ਤਰਨਤਾਰਨ ‘ਚ 16 ਤੋਂ 30 ਨਵੰਬਰ ਤਕ ਚੱਲੇਗੀ ‘ਸਵੈ-ਗਣਨਾ ਮੁਹਿੰਮ’ ਤਰਨਤਾਰਨ ‘ਚ 16 ਤੋਂ 30 ਨਵੰਬਰ ਤਕ ਚੱਲੇਗੀ ‘ਸਵੈ-ਗਣਨਾ ਮੁਹਿੰਮ’
Publish Date: Fri, 13 Nov 2026 04:38 PM (IST)
Updated Date: Fri, 13 Nov 2026 04:39 PM (IST)
ਸਕੂਲਾਂ ’ਚ ਸਵੇਰ ਦੀ ਸਭਾ, ਪੋਸਟਰ ਮੇਕਿੰਗ ਮੁਕਾਬਲਿਆਂ ਅਤੇ ਪ੍ਰਚਾਰ ਵੈਨ ਰਾਹੀਂ ਕੀਤਾ ਜਾਵੇਗਾ ਜਾਗਰੂਕ, ਜ਼ਿਲ੍ਹੇ ਦੇ ਹਰੇਕ ਨਾਗਰਿਕ ਤਕ ਪਹੁੰਚਾਇਆ ਜਾਵੇਗਾ ਸੁਨੇਹਾ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਜ਼ਿਲ੍ਹੇ ’ਚ ਜਨਗਣਨਾ-2027 ਤਹਿਤ ‘ਸਵੈ-ਗਣਨਾ ਮੁਹਿੰਮ’ ਨੂੰ ਲੋਕ ਲਹਿਰ ਬਣਾਉਣ ਤੇ ਇਸ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਉਪ ਅਰਥ ਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ 16 ਤੋਂ 30 ਨਵੰਬਰ 2026 ਤਕ ਚੱਲਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਹਰੇਕ ਨਾਗਰਿਕ ਤਕ ਪਹੁੰਚ ਕਰਨ ਲਈ ਵਿਸਥਾਰਤ ਰੂਪ-ਰੇਖਾ ਤਿਆਰ ਕੀਤੀ ਗਈ, ਤਾਂ ਜੋ ਸਵੈ-ਗਣਨਾ ਰਾਹੀਂ ਦੇਸ਼ ਦੇ ਵਿਕਾਸ ਤੇ ਰਾਸ਼ਟਰ ਨਿਰਮਾਣ ’ਚ ਹਰੇਕ ਨਾਗਰਿਕ ਆਪਣਾ ਵੱਡਮੁੱਲਾ ਯੋਗਦਾਨ ਪਾ ਸਕੇ। ਇਸ ਮੀਟਿੰਗ ’ਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਸਵੈ-ਗਣਨਾ, ਤਰਨਤਾਰਨ ਰਜਿੰਦਰ ਕੌਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਪਬਲਿਸਿਟੀ, ਤਰਨਤਾਰਨ ਹਰਦੇਵ ਸਿੰਘ ਆਸੀ, ਸਹਾਇਕ ਜ਼ਿਲ੍ਹਾ ਨੋਡਲ ਇੰਚਾਰਜ ਪ੍ਰਾਇਮਰੀ ਪ੍ਰੇਮ ਸਿੰਘ ਤੇ ਬਰਿੰਦਰ ਸਿੰਘ ਲਹਿਰੀ ਅਤੇ ਸਹਾਇਕ ਜ਼ਿਲ੍ਹਾ ਨੋਡਲ ਇੰਚਾਰਜ ਸੈਕੰਡਰੀ ਬਰਿੰਦਰ ਸਿੰਘ ਲਹਿਰੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ----- ਬਾਕਸ: ਰਾਸ਼ਟਰ ਨਿਰਮਾਣ ’ਚ ਹਿੱਸੇਦਾਰ ਬਣਨ ਦੀ ਅਪੀਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਅਮਨਦੀਪ ਸਿੰਘ ਨੇ ਕਿਹਾ ਕਿ ਸਵੈ-ਗਣਨਾ ਦੇਸ਼ ਦੀਆਂ ਯੋਜਨਾਵਾਂ ਤੇ ਭਵਿੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ‘ਆਓ ਸਵੈ-ਗਣਨਾ ਕਰਕੇ ਰਾਸ਼ਟਰ ਨਿਰਮਾਣ ਚ ਯੋਗਦਾਨ ਪਾਈਏ’ ਦੇ ਨਾਅਰੇ ਤਹਿਤ ਜ਼ਿਲ੍ਹੇ ਦੇ ਹਰ ਪਰਿਵਾਰ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਮੀਨੀ ਪੱਧਰ ਤੇ ਪ੍ਰਚਾਰ ਤੇ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇ। -- ਬਾਕਸ : ਵਿੱਦਿਅਕ ਅਦਾਰਿਆਂ ’ਚ ਹੋਣਗੀਆਂ ਗਤੀਵਿਧੀਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ ਤੇ ਸਹਾਇਕ ਨੋਡਲ ਇੰਚਾਰਜਾਂ ਪ੍ਰੇਮ ਸਿੰਘ ਤੇ ਬੀਰਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ, ਅਰਧ-ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਰਾਹੀਂ ਇਸ ਮੁਹਿੰਮ ਦਾ ਸੁਨੇਹਾ ਘਰ-ਘਰ ਪਹੁੰਚਾਇਆ ਜਾਵੇਗਾ। ਸਕੂਲਾਂ ’ਚ ਰੋਜ਼ਾਨਾ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਸਵੈ-ਗਣਨਾ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾਣਗੇ, ਸਵੈ-ਗਣਨਾ ਨਾਲ ਸਬੰਧਿਤ ਨਾਟਕ ਕਰਵਾਏ ਜਾਣਗੇ, ਤਾਂ ਜੋ ਬੱਚੇ ਆਪਣੇ ਮਾਪਿਆਂ ਤੇ ਆਮ ਜਨਤਾ ਨੂੰ ਇਸ ਮੁਹਿੰਮ ’ਚ ਭਾਗ ਲੈਣ ਲਈ ਪ੍ਰੇਰਿਤ ਕਰ ਸਕਣ। -- ਬਾਕਸ: ਪ੍ਰਚਾਰ ਵੈਨ, ਸੋਸ਼ਲ ਮੀਡੀਆ ਤੇ ਫਲੈਕਸਾਂ ਰਾਹੀਂ ਹੋਵੇਗਾ ਜ਼ੋਰਦਾਰ ਪ੍ਰਚਾਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਨੇ ਦੱਸਿਆ ਕਿ ਮੁਹਿੰਮ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਲਈ ਵਿਆਪਕ ਪਬਲਿਸਿਟੀ ਪਲਾਨ ਤਿਆਰ ਕੀਤਾ ਗਿਆ ਹੈ। ਜ਼ਿਲ੍ਹੇ ’ਚ ਪ੍ਰਮੁੱਖ ਥਾਵਾਂ ’ਤੇ ਹੋਰਡਿੰਗਜ਼, ਬੈਨਰ ਤੇ ਫਲੈਕਸ ਲਗਾਏ ਜਾਣਗੇ। ਪੇਂਡੂ ਤੇ ਸ਼ਹਿਰੀ ਖੇਤਰਾਂ ’ਚ ਵਿਸ਼ੇਸ਼ ਪ੍ਰਚਾਰ ਵੈਨ ਚਲਾਈ ਜਾਵੇਗੀ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਲਗਾਤਾਰ ਡਿਜ਼ੀਟਲ ਸਮੱਗਰੀ ਸਾਂਝੀ ਕੀਤੀ ਜਾਵੇਗੀ। ਜ਼ਿਲ੍ਹੇ ਦੀਆਂ ਨਾਮਵਰ ਸ਼ਖ਼ਸੀਅਤਾਂ ‘ਇਨਫਲੂਐਂਸਰਜ਼, ਸੱਭਿਆਚਾਰਕ ਤੇ ਸਮਾਜਿਕ ਆਗੂਆਂ’ ਦੇ ਵੀਡੀਓ ਤੇ ਆਡੀਓ ਸੁਨੇਹਿਆਂ ਰਾਹੀਂ ਆਮ ਲੋਕਾਂ ਨੂੰ ਸਵੈ-ਗਣਨਾ ਕਰਨ ਦੀ ਅਪੀਲ ਕੀਤੀ ਜਾਵੇਗੀ। ਮੀਟਿੰਗ ਦੇ ਅਖ਼ੀਰ ’ਚ ਸਮੂਹ ਅਧਿਕਾਰੀਆਂ ਨੇ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ 16 ਤੋਂ 30 ਨਵੰਬਰ 2026 ਦੌਰਾਨ ਹੋਣ ਵਾਲੀ ਇਸ ਸਵੈ-ਗਣਨਾ ਮੁਹਿੰਮ ’ਚ ਉਤਸ਼ਾਹ ਨਾਲ ਹਿੱਸਾ ਲੈਣ ਤੇ ਆਪਣੇ ਪਰਿਵਾਰ ਦੀ ਜਾਣਕਾਰੀ ਦਰਜ ਕਰਵਾ ਕੇ ਇਕ ਜ਼ਿੰਮੇਵਾਰ ਸ਼ਹਿਰੀ ਹੋਣ ਦਾ ਸਬੂਤ ਦੇਣ।