ਦਾਅਵਾ ਨਹੀਂ, ਜ਼ਿੰਮੇਵਾਰੀ ਮਿਲੀ ਤਾਂ ਤਨਦੇਹੀ ਨਾਲ ਨਿਭਾਵਾਂਗੀ : ਬੀਬੀ ਹਰਿਆਊ ਦਾਅਵਾ ਨਹੀਂ, ਜ਼ਿੰਮੇਵਾਰੀ ਮਿਲੀ ਤਾਂ ਤਨਦੇਹੀ ਨਾਲ ਨਿਭਾਵਾਂਗੀ: ਬੀਬੀ ਹਰਿਆਊ
Publish Date: Tue, 04 Aug 2026 05:20 PM (IST)
Updated Date: Wed, 05 Aug 2026 04:05 AM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਹਲਕਾ ਸ਼ੁਤਰਾਣਾ ਵਿਚ ਆਮ ਆਦਮੀ ਪਾਰਟੀ ਨੂੰ ਪੈਰਾਂ ਸਿਰ ਖੜੀ ਕਰਨ ਵਾਲੀ ਪਲਵਿੰਦਰ ਕੌਰ ਹਰਿਆਊ ਨੇ ਪਾਰਟੀ ਨੂੰ ਅਲਵਿਦਾ ਆਖ ਕਾਂਗਰਸ ਦੇ ਇਨਚਾਰਜ ਭੁਪੇਸ਼ ਬਘੇਲ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰਨ ਮਗਰੋਂ ਪਾਤੜਾਂ ਵਿਖੇ ਕੀਤੀ ਗਈ ਪਲੇਠੀ ਪ੍ਰੈਸ ਕਾਨਫਰੰਸ ਦੌਰਾਨ ਬੀਬੀ ਪਲਵਿੰਦਰ ਕੌਰ ਹਰਿਆਊ ਨੇ ਕਿਹਾ ਕਿ ਉਹਨਾਂ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਲਕਾ ਸ਼ੁਤਰਾਣਾ ਦੇ ਘਰ ਘਰ ਤੱਕ ਪਹੁੰਚ ਕੀਤੀ ਅਤੇ ਪਾਰਟੀ ਨੂੰ ਪੈਰਾਂ ਸਿਰ ਖੜੀ ਕੀਤਾ ਸੀ। ਸਤਾਰਾਂ ਦੀਆਂ ਚੋਣਾਂ ਵਿੱਚ ਬੇਸ਼ੱਕ ਉਹ ਹਾਰ ਗਏ ਸਨ ਪਰ ਪਾਰਟੀ ਲਈ ਬਹੁਤ ਵੱਡਾ ਵੋਟ ਬੈਂਕ ਤਿਆਰ ਕਰਨ ਵਿਚ ਕਾਮਯਾਬ ਹੋ ਗਏ ਸਨ। 2022 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਪਰਿਵਾਰਕ ਮਜਬੂਰੀਆਂ ਕਾਰਨ ਆਪਣੀਆਂ ਗਤੀਵਿਧੀਆਂ ਰੋਕਣੀਆਂ ਪਈਆਂ ਅਤੇ ਉਹ ਰਾਜਨੀਤੀ ਵਿੱਚ ਸਰਗਰਮ ਨਹੀਂ ਰਹੇ ਸਨ। ਜਦੋਂ ਉਨ੍ਹਾਂ ਦੁਬਾਰਾ ਸਿਆਸਤ ਵਿੱਚ ਆਉਣਾ ਚਾਹਿਆ ਤਾਂ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਤੋਂ ਖਾਸ ਲੋਕਾਂ ਦੀ ਪਾਰਟੀ ਬਣ ਗਈ ਹੈ। ਜਿਥੇ ਹੁਣ ਉਨ੍ਹਾਂ ਵਰਕਰਾਂ ਦੀ ਕੋਈ ਪੁਛਗਿੱਛ ਨਹੀਂ ਜਿਹੜੇ ਪਾਰਟੀ ਲਈ ਘਰੋਂ ਰੁਪਏ ਖਰਚ ਕੇ ਪਾਰਟੀ ਲਈ ਕੰਮ ਕਰਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦੂਸਰੀਆਂ ਪਾਰਟੀਆਂ ਦੇ ਆਗੂਆਂ ਅਤੇ ਨੇਤਾਵਾਂ ਨੂੰ ਧੜਾ ਧੜ ਸ਼ਾਮਲ ਕਰਕੇ ਆਮ ਵਰਕਰ ਨੂੰ ਨਿਰਾਸ਼ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰਨ ਸਬੰਧੀ ਪਲਵਿੰਦਰ ਕੌਰ ਹਰਿਆਊ ਨੇ ਆਖਿਆ ਕਿ ਉਹ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੇ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਪਾਰਟੀ ਵਿਚ ਸ਼ਾਮਲ ਹੋਏ ਹਨ ਕਿਉਂਕਿ ਰਾਹੁਲ ਗਾਂਧੀ ਹੀ ਇਕੋ ਇਕ ਅਜਿਹੇ ਨੇਤਾ ਹਨ ਜਿਹੜੇ ਰਾਸ਼ਟਰ ਨਿਰਮਾਣ ਜਾਂ ਦੇਸ਼ ਵਿਚ ਹੋ ਰਹੀ ਜਾਤੀਵਾਦੀ ਰਾਜਨੀਤੀ ਖਿਲਾਫ ਬੋਲਦੇ ਹਨ। ਵਿਧਾਨ ਸਭਾ ਚੋਣਾਂ ਲੜਨ ਸਬੰਧੀ ਸਵਾਲ ਦੇ ਜਵਾਬ ਵਿੱਚ ਪਲਵਿੰਦਰ ਕੌਰ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਵਿਚ ਬਤੌਰ ਇਕ ਸਿਪਾਹੀ ਭਰਤੀ ਹੋਏ ਹਨ ਅਤੇ ਉਹ ਹਲਕੇ ਦੇ ਸੀਨੀਅਰ ਆਗੂਆਂ ਦਾ ਸਤਿਕਾਰ ਕਰਦੇ ਰਹਿਣਗੇ। ਉਨ੍ਹਾਂ ਸ਼ਾਮਲ ਹੋਣ ਤੋਂ ਪਹਿਲਾਂ ਪਾਰਟੀ ਕੋਲ ਕੋਈ ਦਾਅਵੇਦਾਰੀ ਪੇਸ਼ ਨਹੀਂ ਕੀਤੀ ਸਗੋਂ ਜੇਕਰ ਪਾਰਟੀ ਉਨ੍ਹਾਂ ਤੇ ਵਿਸ਼ਵਾਸ ਕਰਕੇ ਕੋਈ ਜ਼ਿੰਮੇਵਾਰੀ ਲਾਉਂਦੀ ਹੈ ਤਾਂ ਉਹ ਪੁਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਹਨਾਂ ਨਾਲ ਅਮਨਜੀਤ ਸਿੰਘ ਮੌਲਵੀ ਵਾਲਾ ਅਤੇ ਦਵਿੰਦਰ ਸਿੰਘ ਬਰਾਸ ਹਾਜ਼ਰ ਸਨ।