ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਮੁਲਾਕਾਤ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ 'ਚ ਕਾਂਗਰਸੀ ਆਗੂਆਂ ਨਾਲ ਕੀਤੀ ਮੁਲਾਕਾਤ
Publish Date: Tue, 04 Aug 2026 07:51 PM (IST)
Updated Date: Wed, 05 Aug 2026 04:11 AM (IST)
ਪਾਰਟੀ ਦੀ ਏਕਤਾ ਤੇ ਚੋਣ ਤਿਆਰੀਆਂ ’ਤੇ ਦਿੱਤਾ ਜ਼ੋਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਠਾਨਕੋਟ : ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਠਾਨਕੋਟ ਵਿਖੇ ਸਾਬਕਾ ਕੈਬਨਿਟ ਮੰਤਰੀ ਰਮਨ ਭੱਲਾ ਦੇ ਨਿਵਾਸ ਤੇ ਪਹੁੰਚ ਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜ਼ੂਦ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਸਦ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਪਾਰਟੀ ਅੰਦਰ ਕਿਸੇ ਵੀ ਤਰ੍ਹਾਂ ਦੇ ਮਤਭੇਦ ਨਹੀਂ ਹਨ। ਉਨ੍ਹਾਂ ਕਿਹਾ ਕਿ ਹਰ ਆਗੂ ਅਤੇ ਵਰਕਰ ਨੂੰ ਆਪਣੇ ਪਾਰਟੀ ਪ੍ਰਧਾਨ ਅੱਗੇ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਅੰਦਰੂਨੀ ਟਕਰਾਅ ਨਹੀਂ ਮੰਨਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਰਮਨ ਭੱਲਾ ਪਾਰਟੀ ਦੇ ਵਫ਼ਾਦਾਰ ਅਤੇ ਤਜਰਬੇਕਾਰ ਆਗੂ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਸਾਰੇ ਆਗੂ ਅਤੇ ਵਰਕਰ ਪੂਰੀ ਸਰਗਰਮੀ ਨਾਲ ਮੈਦਾਨ ਵਿੱਚ ਉਤਰਣ ਲਈ ਤਿਆਰ ਹਨ। ਰੰਧਾਵਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣਨ ਦੀਆਂ ਸੰਭਾਵਨਾਵਾਂ ਮਜ਼ਬੂਤ ਹਨ। ਸੂਬਾ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਗੈਰਕਾਨੂੰਨੀ ਮਾਈਨਿੰਗ ਨੰ ਰੋਕਣ ਵਿੱਚ ਸਰਕਾਰ ਨਾਕਾਮ ਰਹੀ ਹੈ, ਜਿਸ ਕਾਰਨ ਰੇਤ ਅਤੇ ਬਜਰੀ ਦੀਆਂ ਕੀਮਤਾਂ ਵਿੱਚ ਬੇਤਹਾਸਾ ਵਾਧਾ ਹੋਇਆ ਹੈ ਅਤੇ ਆਮ ਲੋਕਾਂ ਲਈ ਘਰ ਬਣਾਉਣਾ ਔਖਾ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਦਿੱਤੀ ਜਾ ਰਹੀ ਇੱਕ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਨਾਲ ਸਰਕਾਰ ਲੋਕਾਂ ਦੀਆਂ ਅਸਲ ਸਮੱਸਿਆਵਾਂ ਦਾ ਹੱਲ ਨਹੀਂ ਕਰ ਰਹੀ। ਇਸ ਮੌਕੇ ਸਾਬਕਾ ਮੰਤਰੀ ਰਮਨ ਭੱਲਾ ਨੇ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਪਠਾਨਕੋਟ ਤੋਂ ਉਮੀਦਵਾਰ ਬਣਾਉਂਦੀ ਹੈ ਤਾਂ ਉਹ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰਾ ਯਤਨ ਕਰਨਗੇ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਨਿਲ ਦਾਰਾ, ਮਿੰਟੂ ਪਹਿਲਵਾਨ, ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਤੋਂ ਸਾਬਕਾ ਵਿਧਾਇਕ ਅਜੈ ਮਹਾਜਨ, ਰੋਹਿਤ ਕੋਹਲੀ, ਰਮੇਸ਼ ਭਨੋਟ ਸਮੇਤ ਹੋਰ ਕਈ ਕਾਂਗਰਸੀ ਆਗੂ ਅਤੇ ਵਰਕਰ ਵੀ ਹਾਜ਼ਰ ਸਨ। ਉਨ੍ਹਾਂ ਨੇ ਸਾਂਸਦ ਰੰਧਾਵਾ ਅੱਗੇ ਪਠਾਨਕੋਟ ਹਲਕੇ ਲਈ ਰਮਨ ਭੱਲਾ ਨੂੰ ਪਾਰਟੀ ਦੀ ਜ਼ਿੰਮੇਵਾਰੀ ਸੌਂਪਣ ਦੀ ਮੰਗ ਵੀ ਰੱਖੀ।