ਮੋਰਿੰਡਾ ਦੇ 12 ਸਾਲਾ ਲਵਕੀਰਤ ਨੇ ਪੰਜਾਬ ਦੀਆਂ ਕੁਸ਼ਤੀਆਂ ’ਚ ਜਿੱਤਿਆ ਗੋਲਡ ਮੈਡਲ ਮੋਰਿੰਡਾ ਦੇ 12 ਸਾਲਾ ਲਵਕੀਰਤ ਨੇ ਪੰਜਾਬ ਦੀਆਂ ਕੁਸ਼ਤੀਆਂ ਵਿਚ ਜਿੱਤਿਆ ਗੋਲਡ ਮੈਡਲ
Publish Date: Sat, 19 Sep 2026 07:10 PM (IST)
Updated Date: Sat, 19 Sep 2026 07:11 PM (IST)
ਪਿਛਲੇ ਸਮੇਂ ਦੌਰਾਨ ਉਡਦਾ ਪੰਜਾਬ ਦੇ ਲੱਗੇ ਕਲੰਕ ਨੂੰ ਧੋ ਰਹੀ ਮਾਨ ਸਰਕਾਰ : ਡਾ. ਚਰਨਜੀਤ ਸਿੰਘ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਮੋਰਿੰਡਾ ਸ਼ਹਿਰ ਦੇ ਹੀਰਾ ਪਬਲਿਕ ਹਾਈ ਸਕੂਲ ਕਾਈਨੌਰ ’ਚ ਪੜ੍ਹਦੇ 12 ਸਾਲਾ ਲਵਕੀਰਤ ਸਿੰਘ ਨੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਵੱਲੋਂ ਚੀਮਾ, ਸੰਗਰੂਰ ਵਿਖੇ ਕਰਵਾਈਆਂ ਗਈਆਂ ਅੰਡਰ 12 ਦੇ 60 ਕਿਲੋ ਭਾਰ ਵਰਗ ਦੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ’ਚ ਪੰਜਾਬ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਤੇ ਗੋਲਡ ਮੈਡਲ ਜਿੱਤਕੇ ਆਪਣੇ ਸ਼ਹਿਰ, ਸਕੂਲ ਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੀ ਇਸ ਜਿੱਤ ’ਤੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਖੁਸ਼ੀ ਪ੍ਰਗਟ ਕੀਤੀ ਗਈ ਤੇ ਲਵਕੀਰਤ ਸਿੰਘ ਨੂੰ ਸਨਮਾਨਿਤ ਕੀਤਾ। ਉਨ੍ਹਾਂ ਸਰਕਾਰ ਵੱਲੋਂ ਉਚਿਤ ਸਹਾਇਤਾ/ਡਾਇਟ ਦਵਾਉਣ ਦਾ ਭਰੋਸਾ ਵੀ ਦਿੱਤਾ। ============= ਬਾਕਸ- ‘‘ਉਡਦਾ ਪੰਜਾਬ” ਦੇ ਕਲੰਕ ਨੂੰ ਖੇਡਾਂ ਰਾਹੀਂ ਧੋ ਰਹੀ ਸਰਕਾਰ ਵਿਧਾਇਕ ਡਾ਼ ਚਰਨਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਨੂੰ ਕਈ ਵਾਰ ਨਸ਼ਿਆਂ ਕਾਰਨ “ਉਡਦਾ ਪੰਜਾਬ” ਕਹਿ ਕੇ ਬਦਨਾਮ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੇ ਨੌਜਵਾਨ ਤੇ ਬੱਚੇ ਖੇਡਾਂ ਦੇ ਮੈਦਾਨਾਂ ’ਚ ਚੰਗਾਂ ਪ੍ਰਦਰਸ਼ਨ ਕਰਕੇ ਮਾਰਕਾ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸੇ ਸੋਚ ਤਹਿਤ ਖੇਡਾਂ ਵਤਨ ਪੰਜਾਬ ਦੀਆਂ, ਹਰ ਪਿੰਡ ’ਚ ਜਿਮ ਘਰ, ਖੇਡ ਮੈਦਾਨ ਤੇ ਪਿੰਡਾਂ ’ਚ ਖੇਡ ਸਟੇਡੀਅਮ ਬਣਾਉਣ ਸਮੇਤ ਸਕੂਲੀ ਬੱਚਿਆਂ ਲਈ ਖੇਡ ਮੁਕਾਬਲੇ ਕਰਵਾਉਣ ਤੇ ਚੰਗੇ ਇਨਾਮ ਦੇਣ ਦੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਪਾਰਟੀ ਦੇ ਯੂਥ ਵਿੰਗ ਵੱਲੋਂ ਮੈਰਾਥਨ ਦੌੜਾਂ ’ਚ ਹਜ਼ਾਰਾਂ ਨੌਜਵਾਨਾਂ ਨੂੰ ਸ਼ਾਮਿਲ ਕਰਕੇ ਯੂਥ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਮਾਨ ਸਰਕਾਰ ਨੇ ਨਵੀਂ ਖੇਡ ਨੀਤੀ 2023 ਤਹਿਤ 2026 ਤੱਕ 3,100 ਪਿੰਡਾਂ ’ਚ ਸਟੇਡੀਅਮ ਬਣਾਉਣ, 3,000 ਥਾਵਾਂ ’ਤੇ ਅਲਟਰਾ-ਮਾਡਰਨ ਜਿਮ ਖੋਲ੍ਹਣ ਤੇ 17,000 ਖੇਡ ਕਿੱਟਾਂ ਵੰਡਣ ਦਾ ਐਲਾਨ ਕੀਤਾ ਹੈ, ਜਿਸ ’ਤੇ ਕਰੀਬ 1,350 ਕਰੋੜ ਰੁਪਏ ਖਰਚ ਹੋਣਗੇ। ਇਹ ਕਦਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਮੋੜਨ ਤੇ ਪੰਜਾਬ ਦੀ ਖੇਡ ਪਛਾਣ ਮਜ਼ਬੂਤ ਕਰਨ ਲਈ ਉਠਾਏ ਗਏ ਹਨ। ============ ਬਾਕਸ- ਲਵਕੀਰਤ ਸਿੰਘ ਨੇ 7 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਕੁਸ਼ਤੀ ਦਾ ਸਫ਼ਰ ਲਵਕੀਰਤ ਸਿੰਘ ਨੇ ਸਿਰਫ਼ 12 ਸਾਲ ਦੀ ਉਮਰ ’ਚ ਹੀ ਵੱਡੀ ਉਪਲਬਧੀ ਹਾਸਲ ਕੀਤੀ ਹੈ। ਲਵਕੀਰਤ ਸਿੰਘ ਦੇ ਪਿਤਾ ਮੁਕੇਸ਼ ਸਿੰਘ ਨੇ ਦੱਸਿਆ ਕਿ ਉਹ ਸੱਤ ਸਾਲ ਦੀ ਉਮਰ ਤੋਂ ਹੀ ਕੁਸ਼ਤੀਆਂ ’ਚ ਭਾਗ ਲੈਣ ਲੱਗਾ ਸੀ ਤੇ ਦਾਦਾ ਦੇਵ ਰੈਸਲਿੰਗ ਅਕੈਡਮੀ ’ਚ ਸਿਖਲਾਈ ਪ੍ਰਾਪਤ ਕਰ ਰਿਹਾ ਹੈ। ਇਸ ਤੋਂ ਪਹਿਲਾਂ ਲਵਕੀਰਤ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਕੁਸ਼ਤੀਆਂ ’ਚ ਪਹਿਲਾ ਸਥਾਨ ਪ੍ਰਾਪਤ ਕਰ ਚੁੱਕਾ ਹੈ। ਜਦਕਿ ਜ਼ਿਲ੍ਹਾ ਪੱਧਰੀ 69ਵੀਆਂ ਖੇਡਾਂ ’ਚ ਦੂਸਰਾ ਸਥਾਨ ਪ੍ਰਾਪਤ ਕਰ ਚੁੱਕਾ ਹੈ। ============= ਬਾਕਸ- ਵਿਧਾਇਕ ਵੱਲੋਂ ਸਨਮਾਨ ਤੇ ਭਰੋਸਾ ਲਵਕੀਰਤ ਸਿੰਘ ਦੀ ਇਸ ਜਿੱਤ ’ਤੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ ਤੇ ਉਸ ਦੀਆਂ ਖੇਡ ਪ੍ਰਾਪਤੀਆਂ ਦੀ ਸਰਾਹਣਾ ਕੀਤੀ ਗਈ। ਉਨ੍ਹਾ ਸਰਕਾਰ ਵੱਲੋਂ ਉਸ ਨੂੰ ਡਾਇਟ ਤੇ ਹੋਰ ਲੋੜੀਂਦੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ ਗਿਆ, ਤਾਂ ਜੋ ਉਹ ਆਉਣ ਵਾਲੇ ਸਮੇਂ ’ਚ ਹੋਰ ਵੀ ਵੱਡੇ ਮੁਕਾਬਲਿਆਂ ’ਚ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕੇ। ਇਸ ਮੌਕੇ ਲਵਕੀਰਤ ਸਿੰਘ ਦੇ ਪਿਤਾ ਮੁਕੇਸ਼ ਸਿੰਘ, ਮਾਤਾ ਕਰਮਜੀਤ ਕੌਰ ਤੇ ਹੋਰ ਪਰਿਵਾਰਿਕ ਮੈਂਬਰ ਸ਼ਾਮਿਲ ਸਨ, ਜਿਨ੍ਹਾਂ ਨੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਦਾ ਧੰਨਵਾਦ ਕੀਤਾ।