- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਹਾਦਸੇ ਨੇ ਖੋਹ ਲਈ ਪੰਜਵੀਂ ਜਮਾਤ ਦੀ ਮਾਸੂਮ ਵਿਦਿਆਰਥਣ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ,
ਭਵਾਨੀਗੜ੍ਹ : ਭਵਾਨੀਗੜ੍ਹ ਇਲਾਕੇ ਦੇ ਪਿੰਡ ਰਾਜਪੁਰਾ ਵਿਖੇ ਸਵੇਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਸਾਣੀ ਦੀ ਪੰਜਵੀਂ ਜਮਾਤ ਦੀ ਮਾਸੂਮ ਵਿਦਿਆਰਥਣ ਦੀ ਮੌਤ ਹੋ ਜਾਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਕਰਮਵੀਰ ਕੌਰ ਪੁੱਤਰੀ ਪਵਨ ਸਿੰਘ ਵਾਸੀ ਪਿੰਡ ਰਾਜਪੁਰਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਰਮਵੀਰ ਕੌਰ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੀ ਮਾਤਾ ਅਤੇ ਛੋਟੇ ਭਰਾ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਸਕੂਲ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਅਚਾਨਕ ਵਾਪਰੇ ਸੜਕ ਹਾਦਸੇ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਸਰਕਾਰੀ ਪ੍ਰਾਇਮਰੀ ਸਕੂਲ ਮਸਾਣੀ ਦੀ ਅਧਿਆਪਕਾ ਰਾਜਵਿੰਦਰ ਕੌਰ ਨੇ ਦੱਸਿਆ ਕਿ ਕਰਮਵੀਰ ਕੌਰ ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸੀ। ਇਸ ਹਾਦਸੇ ਦੌਰਾਨ ਉਸ ਦਾ ਛੋਟਾ ਭਰਾ, ਜੋ ਕਿ ਇਸੇ ਸਕੂਲ ਵਿੱਚ ਪੜ੍ਹਦਾ ਹੈ, ਵੀ ਉਸ ਦੇ ਨਾਲ ਸੀ, ਜਦਕਿ ਸਕੂਟਰੀ ਚਲਾ ਰਹੀ ਉਸ ਦੀ ਮਾਤਾ ਜੀ ਵੀ ਜ਼ਖ਼ਮੀ ਹੋ ਗਏ।
ਇਸ ਮੰਦਭਾਗੀ ਘਟਨਾ ਤੋਂ ਬਾਅਦ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਮਾਪਿਆਂ ਅਤੇ ਇਲਾਕਾ ਵਾਸੀਆਂ ਵੱਲੋਂ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਿਸ ਉਮਰ ਵਿੱਚ ਬੱਚਿਆਂ ਨੇ ਪੜ੍ਹ-ਲਿਖ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਗੇ ਵਧਣਾ ਹੁੰਦਾ ਹੈ, ਉਸ ਉਮਰ ਵਿੱਚ ਮਾਸੂਮ ਕਰਮਵੀਰ ਕੌਰ ਦਾ ਇਸ ਦੁਨੀਆ ਤੋਂ ਚਲੇ ਜਾਣਾ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।