ਮੋਰਿੰਡਾ 'ਚ ਥਾਰ ਸਵਾਰਾਂ ਵੱਲੋਂ ਬਲੈਰੋ ਦਾ ਪਿੱਛਾ, ਫਾਇਰਿੰਗ ਤੇ ਨੌਜਵਾਨ ਨੂੰ ਚੁੱਕਣ ਦੀ ਕੋਸ਼ਿਸ਼; ਮੁੱਖ ਮੁਲਜ਼ਮ ਗ੍ਰਿਫ਼ਤਾਰ
ਥਾਣਾ ਸਦਰ ਮੋਰਿੰਡਾ ਪੁਲਿਸ ਨੇ ਥਾਰ ਗੱਡੀ 'ਚ ਸਵਾਰ ਹੋ ਕੇ ਬਲੈਰੋ ਦਾ ਪਿੱਛਾ ਕਰਨ, ਫਾਇਰਿੰਗ ਕਰਨ ਅਤੇ ਇੱਕ ਵਿਅਕਤੀ ਨੂੰ ਜ਼ਬਰਦਸਤੀ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ
Publish Date: Wed, 05 Aug 2026 03:52 PM (IST)
Updated Date: Wed, 05 Aug 2026 03:58 PM (IST)
ਜੋਲੀ ਸੂਦ, ਮੋਰਿੰਡਾ : ਥਾਣਾ ਸਦਰ ਮੋਰਿੰਡਾ ਪੁਲਿਸ ਨੇ ਥਾਰ ਗੱਡੀ 'ਚ ਸਵਾਰ ਹੋ ਕੇ ਬਲੈਰੋ ਦਾ ਪਿੱਛਾ ਕਰਨ, ਫਾਇਰਿੰਗ ਕਰਨ ਅਤੇ ਇੱਕ ਵਿਅਕਤੀ ਨੂੰ ਜ਼ਬਰਦਸਤੀ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਵਾਰਦਾਤ ਵਿੱਚ ਵਰਤੀ ਗਈ 32 ਬੋਰ ਰਿਵਾਲਵਰ, 6 ਖੋਲ ਅਤੇ ਥਾਰ ਗੱਡੀ ਵੀ ਬਰਾਮਦ ਕਰ ਲਈ ਹੈ।
ਪੁਲਿਸ ਅਨੁਸਾਰ ਵਰਿੰਦਰ ਸਿੰਘ ਉਰਫ਼ ਮਾਵੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸਲੇਮਪੁਰ ਦੇ ਬਿਆਨਾਂ ਦੇ ਆਧਾਰ 'ਤੇ 4 ਅਗਸਤ ਨੂੰ ਥਾਣਾ ਸਦਰ ਮੋਰਿੰਡਾ ਵਿਖੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 109, 126(2), 140(1), 62, 324(4) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਕੇਸ ਦਰਜ ਕੀਤਾ ਗਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਸਾਥੀ ਹਰਜਿੰਦਰ ਸਿੰਘ ਉਰਫ਼ ਹੈਪੀ ਨਾਲ ਖਰੜ ਤੋਂ ਬਲੈਰੋ ਗੱਡੀ ਰਾਹੀਂ ਪਿੰਡ ਸਲੇਮਪੁਰ ਵਾਪਸ ਆ ਰਿਹਾ ਸੀ। ਰਸੂਲਪੁਰ ਗੁਰਦੁਆਰਾ ਸਾਹਿਬ ਨੇੜੇ ਇੱਕ ਥਾਰ ਗੱਡੀ ਨੇ ਤੇਜ਼ ਰਫ਼ਤਾਰ ਨਾਲ ਉਨ੍ਹਾਂ ਦੀ ਗੱਡੀ ਨੂੰ ਓਵਰਟੇਕ ਕਰਕੇ ਰਸਤਾ ਰੋਕ ਲਿਆ ਅਤੇ ਬਲੈਰੋ ਵੱਲ ਫਾਇਰਿੰਗ ਕੀਤੀ। ਇਸ ਤੋਂ ਬਾਅਦ ਦੋਵੇਂ ਸਾਥੀ ਆਪਣੀ ਗੱਡੀ ਲੈ ਕੇ ਸਲੇਮਪੁਰ ਪਹੁੰਚ ਗਏ ਪਰ ਥਾਰ ਸਵਾਰ ਉਨ੍ਹਾਂ ਦਾ ਪਿੱਛਾ ਕਰਦਾ ਹੋਇਆ ਪਿੰਡ ਤੱਕ ਆ ਗਿਆ।
ਸ਼ਿਕਾਇਤ ਮੁਤਾਬਕ ਪਿੰਡ ਵਿੱਚ ਥਾਰ ਚਾਲਕ ਨੇ ਆਪਣੀ ਗੱਡੀ ਬਲੈਰੋ ਨਾਲ ਟਕਰਾ ਦਿੱਤੀ ਅਤੇ ਹਰਜਿੰਦਰ ਸਿੰਘ ਉਰਫ਼ ਹੈਪੀ ਨੂੰ ਹਥਿਆਰ ਦਿਖਾ ਕੇ ਜ਼ਬਰਦਸਤੀ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ 2 ਤੋਂ 3 ਹੋਰ ਫਾਇਰ ਵੀ ਕੀਤੇ। ਦੋਵੇਂ ਵਿਅਕਤੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਸਵੀਰ ਸਿੰਘ ਉਰਫ਼ ਕਾਲਾ ਪੁੱਤਰ ਭਾਗ ਸਿੰਘ ਵਾਸੀ ਪਿੰਡ ਸਮਰੋਲੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ਵਿਚੋਂ ਵਾਰਦਾਤ ਵਿੱਚ ਵਰਤੀ ਗਈ 32 ਬੋਰ ਰਿਵਾਲਵਰ, 6 ਖੋਲ ਅਤੇ ਥਾਰ ਗੱਡੀ (ਨੰਬਰ PB65BF-7648) ਬਰਾਮਦ ਕੀਤੀ ਗਈ। ਮੁਲਜ਼ਮ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਹੈ ਅਤੇ ਉਸ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।