ਪਟਿਆਲਾ ’ਚ ਗੱਡੀ ਪਾਰਕਿੰਗ ਨੂੰ ਲੈ ਕੇ ਚੱਲੀਆਂ ਗੋਲ਼ੀਆਂ ਪਟਿਆਲਾ ’ਚ ਗੱਡੀ ਪਾਰਕਿੰਗ ਨੂੰ ਲੈ ਕੇ ਚੱਲੀਆਂ ਗੋਲੀਆਂ
Publish Date: Tue, 04 Aug 2026 07:36 PM (IST)
Updated Date: Wed, 05 Aug 2026 04:10 AM (IST)
* ਸ਼ੋਅਰੂਮ ਮਾਲਕ ਦੇ ਹੱਥ ਤੇ ਪੱਟ ’ਤੇ ਲੱਗੀ ਗੋਲ਼ੀ * ਮੁਲਜ਼ਮ ਦੀ ਪਛਾਣ ਮਗਰੋਂ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਫੋਟੋ : 04ਪੀਟੀਐਲ : 21,22 ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਲਾਹੋਰੀ ਗੇਟ ਦੇ ਇਲਾਕੇ ’ਚ ਗੱਡੀ ਪਾਰਕਿੰਗ ਨੂੰ ਲੈ ਕੇ ਹੋਈ ਮਾਮੂਲੀ ਬਹਿਸ ਤੋਂ ਬਾਅਦ ਇਕ ਅਣਪਛਾਤੇ ਨੇ ਸ਼ੋਅਰੂਮ ਮਾਲਕ ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਇਸ ਘਟਨਾ ’ਚ ਸ਼ੋਅਰੂਮ ਮਾਲਕ ਸੁਸ਼ੀਲ ਗੋਇਲ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਡੀਐੱਸਪੀ ਸੰਜੀਵ ਸਿੰਗਲਾ ਨੇ ਦੱਸਿਆ ਮੁਲਜ਼ਮ ਦੀ ਪਛਾਣ ਹੋ ਗਈ ਹੈ ਤੇ ਪੁਲਿਸ ਨੇ ਪਰਚਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਸੁਸ਼ੀਲ ਗੋਇਲ ਨੇ ਦੱਸਿਆ ਕਿ ਪੁਰਾਣੀ ਤਹਿਸੀਲ ਕੋਲ ਡਾਕਖਾਨੇ ਸਾਹਮਣੇ ਉਨ੍ਹਾਂ ਦਾ ਇੱਕ ਸ਼ੋਅਰੂਮ ਹੈ। ਬੀਤੇ ਸਮੇਂ ਇਕ ਵਿਅਕਤੀ ਆਪਣੀ ਸਕਾਰਪੀਓ ਕਾਰ ਸ਼ੋਅਰੂਮ ਦੇ ਬਿਲਕੁਲ ਸਾਹਮਣੇ ਗ਼ਲਤ ਤਰੀਕੇ ਨਾਲ ਪਾਰਕ ਕਰ ਕੇ ਚਲਾ ਗਿਆ। ਜਦੋਂ ਸੁਸ਼ੀਲ ਗੋਇਲ ਨੇ ਉਸ ਵਿਅਕਤੀ ਨੂੰ ਗੱਡੀ ਥੋੜ੍ਹੀ ਇਕ ਪਾਸੇ ਕਰਨ ਦੀ ਅਪੀਲ ਕੀਤੀ, ਤਾਂ ਉਕਤ ਕਾਰ ਚਾਲਕ ਭੜਕ ਗਿਆ। ਉਸ ਨੇ ਗੱਡੀ ਹਟਾਉਣ ਦੀ ਬਜਾਏ ਸੁਸ਼ੀਲ ਗੋਇਲ ਨਾਲ ਤਿੱਖੀ ਬਹਿਸ ਸ਼ੁਰੂ ਕਰ ਦਿੱਤੀ। ਬਹਿਸ ਦੌਰਾਨ ਹੀ ਮੁਲਜ਼ਮ ਵਿਅਕਤੀ ਤੈਸ਼ ’ਚ ਆ ਗਿਆ ਅਤੇ ਉਸ ਨੇ ਆਪਣੀ ਪਿਸਤੌਲ ਕੱਢ ਕੇ ਸੁਸ਼ੀਲ ਗੋਇਲ ਤੇ ਸਿੱਧੀਆਂ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀਬਾਰੀ ਦੌਰਾਨ ਇਕ ਗੋਲ਼ੀ ਸੁਸ਼ੀਲ ਗੋਇਲ ਦੇ ਹੱਥ ’ਚ ਲੱਗੀ ਅਤੇ ਦੂਸਰੀ ਗੋਲੀ ਉਨ੍ਹਾਂ ਦੇ ਪੱਟ ਵਿਚ ਜਾ ਲੱਗੀ। ਗੋਲ਼ੀਆਂ ਚਲਾਉਣ ਤੋਂ ਬਾਅਦ ਹਮਲਾਵਰ ਆਪਣੀ ਸਕਾਰਪੀਓ ਕਾਰ ’ਚ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤ ਸੁਸ਼ੀਲ ਗੋਇਲ ਨੇ ਦੱਸਿਆ ਕਿ ਉਹ ਹਮਲਾਵਰ ਨੂੰ ਨਹੀਂ ਜਾਣਦੇ ਤੇ ਨਾ ਹੀ ਉਨ੍ਹਾਂ ਦੀ ਪਹਿਲਾਂ ਕਿਸੇ ਨਾਲ ਕੋਈ ਰੰਜਿਸ਼ ਜਾਂ ਝਗੜਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਲਾਹੋਰੀ ਗੇਟ ਦੀ ਪੁਲਿਸ ਟੀਮ ਮੌਕੇ ਤੇ ਪਹੁੰਚੀ। ਪੁਲਿਸ ਨੇ ਜ਼ਖ਼ਮੀ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਵਾਰਦਾਤ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ। ਹਮਲਾਵਰ ਦੀ ਪਛਾਣ ਗੁਰਕੀਰਤ ਸਾਹਨੀ ਵਾਸੀ ਅਰਬਨ ਅਸਟੇਟ ਪਟਿਆਲਾ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।