ਪਿੰਡ ਚੱਕਲੀ ਸੁਜਾਇਤ ਦੇ ਲੋਕਾਂ ਨੇ ਡੀਐੱਸਪੀ ਦਫ਼ਤਰ ਅੱਗੇ ਕੀਤਾ ਚੱਕਾ ਜਾਮ ਪਿੰਡ ਚੱਕਲੀ ਸੁਜਾਇਤ ਦੇ ਲੋਕਾਂ ਨੇ ਡੀਐੱਸਪੀ ਦਫਤਰ ਅੱਗੇ ਕੀਤਾ ਚੱਕਾ ਜਾਮ
Publish Date: Sat, 19 Sep 2026 06:04 PM (IST)
Updated Date: Sat, 19 Sep 2026 06:05 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪਿੰਡ ਚੱਕਲੀ ਸੁਜਾਇਤ ਵਿਖੇ ਇਕ ਘਰ ਵਿਚ ਵੜ ਕੇ ਪਤੀ-ਪਤਨੀ ’ਤੇ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਵਿਚ ਕੀਤੀ ਜਾ ਰਹੀ ਦੇਰੀ ਦੇ ਵਿਰੋਧ ਵਿਚ ਪੀੜਤਾ ਸਤਵਿੰਦਰ ਕੌਰ, ਪਤੀ ਮਨਜੀਤ ਕੁਮਾਰ ਅਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਪੁਰਾਣੀ ਕਚਹਿਰੀ ਰੋਡ ਸਥਿਤ ਡੀਐੱਸਪੀ ਦਫ਼ਤਰ ਅੱਗੇ ਚੱਕਾ ਜਾਮ ਕਰ ਕੇ ਰੋਸ ਧਰਨਾ ਦਿੱਤਾ। ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ ਸਤਵਿੰਦਰ ਕੌਰ ਪਤਨੀ ਮਨਜੀਤ ਕੁਮਾਰ ਮਿਤੀ 30 ਅਗਸਤ 2026 ਨੂੰ ਸ਼ਾਮ ਨੂੰ ਗਾਂ ਦੀ ਧਾਰ ਚੋ ਕੇ ਹਟੀ ਸੀ ਤੇ ਉਸ ਦਾ ਪਤੀ ਮਨਜੀਤ ਕੁਮਾਰ ਦੂਸਰੀ ਗਾਂ ਦੀ ਧਾਰ ਚੋਣ ਲੱਗਾ ਸੀ ਤਾਂ ਸਾਡੇ ਘਰ ਦੇ ਮੇਨ ਗੇਟ ਦੇ ਬਾਹਰ ਅਮਨਦੀਪ ਕੁਮਾਰ ਪੁੱਤਰ ਹਰਜਸ ਵਾਸੀ ਚੱਕਲੀ ਸੁਜਾਇਤ ਖੜ੍ਹਾ ਸੀ, ਉਸੇ ਸਮੇਂ ਸਾਡੇ ਪਿੰਡ ਦਾ ਸਾਬਕਾ ਸਰਪੰਚ ਸਤਪਾਲ ਅਤੇ ਮੋਹਣ ਲਾਲ ਵਾਸੀਆਨ ਚੱਕਲੀ ਸੁਜਾਇਤ ਵੀ ਸਾਡੇ ਘਰ ਵਿਚ ਮੌਜੂਦ ਸਨ ਤਾਂ ਮਨਜੀਤ ਕੁਮਾਰ ਨੇ ਅਮਨਦੀਪ ਕੁਮਾਰ ਨੂੰ ਪੁੱਛਿਆ ਤੂੰ ਸਾਡੇ ਗੇਟ ਦੇ ਬਾਹਰ ਕਿਉਂ ਖੜ੍ਹਾ ਹੈ ਤਾਂ ਅਮਨਦੀਪ ਕੁਮਾਰ ਨੇ ਉਸ ਦੇ ਘਰ ਵਾਲੇ ਨੂੰ ਗਾਲ ਕੱਢੀ। ਫਿਰ ਅਮਨਦੀਪ ਕੁਮਾਰ ਉੱਥੋਂ ਚਲਾ ਗਿਆ ਫਿਰ ਕੁੱਝ ਸਮਾਂ ਬਾਅਦ ਅਮਨਦੀਪ ਕੁਮਾਰ ਪੁੱਤਰ ਹਰਜਸ, ਉਸ ਦਾ ਭਰਾ ਦਵਿੰਦਰ ਕੁਮਾਰ, ਸੁਨੀਤਾ ਰਾਣੀ ਪਤਨੀ ਦਵਿੰਦਰ ਕੁਮਾਰ, ਸੀਸੋ ਪਤਨੀ ਹਰਜਸ ਅਤੇ ਹਰਜਸ ਸਾਰੇ ਵਾਸੀ ਚੱਕਲੀ ਸੁਜਾਇਤ ਸਾਡੇ ਘਰ ਦੇ ਅੰਦਰ ਆ ਗਏ ਆਉਂਦੀ ਸਾਰ ਗਾਲਾਂ ਕੱਢਣ ਲੱਗ ਪਏ ਤਾਂ ਅਮਨਦੀਪ ਕੁਮਾਰ ਮਨਜੀਤ ਕੁਮਾਰ ਨਾਲ ਬਹਿਸਣ ਲੱਗ ਪਏ ਤਾਂ ਸਤਵਿੰਦਰ ਕੌਰ ਨੇ ਮਨਜੀਤ ਕੁਮਾਰ ਨੂੰ ਚੁੱਪ ਰਹਿਣ ਲਈ ਕਿਹਾ ਤਾਂ ਅਮਨਦੀਪ ਕੁਮਾਰ ਨੇ ਆਪਣੇ ਹੱਥ ਵਿਚ ਫੜੀ ਕਥਿਤ ਕਿਰਚ ਦਾ ਵਾਰ ਕੀਤਾ ਜੋ ਸਤਵਿੰਦਰ ਕੌਰ ਦੇ ਮੱਥੇ ’ਤੇ ਲੱਗੀ ਫਿਰ ਦੂਜਾ ਵਾਰ ਉਸ ਦੀ ਖੱਬੀ ਬਾਂਹ ’ਤੇ ਲੱਗੀ, ਤੀਜਾ ਵਾਰ ਕਿਰਚ ਉਸ ਦੀ ਸੱਜੀ ਬਾਂਹ ’ਤੇ ਲੱਗੀ, ਫਿਰ ਚੌਥਾ ਵਾਰ ਕਿਰਚ ਉਸ ਦੇ ਸੱਜੇ ਹੱਥ ’ਤੇ ਲੱਗੀ। ਫਿਰ ਦਵਿੰਦਰ ਕੁਮਾਰ ਨੇ ਉਸ ਨੂੰ ਧੱਕਾ ਮਾਰਿਆ, ਉਹ ਥੱਲੇ ਧਰਤੀ ’ਤੇ ਡਿੱਗ ਪਈ। ਜਿਸ ਨਾਲ ਉਸ ਦੇ ਪੇਟ ਵਿਚ ਦਰਦ ਹੋਣ ਲੱਗ ਪਿਆ। ਕਿਉਂਕਿ ਉਸ ਦੇ ਪੇਟ ਵਿਚ 7 ਮਹੀਨੇ ਦਾ ਬੱਚਾ ਹੈ, ਉਸ ਨੂੰ ਘਬਰਾਹਟ ਹੋਣ ਲੱਗ ਪੀ ਤੇ ਸੁਨੀਤਾ ਰਾਣੀ, ਸੀਸੋ, ਹਰਜਸ ਨੇ ਉਸ ਨੰ ਅਤੇ ਉਸ ਦੇ ਘਰ ਵਾਲੇ ਨੂੰ ਗਾਲਾਂ ਕੱਢੀਆਂ ਉਸ ਤੋਂ ਬਾਅਦ ਸਾਰੇ ਹਮਲਾਵਰ ਹਥਿਆਰ ਸਮੇਤ ਸਾਡੇ ਘਰ ਤੋਂ ਚਲੇ ਗਏ ਫਿਰ ਮਨਜੀਤ ਕੁਮਾਰ ਨੇ ਗੱਡੀ ਦਾ ਇੰਤਜਾਮ ਕਰ ਕੇ ਸਤਵਿੰਦਰ ਕੌਰ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਾਇਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਵਜ੍ਹਾ ਰੰਜਿਸ਼ ਇਹ ਹੈ ਕਿ ਉਸ ਦੇ ਘਰ ਵਾਲੇ ਮਨਜੀਤ ਕੁਮਾਰ ਨੇ ਦਵਿੰਦਰ ਕੁਮਾਰ ਤੋਂ 15,000 ਰੁਪਏ ਲੈਣੇ ਹਨ, 4,000 ਰੁਪਏ ਦਵਿੰਦਰ ਕੁਮਾਰ ਨੂੰ ਦੇਣੇ ਹਨ ਤਾਂ ਬਾਕੀ ਪੈਸੇ ਨਹੀਂ ਦੇ ਰਿਹਾ ਹੈ। ਇਸ ਕਰ ਕੇ ਲੜਾਈ-ਝਗੜਾ ਹੋਇਆ ਹੈ। ਸਤਵਿੰਦਰ ਕੌਰ ਨੇ (ਮਨਜੀਤ ਕੁਮਾਰ ਪੁੱਤਰ ਚੂੜਾ ਰਾਮ) ਦੇ ਸਾਹਮਣੇ ਆਪਣੇ ਬਿਆਨ ਪੁਲਿਸ ਕੋਲ ਦਰਜ ਕਰਵਾ ਦਿੱਤੇ ਗਏ ਹਨ। ਪਰ ਪੁਲਿਸ ਵੱਲੋਂ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਵੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਸਾਰੇ ਪਰਿਵਾਰਕ ਮੈਂਬਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਧਰਨਾਕਾਰੀਆਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਕਥਿਤ ਹਮਲਾਵਰਾਂ ਨੂੰ ਛੇਤੀ ਤੋਂ ਛੇਤੀ ਕਾਬੂ ਕਰ ਕੇ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇ। ਇਸ ਮੌਕੇ ਸਾਬਕਾ ਸਰਪੰਚ ਸਤਪਾਲ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਦਲਜਿੰਦਰ ਸਿੰਘ, ਰਮਨਦੀਪ ਕੌਰ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ। ਉਧਰ ਦੋ ਘੰਟੇ ਤੱਕ ਚੱਲੇ ਚੱਕਾ ਜਾਮ ਅਤੇ ਰੋਸ ਧਰਨੇ ਦੌਰਾਨ ਮੌਕੇ ’ਤੇ ਪੁੱਜੇ ਡੀਐੱਸਪੀ ਪੰਕਜ ਸ਼ਰਮਾ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਕਥਿਤ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।