100 ਬਿਸਤਰਿਆਂ ਵਾਲੇ ਹਸਪਤਾਲ ਨਾਲ ਸਰਹੱਦੀ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ ਨਰੋਟ ਜੈਮਲ ਸਿੰਘ ’ਚ 100 ਬਿਸਤਰਿਆਂ ਵਾਲੇ ਹਸਪਤਾਲ
Publish Date: Sat, 19 Sep 2026 07:24 PM (IST)
Updated Date: Sun, 20 Sep 2026 04:06 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਜਲਦ ਹੀ ਵੱਡੀ ਸਿਹਤ ਸਹੂਲਤ ਮਿਲਣ ਜਾ ਰਹੀ ਹੈ। ਇੱਥੇ 100 ਬਿਸਤਰਿਆਂ ਵਾਲੇ ਉਪ-ਮੰਡਲ ਹਸਪਤਾਲ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਅੱਜ ਸਰਕਾਰੀ ਹਸਪਤਾਲ ਦਾ ਦੌਰਾ ਕਰਕੇ ਸਿਹਤ ਸਹੂਲਤਾਂ ਤੇ ਪ੍ਰਸਤਾਵਿਤ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਟਾਰੂ ਚੱਕ ਨੇ ਕਿਹਾ ਕਿ ਨਵੇਂ ਹਸਪਤਾਲ ਵਿੱਚ ਮਰੀਜ਼ਾਂ ਦੀ ਲੋੜ ਅਨੁਸਾਰ ਆਧੁਨਿਕ ਸਿਹਤ ਸਹੂਲਤਾਂ ਅਤੇ ਲੋੜੀਂਦੇ ਸਾਧਨ ਮੁਹੱਈਆ ਕਰਵਾਏ ਜਾਣਗੇ। ਹਸਪਤਾਲ ਵਿੱਚ ਖ਼ੂਨ ਭੰਡਾਰ ਵੀ ਸਥਾਪਿਤ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਲੋਕਾਂ ਨੂੰ ਗੰਭੀਰ ਬਿਮਾਰੀ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ ਦੂਰ-ਦਰਾਜ ਦੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਾ ਪਵੇ, ਇਸ ਲਈ ਇਹ ਪ੍ਰੋਜੈਕਟ ਅਹਿਮ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 100 ਬਿਸਤਰਿਆਂ ਵਾਲੇ ਉਪ-ਮੰਡਲ ਹਸਪਤਾਲ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਕਰਵਾ ਕੇ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਸਿਵਲ ਸਰਜਨ ਪਠਾਨਕੋਟ ਡਾ. ਸੁਨੀਤਾ ਸ਼ਰਮਾ, ਐਸਐਮਓ ਨਰੋਟ ਜੈਮਲ ਸਿੰਘ ਡਾ. ਵਿਨੇ ਜਮਵਾਲ, ਕੌਂਸਲਰ ਕਰਮ ਚੰਦ ਕੋਕੋ, ਸੰਦੀਪ ਮਹਾਜਨ, ਕੌਂਸਲਰ ਅਨੂਬਾਲਾ, ਕੌਂਸਲਰ ਮਾਇਆ ਦੇਵੀ, ਡਾ. ਰਜਤ, ਡਾ. ਸਮਿਤੀ, ਡਾ. ਸ਼ੈਲਾ, ਡਾ. ਮਦਨ ਮੱਟੂ, ਡਾ. ਕਨਿਕਾ, ਸਤੀਸ਼ ਕੁਮਾਰ ਅਤੇ ਐਸਡੀਓ ਅਜੇ ਕੁਮਾਰ ਸਮੇਤ ਸਿਹਤ ਵਿਭਾਗ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।