈਠ ਕੇ ਕੰਮ ਕਰਨਾ ਔਖਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਛੂਤ ਦੀਆਂ ਬੀਮਾਰੀਆਂ ਫੈਲਣ ਦਾ ਡਰ ਵੀ ਸਤਾ ਰਿਹਾ ਹੈ। ਸਥਾਨਕ ਵਪਾਰੀਆਂ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ’ਚ ਅਸਥਾਈ ਤੌਰ ’ਤੇ ਇਕੱਠੇ ਕੀਤੇ ਜਾ ਰਹੇ ਕੂੜੇ ਨੂੰ ਜਲਦ ਹਟਾਇਆ ਜਾਵੇ ਅਤੇ ਸਥਾਈ ਹੱਲ ਕੱਢਿਆ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਜਲਦ ਹੀ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਦਿਵਾਈ ਜਾਵੇਗੀ ਇਸ ਸਬੰਧੀ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਤੋਂ ਬਾਹਰ ਸਥਿਤ ਪੁਰਾਣਾ ਡੰਪਿੰਗ ਪੁਆਇੰਟ ਪੂਰੀ ਤਰ੍ਹਾਂ ਭਰ ਚੁੱਕਾ ਹੈ। ਉੱਥੇ ਹੀ ਲਗਾਤਾਰ ਹੋਈ ਬਾਰਸ਼ ਕਾਰਨ ਉੱਥੋਂ ਤੱਕ ਕੂੜੇ ਨਾਲ ਭਰੀਆਂ ਟਰਾਲੀਆਂ ਅਤੇ ਹੋਰ ਵਾਹਨ ਪਹੁੰਚਾਉਣਾ ਵੀ ਸੰਭਵ ਨਹੀਂ ਹੈ। ਇਸੇ ਕਾਰਨ ਫਿਲਹਾਲ ਕੂੜਾ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਡੰਪ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਡੰਪਿੰਗ ਸਾਈਟ ਲਈ ਨਗਰ ਕੌਂਸਲ ਦੀ ਹਾਊਸ ਮੀਟਿੰਗ ’ਚ ਮਤਾ ਭੇਜਿਆ ਜਾ ਚੁੱਕਾ ਹੈ। ਜਿਵੇਂ ਹੀ ਨਵੀਂ ਥਾਂ ਉਪਲਬਧ ਹੋਵੇਗੀ, ਸ਼ਹਿਰ ’ਚ ਜਮ੍ਹਾਂ ਸਾਰਾ ਕੂੜਾ ਉੱਥੇ ਸ਼ਿਫਟ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸਮੱਸਿਆ ਦੇ ਸਥਾਈ ਹੱਲ ਲਈ ਯਤਨਸ਼ੀਲ ਹੈ ਅਤੇ ਜਲਦ ਹੀ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਦਿਵਾਈ ਜਾਵੇਗੀ।