ਤਿੰਨ ਘੰਟਿਆਂ ਦੇ ਮੀਂਹ ’ਚ ਰੁੜ੍ਹੇ ਵਾਅਦੇ ਤੇ ਦਾਅਵੇ ਤਿੰਨ ਘੰਟਿਆਂ ਦੇ ਮੀਂਹ ’ਚ ਰੁੜੇ ਵਾਅਦੇ ਤੇ ਦਾਅਵੇ
Publish Date: Tue, 04 Aug 2026 05:18 PM (IST)
Updated Date: Wed, 05 Aug 2026 04:05 AM (IST)
143 ਐੱਮ.ਐੱਮ. ਮੀਂਹ ਨਾਲ ਪਟਿਆਲਾ ਜਲ-ਥਲ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਮੰਗਲਵਾਰ ਤੜਕੇ ਪਏ ਭਾਰੀ ਮਾਨਸੂਨੀ ਮੀਂਹ ਨੇ ਸ਼ਾਹੀ ਸ਼ਹਿਰ ਪਟਿਆਲਾ ਦੀ ਰਫ਼ਤਾਰ ਤੇ ਬ੍ਰੇਕ ਲਗਾ ਦਿੱਤੀ। ਰਾਤ 2 ਵਜੇ ਤੋਂ ਸਵੇਰੇ 5:30 ਵਜੇ ਤੱਕ ਲਗਾਤਾਰ ਪਏ 143 ਮਿਲੀਮੀਟਰ ਮੀਂਹ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਮੌਸਮ ਵਿਭਾਗ ਮੁਤਾਬਕ ਪੂਰੇ ਜੁਲਾਈ ਮਹੀਨੇ ਚ ਮਹਿਜ਼ 60-70 ਐੱਮ.ਐੱਮ. ਮੀਂਹ ਪਿਆ ਸੀ, ਜਦੋਂਕਿ ਅਗਸਤ ਦੇ ਚੌਥੇ ਦਿਨ ਕੁਝ ਹੀ ਘੰਟਿਆਂ ਵਿੱਚ ਇਸ ਤੋਂ ਦੁੱਗਣਾ ਮੀਂਹ ਦਰਜ ਕੀਤਾ ਗਿਆ। ਭਾਰੀ ਬਾਰਿਸ਼ ਕਾਰਨ ਕਿਤਾਬਾਂ ਵਾਲਾ ਬਾਜ਼ਾਰ, ਬਹੇੜਾ ਰੋਡ, ਮਾਲ ਰੋਡ, ਓਲਡ ਬਿਸ਼ਨ ਨਗਰ ਅਤੇ ਲਹਿਲ ਕਾਲੋਨੀ ਸਮੇਤ ਕਈ ਇਲਾਕੇ ਛੱਪੜ ਦਾ ਰੂਪ ਧਾਰਨ ਕਰ ਗਏ। ਸੜਕਾਂ ਤੇ ਕਈ-ਕਈ ਫੁੱਟ ਪਾਣੀ ਭਰਨ ਕਾਰਨ ਸਵੇਰੇ ਸਕੂਲ, ਦਫ਼ਤਰ ਅਤੇ ਬਾਜ਼ਾਰ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਤਾਪਮਾਨ ਚ ਗਿਰਾਵਟ ਨਾਲ ਹੁੰਮਸ ਤੋਂ ਰਾਹਤ ਮਿਲੀ, ਪਰ ਜਲ-ਭਰਾਅ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਡੱਬੀ ਨਗਰ ਨਿਗਮ ਐਕਸ਼ਨ ਮੋਡ ਚ, ਮੇਅਰ ਤੇ ਕਮਿਸ਼ਨਰ ਨੇ ਸੰਭਾਲੀ ਕਮਾਨ ਬਰਸਾਤ ਤੋਂ ਬਾਅਦ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਨਗਰ ਨਿਗਮ ਪ੍ਰਸ਼ਾਸਨ ਤੁਰੰਤ ਐਕਸ਼ਨ ਮੋਡ ਚ ਆ ਗਿਆ। ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਸਵੇਰੇ 6 ਵਜੇ ਤੋਂ ਹੀ ਅਧਿਕਾਰੀਆਂ ਦੀ ਟੀਮ ਨਾਲ ਸ਼ਹਿਰ ਦਾ ਦੌਰਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਐੱਸ.ਸੀ. ਜੇ.ਪੀ. ਸਿੰਘ, ਐਕਸੀਅਨ ਕੁਲਜਿੰਦਰ ਸਿੰਘ, ਜੇ.ਈ. ਰਾਜੇਸ਼ ਅਤੇ ਪੀ.ਏ. ਕ੍ਰਿਸ਼ਨ ਕੁਮਾਰ ਵੀ ਉਨ੍ਹਾਂ ਦੇ ਨਾਲ ਸਨ। ਉੱਚ ਅਧਿਕਾਰੀਆਂ ਨੇ ਨੀਵੇਂ ਅਤੇ ਪ੍ਰਭਾਵਿਤ ਇਲਾਕਿਆਂ ਜਿਵੇਂ ਫੁਲਕੀਆਂ ਇਨਕਲੇਵ, ਮਜੀਠੀਆ ਇਨਕਲੇਵ, ਚਾਂਦਨੀ ਚੌਂਕ, ਰਾਘੋ ਮਾਜਰਾ, ਜੈਕਬ ਡਰੇਨ ਅਤੇ ਐੱਸ.ਟੀ.ਪੀ. ਪਲਾਂਟ ਦਾ ਜਾਇਜ਼ਾ ਲਿਆ। ਮੇਅਰ ਅਤੇ ਕਮਿਸ਼ਨਰ ਨੇ ਮੌਕੇ ਤੇ ਹੀ ਭਾਰੀ ਮਸ਼ੀਨਰੀ ਅਤੇ ਵਾਧੂ ਟੀਮਾਂ ਤਾਇਨਾਤ ਕਰਕੇ ਪੰਪਾਂ ਰਾਹੀਂ ਪਾਣੀ ਦੀ ਨਿਕਾਸੀ ਤੇਜ਼ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ। ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਸੰਵੇਦਨਸ਼ੀਲ ਪੁਆਇੰਟਾਂ ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਨਿਗਮ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਬਰਸਾਤੀ ਮੌਸਮ ਦੌਰਾਨ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਨਿਗਮ ਪੂਰੀ ਤਰ੍ਹਾਂ ਤਿਆਰ ਹੈ। ਡੱਬੀ ਅਰਬਨ ਅਸਟੇਟ ਦੀਆਂ ਸੜਕਾਂ ਬਣੀਆਂ ਛੱਪੜ ਭਾਰੀ ਮੀਂਹ ਤੋਂ ਬਾਅਦ ਜਿੱਥੇ ਪ੍ਰਸ਼ਾਸਨ ਸ਼ਹਿਰ ਵਿੱਚ ਸਥਿਤੀ ਸੁਧਾਰਨ ਦੇ ਦਾਅਵੇ ਕਰ ਰਿਹਾ ਹੈ, ਉੱਥੇ ਹੀ ਪਟਿਆਲਾ ਦੇ ਪੋਸ਼ ਇਲਾਕੇ ਅਰਬਨ ਅਸਟੇਟ ਫੇਜ਼ 1 ਅਤੇ 2 ਵਿੱਚ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਮੀਂਹ ਹਟਣ ਤੋਂ ਘੰਟਿਆਂ ਬਾਅਦ ਵੀ ਇੱਥੋਂ ਦੇ ਨਿਕਾਸੀ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ, ਜਿਸ ਕਾਰਨ ਇਲਾਕੇ ਦੀ ਹਰ ਮੁੱਖ ਅਤੇ ਅੰਦਰੂਨੀ ਸੜਕ ਜਲ-ਥਲ ਹੋ ਗਈ। ਕਈ ਥਾਵਾਂ ਤੇ ਸੜਕਾਂ ਤੇ ਦੋ ਤੋਂ ਢਾਈ ਫੁੱਟ ਤੱਕ ਬਰਸਾਤੀ ਪਾਣੀ ਜਮ੍ਹਾਂ ਹੋ ਗਿਆ, ਜੋ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਦੇ ਅੰਦਰ ਤੱਕ ਦਾਖਲ ਹੋ ਗਿਆ। ਪਾਣੀ ਦਾ ਭਰਾਅ ਇੰਨਾ ਜ਼ਿਆਦਾ ਸੀ ਕਿ ਪਾਰਕ ਕੀਤੀਆਂ ਗੱਡੀਆਂ ਅੱਧੀਆਂ ਤੋਂ ਵੱਧ ਡੁੱਬ ਗਈਆਂ ਅਤੇ ਪੈਦਲ ਲੰਘਣਾ ਵੀ ਅਸੰਭਵ ਹੋ ਗਿਆ। ਪ੍ਰਸ਼ਾਸਨਿਕ ਢਿੱਲ ਅਤੇ ਨਿਗਮ ਦੀ ਅਣਦੇਖੀ ਕਾਰਨ ਅਰਬਨ ਅਸਟੇਟ ਦੇ ਨਿਵਾਸੀਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਹਰ ਸਾਲ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਪਹਿਲੀ ਭਾਰੀ ਬਾਰਿਸ਼ ਚ ਹੀ ਪੋਸ਼ ਕਾਲੋਨੀਆਂ ਦੀ ਪੋਲ ਖੁੱਲ੍ਹ ਜਾਂਦੀ ਹੈ। ਨਿਕਾਸੀ ਦੀ ਸੁਸਤ ਚਾਲ ਕਾਰਨ ਘੰਟਿਆਂ ਬੱਧੀ ਪਾਣੀ ਖੜ੍ਹਾ ਰਹਿਣ ਨਾਲ ਬੀਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਚੋਂ ਜਲਦ ਤੋਂ ਜਲਦ ਪਾਣੀ ਕੱਢਣ ਲਈ ਭਾਰੀ ਪੰਪ ਲਗਾਏ ਜਾਣ।