- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਰਮਸੋਤ ਨੇ ਹਸਪਤਾਲ ਦਾ ਗੇਟ ਖੁਲ੍ਹਵਾਉਣ ਲਈ ਖੋਲ੍ਹਿਆ ਮੋਰਚਾ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸਰਕਾਰੀ ਹਸਪਤਾਲ ਦੇ ਪਿਛਲੇ ਪਾਸੇ ਸਥਿਤ ਗੇਟ ਨੂੰ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਬੰਦ ਕਰਵਾਏ ਜਾਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਗੇਟ ਨੂੰ ਮੁੜ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਾਂਗਰਸੀ ਆਗੂਆਂ, ਸਾਬਕਾ ਤੇ ਮੌਜੂਦਾ ਕੌਂਸਲਰਾਂ ਤੇ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਨੇ ਸਰਕਾਰੀ ਹਸਪਤਾਲ ਦੇ ਪਿਛਲੇ ਗੇਟ ਅੱਗੇ ਪਹੁੰਚ ਕੇ ਪੰਜਾਬ ਸਰਕਾਰ ਅਤੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਪਿਛਲੇ ਪਾਸੇ ਸ਼ਹਿਰ ਦੀਆਂ ਕਈ ਕਲੋਨੀਆਂ ਤੇ ਵੱਡੀ ਆਬਾਦੀ ਵੱਸਦੀ ਹੈ। ਗੇਟ ਬੰਦ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਹਸਪਤਾਲ ਪਹੁੰਚਣ ਲਈ ਬੌੜਾਂ ਗੇਟ ਵੱਲੋਂ ਲੰਬਾ ਚੱਕਰ ਲਗਾ ਕੇ ਆਉਣਾ ਪੈਂਦਾ ਹੈ। ਇਸ ਕਾਰਨ ਖ਼ਾਸ ਕਰਕੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੇਟ ਬੰਦ ਹੋਣ ਨਾਲ ਨੇੜਲੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਧਰਮਸੋਤ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਕੋਲ ਇਹ ਸਮੱਸਿਆ ਉਠਾਈ ਗਈ ਸੀ, ਜਿਸ ਤੋਂ ਬਾਅਦ ਉਹ ਲੋਕਾਂ ਦੇ ਨਾਲ ਗੇਟ ਖੁਲ੍ਹਵਾਉਣ ਲਈ ਪਹੁੰਚੇ ਹਨ। ਇਸ ਮੌਕੇ ਕੌਂਸਲਰ ਅਸ਼ੋਕ ਬਿੱਟੂ ਨੇ ਕਿਹਾ ਕਿ ਸ਼ਹਿਰ ’ਚ ਸਫ਼ਾਈ, ਕੂੜੇ ਦੇ ਢੇਰਾਂ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਰਗੀਆਂ ਕਈ ਸਮੱਸਿਆਵਾਂ ਹਨ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਉੱਧਰ ਜੱਟਾਂ ਵਾਲਾ ਵਾਸ ਦੇ ਵਸਨੀਕ ਅਤਰ ਸਿੰਘ ਨੇ ਦੋਸ਼ ਲਾਇਆ ਕਿ ਹਸਪਤਾਲ ਦੇ ਬਾਹਰ ਪਾਰਕਿੰਗ ’ਚ ਵਿਧਾਇਕ ਦੇ ਨਜ਼ਦੀਕੀਆਂ ਦੀ ਹਿੱਸੇਦਾਰੀ ਹੋਣ ਕਾਰਨ ਗੇਟ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ ਇਸ ਸਬੰਧੀ ਸਬੰਧਤ ਧਿਰ ਦਾ ਪੱਖ ਸਾਹਮਣੇ ਨਹੀਂ ਆਇਆ। ਇਸ ਮੌਕੇ ਮਨਿੰਦਰ ਸਿੰਘ ਸਨੀ, ਬਾਬਾ ਬਚਿੱਤਰ ਸਿੰਘ, ਯੂਥ ਪ੍ਰਧਾਨ ਗੁਰਦਿੱਤ ਸੇਠ, ਮਨਜਿੰਦਰ ਸਿੰਘ ਜਿੰਦਰੀ, ਚਰਨਜੀਤ ਬਾਤਿਸ, ਬਿੱਟੂ ਮੋਲਾ, ਇੰਦਰਜੀਤ ਸਿੰਘ ਚੀਕੂ, ਵਿਕਰਮ ਡੱਲਾ, ਦੀਪਕ ਵਰਮਾ, ਅਨਿਲ ਬੱਬੂ, ਕੁਲਵੰਤ ਸਿੰਘ, ਅਤਰ ਸਿੰਘ, ਜੱਗੀ ਲੱਧਾ ਹੈੜੀ, ਰੁਪਿੰਦਰ ਕੌਸ਼ਲ ਮੁੰਨਾ ਅਤੇ ਗੁਰਵਿੰਦਰ ਸਿੰਘ ਵਿਰਕ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਅਤੇ ਸਾਬਕਾ ਤੇ ਮੌਜੂਦਾ ਕੌਂਸਲਰ ਹਾਜ਼ਰ ਸਨ।