ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਪੰਜਾਬ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਸੰਘਰਸ਼ ਅਤੇ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਹੰਕਾਰੀ ਤੇ ਅੜੀਅਲ ਵਤੀਰਾ ਅਪਣਾਉਂਦੇ ਹੋਏ ਮੁਲਾਜ਼ਮਾਂ/ਪੈਨਸ਼ਨਰਾਂ ਉੱਪਰ ਡੀਏ ਸਬੰਧੀ ਕੋਰਟ ਦਾ ਫੈਸਲਾ ਲਾਗੂ ਨਾ ਕਰਨ ਤੇ ਹੋਰ ਅਹਿਮ ਮੰਗਾਂ ਨਾ ਮੰਨਣ ਅਤੇ ਮੁੱਖ ਮੰਤਰੀ ਵੱਲੋਂ ਦਿੱਤੀ ਗਈ ਮੀਟਿੰਗ ਤੋਂ ਖ਼ੁਦ ਹੀ ਭਗੌੜਾ ਹੋਣ ਉਪਰੰਤ ਮੁਲਾਜ਼ਮਾਂ ਖ਼ਿਲਾਫ਼ ਕੂੜ ਪ੍ਰਚਾਰ ਵਿੱਢਣ ਅਤੇ ਬਦਲਾ ਲਊ ਭਾਵਨਾ ਤਹਿਤ ਮੁਲਾਜ਼ਮ ਆਗੂਆਂ ਦੀਆਂ ਬਦਲੀਆਂ ਕਰਨ ਵਿਰੁੱਧ ਬੰਗਾ ਵਿਧਾਇਕ ਡਾ. ਐੱਸਕੇ ਸੁੱਖੀ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਤਾਲਮੇਲ ਕਮੇਟੀ ਮੈਂਬਰ ਜਸਵਿੰਦਰ ਔਜਲਾ, ਰਾਮ ਕਿਸ਼ਨ ਪੱਲੀ ਝਿੱਕੀ, ਕਰਨੈਲ ਸਿੰਘ ਰਾਹੋਂ, ਹਰਵਿੰਦਰ ਸਿੰਘ ਉੱਪਲ, ਮਲਕੀਤ ਮੰਢਾਲੀ ਦੀ ਅਗਵਾਈ ਵਿਚ ਭਗਵਾਨ ਵਾਲਮੀਕਿ ਮੰਦਰ ਵਿਖੇ ਵਿਸ਼ਾਲ ਇਕੱਠ ਉਪਰੰਤ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਰਿਹਾਇਸ਼ ਵੱਲ ਨੂੰ ਜ਼ਬਰਦਸਤ ਰੋਸ ਮਾਰਚ ਅਤੇ ਮੁਜ਼ਾਹਰਾ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ ਮਿਡ-ਡੇ-ਮੀਲ, ਆਂਗਨਵਾੜੀ ਅਤੇ ਆਸ਼ਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਰੋਸ ਮਾਰਚ ਅਤੇ ਮੁਜ਼ਾਹਰੇ ਵਿਚ ਸ਼ਾਮਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਆਪਣੀਆਂ ਜਥੇਬੰਦੀਆਂ ਦੇ ਝੰਡਿਆਂ ਦੇ ਨਾਲ-ਨਾਲ ਰੋਸ ਦਾ ਪ੍ਰਗਟਾਵਾ ਕਰਨ ਲਈ ਕਾਲੇ ਝੰਡੇ ਵੀ ਚੁੱਕੇ ਹੋਏ ਸਨ। ਜੋ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸਰਕਾਰ ਪ੍ਰਤੀ ਗਹਿਰੇ ਗੁੱਸੇ ਅਤੇ ਰੋਸ ਦਾ ਪ੍ਰਤੀਕ ਸਨ। ਰੋਸ ਮਾਰਚ ਦੌਰਾਨ ਮੁਜ਼ਾਹਰਾਕਾਰੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਅਤੇ ਪੰਜਾਬ ਸਰਕਾਰ ਦੇ ਹੰਕਾਰੀ ਤੇ ਅੜੀਅਲ ਵਤੀਰੇ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਆਮ ਜਨਤਾ ਨੂੰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਬਾਰੇ ਕੀਤੇ ਕੂੜ੍ਹ ਪ੍ਰਚਾਰ ਦੀ, ਸੱਚਾਈ ਤੋਂ ਜਾਣੂ ਕਰਵਾਇਆ। ਇਸ ਸਮੇਂ ਤਾਲਮੇਲ ਕਮੇਟੀ ਦੇ ਆਗੂਆਂ ਕੁਲਦੀਪ ਸਿੰਘ ਦੌੜਕਾ, ਕੁਲਵਿੰਦਰ ਅਟਵਾਲ, ਵਿਜੇ ਕੁਮਾਰ, ਰਾਜ ਰਾਣੀ, ਜਗਨ ਨਾਥ, ਸੋਹਣ ਲਾਲ ਸਹਿਜਲ, ਅੰਮ੍ਰਿਤਪਾਲ ਸਿੰਘ, ਸ਼ਕੁੰਤਲਾ ਸਰੋਏ, ਜਸਵੀਰ ਕੌਰ, ਬਲਵਿੰਦਰ ਸਿੰਘ ਨੌਰਾ, ਸੁਰਿੰਦਰ ਪਾਲ, ਹਰੀਬਿਲਾਸ, ਇਸ਼ਾਨ ਮੱਕੜ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਹਨ ਮੁਲਾਜ਼ਮਾਂ ਦੀਆਂ ਮੰਗਾਂ : ਇਸ ਮੌਕੇ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਅਤੇ ਹਾਈਕੋਰਟ ਦੇ ਫੈਸਲੇ ਅਨੁਸਾਰ ਰਹਿੰਦੇ 18 ਫ਼ੀਸਦੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਪੈਨਸ਼ਨ ਦੁਹਰਾਈ 2.59 ਦੇ ਗੁਣਾਕ ਨਾਲ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਅਨਰਿਵਾਈਜਡ ਕੈਟਾਗਰੀਆਂ ਦੀ ਤਨਖਾਹ 2.59 ਦੇ ਗੁਣਾਕ ਨਾਲ ਸੋਧਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਮਾਣ ਭੱਤਾ ਇਨਸੈਂਟਿਵ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਉਣ, ਤਨਖਾਹਾਂ ਸੋਧਣ ਦੇ ਨਾਂ ’ਤੇ ਪੇਂਡੂ ਭੱਤੇ ਸਮੇਤ ਕੱਟੇ ਗਏ ਸਮੁੱਚੇ ਭੱਤੇ ਬਹਾਲ ਕਰਨ, ਏਸੀਪੀ ਸਕੀਮ ਬਹਾਲ ਕਰਨ, ਮੁਲਾਜ਼ਮ ਵਿਰੋਧੀ ਨੋਟੀਫਕੇਸ਼ਨ 15.01.2015 ਦਾ ਮੁੱਢਲੀ ਤਨਖਾਹ ’ਤੇ ਨਿਯੁਕਤੀ ਦਾ ਪੱਤਰ, 17.07.2020 ਦਾ ਕੇਂਦਰੀ ਸਕੇਲ ਲਾਗੂ ਕਰਨ ਦੇ ਪੱਤਰ ਨੂੰ ਰੱਦ ਕਰਨ ਅਤੇ 12.06.2025 ਨੂੰ ਸੋਧੇ ਗਏ ਸਰਵਿਸ ਰੂਲਾਂ ਦੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਪੰਜਾਬ ਦੇ ਸਮੁੱਚੇ ਨਵੇਂ ਮੁਲਾਜ਼ਮਾਂ ਨੂੰ ਪੰਜਾਬ ਦੇ ਤਨਖਾਹ ਸਕੇਲ ਦੇਣ, ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਵਿਕਾਸ ਦੇ ਨਾਂ ’ਤੇ ਕੱਟਿਆ ਜਾ ਰਿਹਾ 200 ਰੁਪਏ ਪ੍ਰਤੀ ਮਹੀਨਾ ਜਜੀਆ ਟੈਕਸ ਵਾਪਸ ਕਰਨ, ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਯਕਮੁਸ਼ਤ ਕਿਸ਼ਤ ਅਦਾ ਕਰਨ, ਪੰਜਵੇਂ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਤੇ 2011 ਵਿੱਚ ਲਾਗੂ ਕੀਤੀ ਉਚੇਰੀ ਗਰੇਡ ਪੇ ਬਹਾਲ ਕਰਨ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬੱਝਵਾਂ ਮੈਡੀਕਲ ਭੱਤਾ 2000 ਰੁਪਏ ਪ੍ਰਤੀ ਮਹੀਨਾ ਕਰਨ, ਜਨਵਰੀ 2016 ਤੋਂ ਤਨਖਾਹ ਅਤੇ ਪੈਨਸ਼ਨ ਦੁਹਰਾਈ ਕਰਦੇ ਸਮੇਂ 125 ਫ਼ੀਸਦੀ ਮਹਿੰਗਾਈ ਭੱਤੇ ਨੂੰ ਆਧਾਰ ਬਣਾਉਣ, ਛੇਵੇਂ ਤਨਖਾਹ ਕਮਿਸ਼ਨ ਦੇ ਦੂਸਰੇ ਹਿੱਸੇ ਦੀ ਏਸੀਪੀ ਸਬੰਧੀ ਰਿਪੋਰਟ ਜਾਰੀ ਕਰਨ, ਪੰਜਾਬ ਦੇ ਸੱਤਵੇਂ ਤਨਖਾਹ ਕਮਿਸ਼ਨ ਦਾ ਤੁਰੰਤ ਗਠਨ ਕਰਨ, ਕੈਸ਼ਲੈੱਸ ਹੈਲਥ ਸਕੀਮ ਪੰਜਾਬ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਲਾਗੂ ਕਰਨ, ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਡੈਥ ਕਮ ਰਿਟਾਇਰਮੈਂਟ ਗਰੈਚੁਟੀ ਕੇਂਦਰ ਦੀ ਤਰਜ਼ ’ਤੇ 25 ਲੱਖ ਰੁਪਏ ਕਰਨ ਅਤੇ ਇਸ ਨੂੰ ਬੋਰਡਾਂ ਕਾਰਪੋਰੇਸ਼ਨਾਂ ਅਤੇ ਹੋਰ ਅਦਾਰਿਆਂ ਤੇ ਵੀ ਲਾਗੂ ਕਰਨ, ਅਦਾਲਤਾਂ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿਚ ਦਿੱਤੇ ਗਏ ਫੈਸਲਿਆਂ ਨੂੰ ਜਨਰਲਾਈਜ਼ ਕਰਨ ਆਦਿ ਵਾਜਬ ਬਿਨਾ ਕਿਸੇ ਦੇਰੀ ਦੇ ਲਾਗੂ ਕਰੇ। ਜੇ ਪੰਜਾਬ ਸਰਕਾਰ ਨੇ ਹਾਲੇ ਵੀ ਇਨ੍ਹਾਂ ਮੰਗਾਂ ਪ੍ਰਤੀ ਕੋਈ ਠੋਸ ਕਾਰਵਾਈ ਨਾ ਕੀਤੀ। ਤਾਂ ਭਵਿੱਖ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਜ਼ਬਰਦਸਤ ਗੁੱਸੇ ਤੇ ਰੋਸ ਦਾ ਸਾਹਮਣਾ ਕਰਨਾ ਪਵੇਗਾ। ਇਹ ਸਨ ਹਾਜ਼ਰ : ਇਸ ਮੌਕੇ ਸ਼ੰਕਰ ਦਾਸ, ਰਾਜਵਿੰਦਰ ਕੌਰ, ਸੁਰਜੀਤ ਸੈਂਪਲੇ, ਜਗਦੀਪ ਸੈਂਪਲੇ, ਗੁਰਪ੍ਰੀਤ ਕੰਬੋਜ, ਕਮਲਜੀਤ ਕੌਰ, ਕਿਰਨ ਮੱਲੂਪੋਤਾ, ਰਿੰਪੀ ਰਾਹੋਂ, ਜਸਵਿੰਦਰ ਕੌਰ, ਨੀਟਾ ਰਾਣੀ, ਕਸ਼ਮੀਰ ਕੌਰ, ਊਸ਼ਾ ਰਾਣੀ, ਅਮਨਦੀਪ ਕੌਰ, ਸੰਤੋਖ ਦਾਸ, ਬੁੱਧ ਦਾਸ, ਜਸਵੀਰ ਖੋਥੜਾ, ਰਾਮ ਜੀਤ, ਰਾਜ ਕੁਮਾਰ, ਕੁੰਦਨ ਲਾਲ, ਦੀਨ ਦਿਆਲ, ਪਿਰਥੀ ਪਾਲ, ਇੰਸਪੈਕਟਰ ਰਾਮ ਦਾਸ ਸਿੰਘ, ਬਲਵੀਰ ਰਾਮ, ਰਮੇਸ਼ ਕੁਮਾਰ, ਰਾਕੇਸ਼ ਕੁਮਾਰ, ਚੰਦਰ ਸ਼ੇਖਰ ਵਰਮਾ, ਨਰਿੰਦਰ ਸਿੰਘ ਭਾਰਟਾ, ਦਿਹਾਤੀ ਮਜ਼ਦੂਰ ਸਭਾ ਤੋ ਹਰਪਾਲ ਸਿੰਘ ਜਗਤਪੁਰ, ਬਲਵਿੰਦਰ ਸਿੰਘ, ਹਰਜਿੰਦਰ ਕੁਮਾਰ, ਸੁਰਿੰਦਰ ਪਾਲ, ਵਿਜੇ ਕੁਮਾਰ, ਨਸੀਬ ਚੰਦ, ਜੀਤ ਰਾਮ, ਰਾਮ ਲੁਭਾਇਆ ਆਦਿ ਹਾਜ਼ਰ ਸਨ।