ਪਟਿਆਲਾ ਦਿਹਾਤੀ 'ਚ ਆਪ ਆਗੂ ਦੀ ਅਨੋਖੀ ਮੁਹਿੰਮ ਪਟਿਆਲਾ ਦਿਹਾਤੀ 'ਚ ਆਪ ਆਗੂ ਦੀ ਅਨੋਖੀ ਮੁਹਿੰਮ
Publish Date: Tue, 04 Aug 2026 06:53 PM (IST)
Updated Date: Wed, 05 Aug 2026 04:08 AM (IST)
10 ਰੁਪਏ ਦੇ ਨੋਟ ਨਾਲ ਸਲਾਹ ਵੰਡ ਰਿਹਾ ਯਾਦਵਿੰਦਰ ਗੋਲਡੀ, ਸਿਆਸੀ ਹਲਕਿਆਂ ਚ ਚਰਚਾ ਛਿੜੀ ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਯਾਦਵਿੰਦਰ ਸਿੰਘ ਗੋਲਡੀ ਵੱਲੋਂ ਸ਼ੁਰੂ ਕੀਤੀ ਗਈ ਇੱਕ ਅਨੋਖੀ ਪ੍ਰਚਾਰ ਮੁਹਿੰਮ ਇਸ ਵੇਲੇ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਟਿਆਲਾ ਦਿਹਾਤੀ ਖੇਤਰ ਵਿੱਚ ਸਰਗਰਮ ਇਹ ਆਪ ਆਗੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਪ੍ਰਚਾਰ ਕਰਨ ਲਈ ਇੱਕ ਵੱਖਰਾ ਹੀ ਤਰੀਕਾ ਅਪਣਾ ਰਿਹਾ ਹੈ। ਉਹ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਵਾਲਾ ਪਰਚਾ ਸੌਂਪ ਰਹੇ ਹਨ ਤੇ ਨਾਲ ਹੀ 10 ਰੁਪਏ ਦਾ ਨਵਾਂ ਨੋਟ ਵੀ ਦੇ ਰਹੇ ਹਨ। ਇਸ ਅਨੋਖੀ ਰਣਨੀਤੀ ਨੂੰ ਦੇਖ ਕੇ ਜਿੱਥੇ ਆਮ ਜਨਤਾ ਹੈਰਾਨ ਹੈ, ਉੱਥੇ ਹੀ ਹਲਕੇ ਦੇ ਸਿਆਸੀ ਗਲਿਆਰਿਆਂ ਵਿੱਚ ਵੀ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਯਾਦਵਿੰਦਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ, ਭਲਾਈ ਸਕੀਮਾਂ ਅਤੇ ਪਿਛਲੇ ਸਮੇਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦਾ ਹੋਕਾ ਘਰ-ਘਰ ਤੱਕ ਪਹੁੰਚਾ ਰਹੇ ਹਨ। ਅਨੋਖੇ ਪ੍ਰਚਾਰ ਦੇ ਮਨੋਰਥ ਬਾਰੇ ਗੱਲਬਾਤ ਕਰਦਿਆਂ ਯਾਦਵਿੰਦਰ ਸਿੰਘ ਗੋਲਡੀ ਨੇ ਦੱਸਿਆ ਕਿ ਅੱਜ ਦੇ ਦੌਰ ਵਿੱਚ ਫੋਕੀ ਜਾਂ ਮੁਫ਼ਤ ਦੀ ਸਲਾਹ ਕੋਈ ਨਹੀਂ ਸੁਣਦਾ। ਇਸੇ ਲਈ ਉਹ ਇੱਕ ਮਾਣ-ਸਨਮਾਨ ਅਤੇ ਸਤਿਕਾਰ ਵਜੋਂ ਲੋਕਾਂ ਨੂੰ 10 ਰੁਪਏ ਦਾ ਨੋਟ ਭੇਂਟ ਕਰ ਰਹੇ ਹਨ। ਇਸ ਨੋਟ ਦੇ ਨਾਲ ਉਹ ਲੋਕਾਂ ਨੂੰ ਸਲਾਹ ਦੇ ਰਹੇ ਹਨ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਅਤੇ ਬਿਹਤਰ ਵਿਕਾਸ ਲਈ ਸੂਬੇ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ। ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਸਿੰਘ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਇਆ ਜਾਵੇ। ਗੋਲਡੀ ਦਾ ਦਾਅਵਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਸੂਬੇ ਵਿੱਚ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ, ਚੰਗੀ ਸਿੱਖਿਆ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਇਤਿਹਾਸਕ ਕੰਮ ਕੀਤੇ ਹਨ। ਇਹ ਸੁਨੇਹਾ ਹਰ ਆਮ ਨਾਗਰਿਕ ਤੱਕ ਪਹੁੰਚਾਉਣਾ ਹੀ ਇਸ ਮੁਹਿੰਮ ਦਾ ਮੁੱਖ ਮਕਸਦ ਹੈ। ਇਸ ਅਨੋਖੇ ਤਰੀਕੇ ਨੇ ਜਿੱਥੇ ਖੇਤਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉੱਥੇ ਹੀ ਵਿਰੋਧੀ ਧਿਰਾਂ ਵੀ ਇਸ ਪ੍ਰਚਾਰ ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ।