ਨਿਰੰਕਾਰੀ ਭਵਨ ਨੇੜੇ ਬਣੀਆ ਝੁੱਗੀਆਂ ਵਾਲੇ ਸਰਹੰਦ ਨਹਿਰ ਵਿਚ ਫੈਲਾਅ ਰਹੇ ਨੇ ਪ੍ਰਦੂਸ਼ਣ: ਪਤਿਆਲਾ ਤੇ ਲੋਧੀਮਾਜਰਾ ਨਿਰੰਕਾਰੀ ਭਵਨ ਨੇੜੇ ਬਣੀਆ ਝੁੱਗੀਆ ਵਾਲੇ ਸਰਹੰਦ ਨਹਿਰ ਵਿ
Publish Date: Sat, 19 Sep 2026 06:59 PM (IST)
Updated Date: Sat, 19 Sep 2026 07:02 PM (IST)
ਜੇਕਰ ਪ੍ਰਸ਼ਾਸ਼ਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਰੋਸ ਧਰਨਾਂ ਦਿੱਤਾ ਜਾਵੇਗਾ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਪਿਛਲੇ ਕਈ ਦਿਨਾਂ ਤੋਂ ਵਿਧਾਨ ਸਭਾ ਹਲਕਾ ਰੂਪਨਗਰ ਵਿਚ ਪ੍ਰਦੂਸ਼ਣ ਨੂੰ ਲੈ ਕੇ ਵੱਖ-ਵੱਖ ਮਾਮਲੇ ਸਾਹਮਣੇ ਆ ਰਹੇ ਹਨ ਪ੍ਰੰਤੂ ਇਨ੍ਹਾਂ ਮਾਮਲਿਆਂ ’ਤੇ ਕਿੰਨੀ ਕੁ ਕਾਰਵਾਈ ਹੁੰਦੀ ਹੈ ਜਾਂ ਐੱਨਜੀਟੀ ਕੀ ਕਾਰਵਾਈ ਕਰੇਗੀ ਇਹ ਇਕ ਸਵਾਲ ਬਣ ਗਿਆ ਹੈ। ਸ਼ਨੀਵਾਰ ਨੂੰ ਹਲਕਾ ਸੁਧਾਰ ਕਮੇਟੀ, ਰੂਪਨਗਰ ਦੇ ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲਾਂ ਅਤੇ ਪ੍ਰਧਾਨ ਨਿਰਮਲ ਸਿੰਘ ਲੋਦੀ ਮਾਜਰਾ ਨੇ ਨਿਰੰਕਾਰੀ ਭਵਨ ਨੇੜੇ ਝੁੱਗੀਆ ਬਣਾ ਕੇ ਬੈਠੇ ਲੁੱਕ ਵਾਲਿਆਂ ਵੱਲੋਂ ਸਰਹੰਦ ਨਹਿਰ ਵਿਚ ਪਾਏ ਜਾ ਰਹੇ ਪ੍ਰਦੂਸ਼ਣ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾਕਿ ਨਿਰੰਕਾਰੀ ਸਤਸੰਗ ਭਵਨ ਦੇ ਨੇੜੇ 100 ਤੋਂ ਵੱਧ ਝੁੱਗੀਆਂ ਬਣਾ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਨ੍ਹਾਂ ਵਿਚ ਰਹਿਣ ਵਾਲੇ 800 ਦੇ ਕਰੀਬ ਲੋਕ ਆਪਣੇ ਘਰਾਂ ਦੀ ਸਾਰੀ ਗੰਦਗੀ ਸਮੇਤ ਮਲ-ਮੂਤਰ ਸਰਹਿੰਦ ਨਹਿਰ ਦੇ ਕਿਨਾਰੇ ਕਰਦੇ ਤੇ ਸੁੱਟਦੇ ਹਨ। ਇਹ ਸਾਰੀ ਗੰਦਗੀ ਬਾਰਿਸ਼ ਪੈਣ ’ਤੇ ਨਹਿਰ ਵਿਚ ਚਲੀ ਜਾਂਦੀ ਹੈ। ਉਨ੍ਹਾਂ ਕਿਹਾਕਿ ਇਸ ਪਾਣੀ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਲੋਕ ਪੀਣ ਲਈ ਵਰਤਦੇ ਹਨ। ਉਨ੍ਹਾਂ ਕਿਹਾਕਿ ਝੁੱਗੀਆਂ ਵਾਲੀ ਜ਼ਮੀਨ ਨਗਰ ਕੌਂਸਲ ਰੂਪਨਗਰ ਦੀ ਹੱਦ ਦੇ ਅੰਦਰ ਨਹਿਰੀ ਵਿਭਾਗ ਦੀ ਹੈ। 30 ਕੁ ਸਾਲ ਪਹਿਲਾਂ ਇਸ ਜ਼ਮੀਨ ’ਤੇ 2 ਕੁ ਪਰਿਵਾਰ ਝੂੰਗੀ-ਝੌਂਪੜੀ ਬਣਾ ਕੇ ਰਹਿਣ ਲੱਗੇ ਸੀ, ਇਹ ਲੋਕ ਲੈਟਰਾਂ ’ਤੇ ਲੁੱਕ ਪਾਉਣ ਦਾ ਕੰਮ ਕਰਦੇ ਸੀ। ਫਿਰ ਹੌਲੀ-ਹੌਲੀ ਇਨ੍ਹਾਂ ਲੋਕਾਂ ਦੀ ਅਬਾਦੀ ਇਕ ਪਿੰਡ ਦਾ ਰੂਪ ਧਾਰ ਗਈ ਹੈ। ਉਨ੍ਹਾਂ ਕਿਹਾਕਿ ਹੁਣ ਇਹ ਲੋਕ ਬਣ ਰਹੀਆਂ ਪ੍ਰਾਇਵੇਟ ਕਲੋਨੀਆਂ ਦੀਆਂ ਸੜਕਾਂ ਅਤੇ ਉਨ੍ਹਾਂ ਕਲੋਨੀਆਂ ਦੀਆਂ ਚਾਰਦੀਵਾਰੀਆਂ ਬਣਾਉਣ ਦੇ ਠੇਕੇ ਸਮੇਤ ਮੈਟੀਰੀਅਲ ਲੈਂਦੇ ਹਨ। ਜਿਸ ਦੀ ਰਕਮ ਕਰੋੜਾਂ ਵਿਚ ਹੈ, ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਕੋਲ ਸੜਕ ਬਨਾਉਣ ਦੀ ਪੂਰੀ ਮਸ਼ਿਨਰੀ ਜਿਵੇਂ ਕਿ ਪ੍ਰੀਮਿਕਸ ਮਸ਼ੀਨ, ਰੋਡ ਰੋਲਰ, ਟਰੈਕਟਰ ਟਰਾਲੀਆਂ ਆਦਿ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਵਿਚ ਹੈ। ਇਸ ਤੋ ਇਲਾਵਾ ਇਸ ਬਸਤੀ ਵਿਚ ਰਹਿਣ ਵਾਲਿਆਂ ਦੇ ਕੋਲ 2 ਦਰਜਨ ਤੋ ਵੱਧ ਲਗਜ਼ਰੀ ਗੱਡੀਆਂ ਹਨ। ਆਗੂਆ ਨੇ ਕਿਹਾਕਿ ਇਨ੍ਹਾਂ ਝੁੱਗੀਆ ਕੋਲ ਗੰਦਗੀ ਕਾਰਨ ਇੰਨੀ ਬਦਬੂ ਫੈਲੀ ਹੋਈ ਹੈ ਕਿ ਇਥੋਂ ਲੰਘਣ ਵਾਲੇ ਲੋਕਾਂ ਨੂੰ ਆਪਣੇ ਨੱਕ ਬੰਦ ਕਰਕੇ ਲੰਘਣਾ ਪੈਦਾਂ ਹੈ। ਇਹੋ ਜਿਹੀਆਂ ਬਸਤੀਆਂ ਵਿਚ ਅਪਰਾਧਿਕ ਗਤੀਵਿਧਤੀਆਂ ਚਲਾਉਣ ਦੇ ਖ਼ਦਸ਼ਿਆਂ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਰਣਜੀਤ ਸਿੰਘ ਪਤਿਆਲਾਂ ਨੇ ਕਿਹਾ ਕਿ ਸਬੰਧਤ ਵਿਭਾਗ ਦੱਸਣ ਕਿ ਇਹ ਬਸਤੀ ਅਬਾਦ ਕਰਨ ਪਿੱਛੇ ਉਨ੍ਹਾਂ ਦੀ ਕੀ ਮਜਬੂਰੀ ਹੈ। ਉਨ੍ਹਾਂ ਕਿਹਾ ਕੀ ਇਹ ਬਸਤੀ ਰੂਪਨਗਰ ਸ਼ਹਿਰ ਦੇ ਮੱਥੇ ਉੱਤੇ ਇਕ ਵੱਡਾ ਕਲੰਕ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ, ਕਾਰਜ ਸਾਧਕ ਅਫ਼ਸਰ, ਰੂਪਨਗਰ ਅਤੇ ਕਾਰਜਕਾਰੀ ਇੰਜਨੀਅਰ, ਸਰਹਿੰਦ ਕੇਨਾਲ, ਰੂਪਨਗਰ ਨੂੰ ਵੀ ਲਿਖਤੀ ਜਾਣਕਾਰੀ ਦੇ ਦਿੱਤੀ ਗਈ ਹੈ। ਜੇਕਰ ਇਸ ’ਤੇ ਫੌਰੀ ਕੋਈ ਐਕਸ਼ਨ ਨਾ ਹੋਇਆ ਤਾਂ ਹਲਕਾ ਸੁਧਾਰ ਕਮੇਟੀ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਲੈ ਕੇ ਇਸ ਸਬੰਧੀ ਗਤੀਵਿਧੀਆਂ ਤੇਜ ਕਰੇਗੀ। ਇਸ ਮੌਕੇ ਤੇ ਸੁਰਿੰਦਰ ਸਿੰਘ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ ਭਾਊ ਨਸੀਬ ਸਿੰਘ ਫੌਜੀ, ਬਲਵਿੰਦਰ ਸਿੰਘ, ਜਥੇਦਾਰ ਰਣਜੀਤ ਸਿੰਘ ਅਤੇ ਇਕਬਾਲ ਸਿੰਘ ਦਬੁਰਜੀ ਹਾਜ਼ਰ ਸਨ।