ਸੀਐੱਮ ਦੀ ਧੂਰੀ ਫੇਰੀ ਦੌਰਾਨ, ਕਾਂਗਰਸੀ ਆਗੂ ਘਰ ’ਚ ਕੀਤੇ ਨਜਰਬੰਦ ਸੀਐੱਮ ਦੀ ਧੂਰੀ ਫੇਰੀ ਦੌਰਾਨ, ਕਾਂਗਰਸੀ ਆਗੂ ਘਰ ’ਚ ਕੀਤੇ ਨਜਰਬੰਦ
Publish Date: Sat, 19 Sep 2026 04:02 PM (IST)
Updated Date: Sun, 20 Sep 2026 04:03 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਬਾਲੀਆਂ ਦੀ ਫੇਰੀ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਅਤੇ ਕਾਂਗਰਸੀ ਆਗੂ ਹਰਦੀਪ ਸਿੰਘ ਦੌਲਤਪੁਰ ਸਰਪੰਚ ਨੂੰ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਦੱਸ ਦੇਈਏ ਕਿ ਸਾਬਕਾ ਵਿਧਾਇਕ ਨੇ ਪਿਛਲੇ ਦਿਨੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਪਾ ਕੇ ਮੁੱਖ ਮੰਤਰੀ ਤੋਂ ਪੰਜ ਮਿੰਟ ਮਿਲਣ ਲਈ ਸਮਾਂ ਮੰਗਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਹਲਕੇ ਅਤੇ ਪੰਜਾਬ ਸਬੰਧੀ ਕੁਝ ਸਵਾਲ ਸੀਐੱਮ ਤੋ ਪੁੱਛਣਾ ਚਾਹੁੰਦੇ ਹਨ ਜੇਕਰ ਮੁੱਖ ਮੰਤਰੀ ਨੇ ਸਮਾਂ ਨਾ ਦਿੱਤਾ ਤਾਂ ਉਹ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਉਣਗੇ। ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਹੁਣ ਸਵਾਲਾਂ ਤੋਂ ਭੱਜ ਰਿਹਾ ਹੈ ,ਜੇਕਰ ਸਰਕਾਰ ਨੇ ਸਾਢੇ ਚਾਰ ਸਾਲਾਂ ਦੇ ਸਮੇਂ ਦੌਰਾਨ ਕੰਮ ਕੀਤੇ ਹਨ ਤਾਂ ਉਹ ਸਵਾਲਾਂ ਤੋਂ ਕਿਉਂ ਭੱਜ ਰਹੇ ਹਨ। ਉਨ੍ਹਾਂ ਨੇ ਤਾਂ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਆਪਣੇ ਸਵਾਲ ਪੁੱਛਣੇ ਸਨ। ਇਸ ਤਰਾਂ ਨਜ਼ਰਬੰਦ ਕਰਨਾ ਲੋਕਤੰਤਰ ਦਾ ਘਾਣ ਹੈ। ਇਸੇ ਤਰ੍ਹਾਂ ਹੀ ਕਾਂਗਰਸੀ ਆਗੂ ਸਰਪੰਚ ਹਰਦੀਪ ਸਿੰਘ ਦੌਲਤਪੁਰ ਨੂੰ ਵੀ ਘਰ ਵਿੱਚ ਨਜ਼ਰਬੰਦ ਕੀਤਾ ਗਿਆ। ਜਦੋਂ ਕਾਂਗਰਸੀ ਆਗੂ ਹਰਦੀਪ ਸਿੰਘ ਸਰਪੰਚ ਦੌਲਤਪੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਪੂਰਨ ਤਰੀਕੇ ਨਾਲ ਮੁੱਖ ਮੰਤਰੀ ਨੂੰ ਮਿਲ ਕੇ ਧੂਰੀ ਦੇ ਅਹਿਮ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਨਾ ਸੀ ਅਤੇ ਅਜਿਹਾ ਨਾ ਹੋਣ ਤੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨਾ ਸੀ। ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਜਦੋਂ ਧੂਰੀ ਸਿਟੀ ਦੇ ਐੱਸਐੱਚਓ ਰਮਨਦੀਪ ਬਾਵਾ ਅਤੇ ਥਾਣਾ ਸਦਰ ਦੇ ਐੱਸਐੱਚਓ ਕਰਨਵੀਰ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸਥਿਰ ਰੱਖਣ ਲਈ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।