ਮੰਤਰੀ ਸਾਹਿਬ, ਚੋਈ ਬਾਜ਼ਾਰ ਦੀ ਸਮੱਸਿਆ ਕਦੋਂ ਹੱਲ ਕਰੋਗੇ : ਅਮਰ ਸੋਢੀ ਮੰਤਰੀ ਸਾਹਿਬ, ਚੋਈ ਬਾਜ਼ਾਰ ਦੀ ਸਮੱਸਿਆ ਕਦੋਂ ਹੱਲ ਕਰੋਗੇ : ਅਮਰ ਸੋਢੀ
Publish Date: Sat, 19 Sep 2026 07:02 PM (IST)
Updated Date: Sat, 19 Sep 2026 07:02 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਚੋਈ ਬਾਜ਼ਾਰ ਦੀ ਬਰਸਾਤੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਅਮਰ ਸੋਢੀ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਵਾਲ ਕਰਦਿਆਂ ਕਿਹਾ, “ਮੰਤਰੀ ਸਾਹਿਬ, ਜੇਕਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਪਾਈਪ ਪਏ ਹਨ ਅਤੇ ਇਹ ਕਿਸੇ ਹੋਰ ਕੰਮ ਲਈ ਨਹੀਂ ਵਰਤੇ ਜਾਣੇ ਤਾਂ ਇਨ੍ਹਾਂ ਨੂੰ ਚੋਈ ਬਾਜ਼ਾਰ ਵਿੱਚ ਪਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ? ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੰਤਰੀ ਜੀ ਵੱਲੋਂ ਖੁਦ ਲਾਈਵ ਹੋ ਕੇ ਇਹ ਪਾਈਪ ਦਿਖਾਏ ਗਏ ਸਨ, ਪਰ ਦੂਜੇ ਪਾਸੇ ਚੋਈ ਬਾਜ਼ਾਰ ਦੇ ਲੋਕ ਹਰ ਬਰਸਾਤ ਵਿੱਚ ਪਾਣੀ ਦੀ ਮਾਰ ਝੱਲਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਦੇ ਕਰੀਬ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਾ ਹੋਣਾ ਬੇਹੱਦ ਚਿੰਤਾਜਨਕ ਹੈ। ਅਮਰ ਸੋਢੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਢੇ ਚਾਰ ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਾ ਹੈ ਅਤੇ ਹੁਣ ਨਵੀਆਂ ਚੋਣਾਂ ਲਈ ਵੀ ਕੁਝ ਸਮਾਂ ਹੀ ਬਾਕੀ ਰਹਿ ਗਿਆ ਹੈ। ਇਸ ਦੇ ਬਾਵਜੂਦ ਚੋਈ ਬਾਜ਼ਾਰ ਦੀ ਬਰਸਾਤੀ ਪਾਣੀ ਦੀ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਵਾਅਦੇ ਕੀਤੇ ਗਏ ਸਨ, ਪਰ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਇਸ ਗੰਭੀਰ ਸਮੱਸਿਆ ਦਾ ਜਿਉਂ ਦਾ ਤਿਉਂ ਬਣਿਆ ਰਹਿਣਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹਵੇਲੀ ਤੋਂ ਲੈ ਕੇ ਪੂਰੇ ਚੋਈ ਬਾਜ਼ਾਰ ਵਿੱਚ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਇੰਨਾ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ ਕਿ ਲੋਕਾਂ ਦਾ ਆਪਣੇ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ। ਬਰਸਾਤੀ ਪਾਣੀ ਸੜਕਾਂ ’ਤੇ ਖੜ੍ਹਾ ਹੋਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੁੰਦਾ ਹੈ ਅਤੇ ਦੁਕਾਨਦਾਰਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰ ਸੋਢੀ ਨੇ ਕਿਹਾ ਕਿ ਸਭ ਤੋਂ ਵੱਧ ਅਫਸੋਸ ਵਾਲੀ ਗੱਲ ਇਹ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਸਕੂਲੀ ਬੱਚਿਆਂ ਨੂੰ ਵੀ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ ਤੇ ਕਈ ਵਾਰ ਬੱਚੇ ਸਕੂਲ ਜਾਣ ਤੋਂ ਵਾਂਝੇ ਰਹਿ ਜਾਂਦੇ ਹਨ। ਅਮਰ ਸੋਢੀ ਨੇ ਮੰਗ ਕੀਤੀ ਕਿ ਚੋਈ ਬਾਜ਼ਾਰ ਦੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਤੁਰੰਤ ਢੁਕਵੇਂ ਪ੍ਰਬੰਧ ਕੀਤੇ ਜਾਣ ਅਤੇ ਜੇਕਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਪਏ ਪਾਈਪ ਇਸ ਕੰਮ ਲਈ ਵਰਤੇ ਜਾ ਸਕਦੇ ਹਨ ਤਾਂ ਉਨ੍ਹਾਂ ਨੂੰ ਚੋਈ ਬਾਜ਼ਾਰ ਵਿੱਚ ਪਾ ਕੇ ਨਿਕਾਸੀ ਦਾ ਹੱਲ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਸਥਾਈ ਹੱਲ ਕੀਤਾ ਜਾਵੇ, ਤਾਂ ਜੋ ਚੋਈ ਬਾਜ਼ਾਰ ਵਾਸੀਆਂ ਨੂੰ ਹਰ ਬਰਸਾਤ ਵਿੱਚ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ ਅਤੇ ਉਹ ਸੁੱਖ ਦਾ ਸਾਹ ਲੈ ਸਕਣ।