- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਫ਼ਰੀਦ ਨੇ ਅਧਿਆਤਮਕ ਆਸ਼ੇ ਲਈ ਕੰਧਾਰ, ਮੱਕੇ ਤੇ ਬਗਦਾਦ ਆਦਿ ਥਾਵਾਂ ਉੱਪਰ ਯਾਤਰਾਵਾਂ ਕੀਤੀਆਂ। ਬਾਅਦ ’ਚ ਦਿੱਲੀ ਵਿਖੇ ਆਪਣੇ ਮੁਰਸ਼ਦ ਦੀ ਸੇਵਾ ਲਈ ਹੀ ਸਮਰਪਿਤ ਹੋ ਕੇ ਰਹਿਣ ਲੱਗ ਪਏ ਸਨ। ਉਥੋਂ ਉਨ੍ਹਾਂ ਦੇ ਮੁਰਸ਼ਦ ਨੇ ਆਪ ਜੀ ਨੂੰ ਹਾਂਸੀ ਭੇਜ ਦਿੱਤਾ, ਜਿੱਥੇ ਅਠਾਰਾਂ ਵਰ੍ਹੇ ਰਹਿ ਕੇ ਕਠੋਰ ਤਪੱਸਿਆ ਕਰਦੇ ਰਹੇ।

ਪੰਜਾਬੀ ਦੇ ਦਾਨਿਸ਼ਵਰ ਕਿੱਸਾ ਕਵੀ ਮੀਆਂ ਮੁਹੰਮਦ ਬਖ਼ਸ਼ ਪੰਜਾਬੀ ਸ਼ਾਇਰਾਂ ਬਾਰੇ ਕੁਝ ਸ਼ਿਅਰ ਆਖਦੇ ਹਨ। ਸ਼ੁਰੂ ਉਹ ਬਾਬਾ ਫ਼ਰੀਦ ਜੀ ਤੋਂ ਕਰਦੇ ਹਨ :-
ਅੱਵਲ ਸ਼ੇਖ ਫ਼ਰੀਦ ਸ਼ਕਰਗੰਜ,
ਆਰਿਫ਼ ਅਹਿਲ ਵਿਲਾਇਤ।
ਹਿਕ-ਹਿਕ ਸੁਖ਼ਨ ਜ਼ੁਬਾਨ ਓਹਦੀ ਦਾ,
ਰਾਹਬਰ ਰਾਹ-ਹਿਦਾਇਤ।
ਬਾਬਾ ਫ਼ਰੀਦ ਸ਼ਕਰਗੰਜ ਨੂੰ ਉਹ ਆਰਿਫ਼ ਅਹਿਲ ਵਿਲਾਇਤ ਆਖ ਕੇ ਉਨ੍ਹਾਂ ਨੂੰ ਆਰਿਫ਼ਾਨਾ ਤੇ ਰੱਬੀ ਵਲੀ ਵਾਲਾ ਦਰਜਾ ਐਲਾਨ ਦਿੰਦੇ ਹਨ। ਉਨ੍ਹਾਂ ਦੇ ਹਰ ਸੁਖ਼ਨ, ਸ਼ਬਦ ਨੂੰ ਸੱਚੀ ਰਹਿਬਰੀ ਕਰਨ ਵਾਲਾ ਮੰਨਦੇ ਹਨ। ਪੰਜਾਬੀ ਦੇ ਉੱਚਕੋਟੀ ਦੇ ਕਿੱਸਾਕਾਰ ਸੱਯਦ ਵਾਰਿਸ ਸ਼ਾਹ ਜਦੋਂ ਬਾਬਾ ਫ਼ਰੀਦ ਨੂੰ ਆਪਣੀ ਅਕੀਦਤ ਪੇਸ਼ ਕਰਦੇ ਹਨ ਤਾਂ ਉਨ੍ਹਾਂ ਦੇ ਖ਼ਾਨਦਾਨੀ ਵਡੱਪਣ, ਫ਼ਕੀਰੀ ਮੁਕਾਮ, ਪਰਉਪਕਾਰੀ ਨਿਮਰ ਸੁਭਾਅ ਤੇ ਕ੍ਰਿਸ਼ਮਈ ਵਿਚਰਨ ਨੂੰ ਯਾਦ ਕਰਦੇ ਹਨ:-
ਮੌਦੂਦ ਦਾ ਲਾਡਲਾ ਪੀਰ ਚਿਸ਼ਤੀ
ਸ਼ਕਰ ਗੰਜ ਮਸਉਦ ਭਰਪੂਰ ਹੈ ਜੀ,
ਖ਼ਾਨਦਾਨ ਵਿਚ ਚਿਸ਼ਤ ਦੇ ਕਾਮਲੀਅਤ
ਸ਼ਹਿਰ ਫ਼ਕਰ ਦਾ ਪਟਣ ਮਾਮੂਰ ਹੈ ਜੀ,
ਬਾਹੀਆਂ ਕੁਤਬਾਂ ਦੇ ਵਿਚ ਹੈ ਪੀਰ ਕਾਮਲ
ਜੈਂਦੀ ਆਜਜ਼ੀ ਜ਼ੁਹਦ ਮੰਜ਼ੂਰ ਹੈ ਜੀ,
ਸ਼ਕਰ ਗੰਜ ਨੇ ਆਣ ਮੁਕਾਮ ਕੀਤਾ,
ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ।
ਇਹ ਤਾਂ ਭਲੀਭਾਂਤ ਜ਼ਾਹਿਰ ਹੋ ਜਾਂਦਾ ਹੈ ਕਿ ਪੰਜਾਬੀ ਸਾਹਿਤ ਦੀ ਦੁਨੀਆ ’ਚ ਮੋਢੀ ਸੂਫ਼ੀ ਸ਼ਾਇਰ ਵਜੋਂ ਜਾਣੇ ਜਾਂਦੇ ਸ਼ੇਖ ਫ਼ਰੀਦ ਇਕ ਸ਼ਾਇਰ ਤੋਂ ਵੱਧ ਕੇ ਉੱਚ ਦਰਜੇ ਦੇ ਸੂਫ਼ੀ ਫ਼ਕੀਰ ਹੋਏ ਹਨ। ਆਪਣੀ ਬੰਦਗੀ, ਸ਼ਾਇਰੀ ਤੇ ਫ਼ਕੀਰੀ ਵਾਲੇ ਵਿਹਾਰ ਨਾਲ ਉਨ੍ਹਾਂ ਨੇ ਲੋਕਾਈ ਦੇ ਹਿਰਦਿਆਂ ਨੂੰ
ਇਲਾਹੀ ਮੁਹੱਬਤ ਨਾਲ ਜ਼ਰਖ਼ੇਜ਼ ਕੀਤਾ।
ਬਾਬਾ ਫ਼ਰੀਦ ਜੀ ਦਾ ਅਸਲ ਨਾਂ
ਬਾਬਾ ਫ਼ਰੀਦ ਜੀ ਦਾ ਪੂਰਾ ਨਾਂ ਖੁਆਜ਼ਾ ਫ਼ਰੀਦ ਉਦ-ਦੀਨ ਮਸਊਦ ਹੈ। ਮਿੱਠਤ ਭਰੀ ਜੀਵਨ-ਤਰਜ਼ ਸਦਕਾ ਇਸ ਮਹਾਪੁਰਸ਼ ਸੰਗ ਸ਼ਕਰਗੰਜ ਜਾਂ ਗੰਜ-ਏ-ਸ਼ਕਰ ਦਾ ਲਕਬ ਜੁੜਿਆ। ਛੋਟੇ ਹੁੰਦਿਆਂ ਬੰਦਗੀ ਦੇ ਮਾਰਗ ’ਤੇ ਤੋਰਨ ਵਾਲੀ ਇਕ ਕਥਾ ਨੇ ਜਨ ਮਾਨਸ ’ਚ ਇਹ ਲਕਬ ਦ੍ਰਿੜ ਕੀਤਾ। ਮਾਤਾ ਮਰੀਅਮ ਦੁਆਰਾ ਬਾਲ ਫ਼ਰੀਦ ਨੂੰ ਬੰਦਗੀ ਵੱਲ ਤੋਰਨ ਲਈ ਸ਼ੱਕਰ ਰੱਖਣ ਵਾਲੀ ਕਥਾ ਤੇ ਆਪ ਜੀ ਦੇ ਆਖੇ ਸ਼ੱਕਰ ਦਾ ਮੀਂਹ ਪੈਣ ਦੀ ਕਥਾ ਲੋਕਮਨ ਨੇ ਆਪਣੇ-ਆਪਣੇ ਅੰਦਾਜ਼ ’ਚ ਆਖੀਆਂ। ਲੋਕ ਧਾਰਾ ਦਾ ਪ੍ਰਵਾਹ ਇਉਂ ਹੀ ਚੱਲਦਾ ਰਹਿੰਦਾ ਹੈ। ਜੇ ਇਨ੍ਹਾਂ ਕਰਾਮਾਤਾਂ ਤੋਂ ਪਰ੍ਹਾਂ ਹੋ ਕੇ ਵੇਖੀਏ ਤਾਂ ਸ਼ਕਰਗੰਜ ਦਾ ਮੂਲ ਭਾਵ ਮਿਠਾਸ ਦਾ ਖ਼ਜ਼ਾਨਾ ਹੈ। ਬਾਬਾ ਫ਼ਰੀਦ ਦੀ ਸਿੱਖਿਆ, ਅਤਿ ਮਿੱਠੀ ਬੋਲ ਬਾਣੀ ਤੇ ਸੁਖ਼ਨਵਰੀ ਸਹਿਜੇ ਹੀ ਇਸ ਭਾਵ ਦੀ ਗਵਾਹੀ ਦੇ ਦਿੰਦੀਆਂ ਹਨ। ਉਨ੍ਹਾਂ ਦੁਆਰਾ ਬੰਦਗੀ ਕਰਦਿਆਂ, ਬੰਦਗੀ ਸਫ਼ਲ ਹੋਣ ਉਪਰੰਤ ਦੀਆਂ ਕਰਾਮਾਤੀ ਸਾਖੀਆਂ ਪੰਜਾਬੀ ਜਨ-ਜੀਵਨ ’ਚ ਸੰਚਾਰਿਤ ਹੋਈਆਂ। ਇਹ ਸਭ ਸਾਖੀਆਂ, ਕਥਾਵਾਂ ਸੁਣਦਿਆਂ-ਸੁਣਾਉਂਦਿਆਂ ਉਨ੍ਹਾਂ ਨੂੰ ਪੰਜਾਬੀਆਂ ਨੇ ਬੇਹੱਦ ਸ਼ਰਧਾ, ਪਿਆਰ ਤੇ ਸਤਿਕਾਰ ਅਰਪਿਆ।
ਰਾਜਨੀਤਕ ਤੌਰ ’ਤੇ ਪ੍ਰਭਾਵੀ ਮੁਕਾਮ ਰੱਖਦਾ ਸੀ ਖ਼ਾਨਦਾਨ
ਬਾਬਾ ਫ਼ਰੀਦ ਜੀ ਦੇ ਜਨਮ ਸਥਾਨ ਵਜੋਂ ਖੋਤਵਾਲ ਪਿੰਡ ਦਾ ਨਾਂ ਆਉਂਦਾ ਹੈ, ਜਿਸ ਨੂੰ ਹੁਣ ਚਾਵਲੀ ਸ਼ੇਖਾਂ ਕਹਿੰਦੇ ਹਨ, ਜਿਹੜਾ ਮੌਜੂਦਾ ਪਾਕਿਸਤਾਨ ਦੇ ਮੁਲਤਾਨ ਜ਼ਿਲ੍ਹੇ ’ਚ ਪੈਂਦਾ ਹੈ। ਤੁਰਕਾਂ ਦੀ ਸੱਤਾ ਵੇਲੇ ਆਪ ਜੀ ਦੇ ਦਾਦਾ ਜੀ ਕਾਬਲ ਦਾ ਮਾਰਧਾੜ ਵਾਲਾ ਧਰਾਤਲ ਛੱਡ ਕੇ ਕਸੂਰ ਆ ਟਿਕੇ ਸਨ। ਉਨ੍ਹਾਂ ਦੀ ਕਾਬਲੀਅਤ ਤੇ ਖ਼ਾਨਦਾਨੀ ਵਡਿਆਈ ਸਦਕਾ ਉਨ੍ਹਾਂ ਨੂੰ ਖੋਤਵਾਲ ਪਿੰਡ ਦੀ ਨਿਆਂਕਾਰੀ ਦਾ ਕਾਰਜ ਮਿਲ ਗਿਆ ਸੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸ਼ੇਖ਼ ਜਮਾਲੁਦੀਨ ਸੁਲੇਮਾਨ ਨੇ ਇਹ ਕਾਰਜਭਾਰ ਸਾਂਭਿਆ ਸੀ। ਸ਼ੇਖ਼ ਜਮਾਲੁਦੀਨ ਦੇ ਘਰ ਹੀ ਸ਼ੇਖ਼ ਫ਼ਰੀਦ ਜੀ ਦਾ ਜਨਮ ਹੋਇਆ। ਸ਼ੇਖ਼ ਜਮਾਲੁਦੀਨ ਸੁਲਤਾਨ ਮਹਿਮੂਦ ਗਜ਼ਨਵੀ ਦੇ ਭਤੀਜੇ ਲੱਗਦੇ ਸਨ (ਕੁਝ ਪੁਸਤਕਾਂ ’ਚ ਭਣੇਵੇਂ ਵੀ ਲਿਖਿਆ ਹੈ)। ਮਹਿਮੂਦ ਗਜ਼ਨਵੀ ਦੀ ਅਗਵਾਈ ਹੇਠ ਹੀ ਤੁਰਕਾਂ ਨੇ ਸਤਲੁਜ ਨਦੀ ਦੇ ਉੱਤਰ ਵਿਚ ਸਿੰਧ ਤੇ ਪੱਛਮ ’ਚ ਇਸਲਾਮੀ ਰਾਜ ਸਥਾਪਿਤ ਕੀਤਾ ਸੀ। ਸ਼ੇਖ਼ ਫ਼ਰੀਦ ਜੀ ਦੇ ਮਾਤਾ ਦਾ ਜਨਮ ਚਾਹੇ ਅਬਦੁੱਲਾ ਸ਼ਾਹ ਦੇ ਘਰ ਹੋਇਆ ਸੀ ਪਰ ਗੋਦ ਲੈ ਕੇ ਪਾਲਿਆ ਵਜੀਹੁਦੀਨ ਖੁਜੰਦੀ ਦੇ ਪਰਿਵਾਰ ਨੇ ਸੀ, ਜਿਨ੍ਹਾਂ ਦਾ ਪੀੜ੍ਹੀ ਨਾਤਾ ਹਜ਼ਰਤ ਮੁਹੰਮਦ ਸਾਹਿਬ ਦੇ ਘਰਾਣੇ ਨਾਲ ਜੁੜਦਾ ਸੀ। ਪਰਿਵਾਰਕ ਨਾਤਿਆਂ ਤੇ ਮਾਹੌਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਬਾਬਾ ਫ਼ਰੀਦ ਦਾ ਖ਼ਾਨਦਾਨ ਰਾਜਨੀਤਕ ਤੌਰ ’ਤੇ ਆਪਣਾ ਪ੍ਰਭਾਵੀ ਮੁਕਾਮ ਰੱਖਦਾ ਸੀ, ਉਥੇ ਧਰਮ ਤੇ ਅਧਿਆਤਮ ਦੇ ਪੱਖ ਤੋਂ ਵੀ ਪੈਗ਼ੰਬਰੀ ਨਾਤਾ ਰੱਖਦਾ ਸੀ।
ਮਾਤਾ ਮਰੀਅਮ ਤੇ ਅਧਿਆਤਮਕ ਰਹਿਬਰਾਂ ਦਾ ਯੋਗਦਾਨ
ਬਾਬਾ ਫ਼ਰੀਦ ਜੀ ਦੇ ਅਧਿਆਤਮਕ ਵਿਕਾਸ ’ਚ ਮਾਤਾ ਮਰੀਅਮ ਦਾ ਯੋਗਦਾਨ ਸਭ ਤੋਂ ਵਧੀਕ ਮੰਨਿਆ ਜਾਂਦਾ ਹੈ। ਮਾਤਾ ਮਰੀਅਮ ਨਾਲ ਸਬੰਧਿਤ ਕਹਾਣੀ ਪ੍ਰਚੱਲਿਤ ਹੈ ਕਿ ਜਦੋਂ ਬਾਲ ਫ਼ਰੀਦ ਖ਼ੁਦਾ ਦੀ ਬੰਦਗੀ ’ਚ ਬੈਠਦੇ ਤਾਂ ਉਹ ਉਨ੍ਹਾਂ ਕੋਲ ਸ਼ੱਕਰ ਰੱਖ ਦਿੰਦੇ ਸਨ। ਭੁਲੇਖਾ ਇਹ ਪਾਇਆ ਜਾਂਦਾ ਸੀ ਕਿ ਖ਼ੁਦਾ ਆਪਣੀ ਬੰਦਗੀ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਦੀ ਸ਼ੱਕਰ ਦੀ ਭੇਟ ਦਿੰਦਾ ਹੈ। ਬਾਬਾ ਫ਼ਰੀਦ ਉੱਪਰ ਮੁੱਢਲੀ ਪ੍ਰਭਾਵੀ ਕਿਰਪਾ ਦ੍ਰਿਸ਼ਟੀ ਜਿਸ ਅਧਿਆਤਮਕ ਪੁਰਸ਼ ਦੀ ਹੋਈ, ਉਹ ਸ਼ੇਖ-ਜਲਾਲੂਦੀਨ ਤਬਰੇਜ਼ੀ ਸਨ। ਬਾਅਦ ’ਚ ਮੁਲਤਾਨ ਵਿਚ ਪਹੁੰਚ ਕੇ ਬਾਬਾ ਫ਼ਰੀਦ ਨੇ ਸ਼ੇਖ਼-ਬਹਊਦੀਨ-ਜ਼ਕਰੀਆ ਪਾਸੋਂ ਵੀ ਧਾਰਮਿਕ ਵਿੱਦਿਆ ਪ੍ਰਾਪਤ ਕੀਤੀ। ਸ਼ੇਖ-ਬਹਾਊਦੀਨ-ਜ਼ਕਰੀਆ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਖ਼ੁਦ ਵੀ ਬਹੁਤ ਪ੍ਰਭਾਵਿਤ ਹੋਏ ਕਿਉਂਕਿ ਉਨ੍ਹਾਂ ਨੇ ਛੋਟੀ ਉਮਰ ’ਚ ਹੀ ਸਾਰਾ ਕੁਰਾਨ ਜ਼ੁਬਾਨੀ ਯਾਦ ਕਰ ਰੱਖਿਆ ਸੀ। ਅਠਾਰਾਂ ਵਰ੍ਹਿਆਂ ਦੀ ਉਮਰ ’ਚ ਉਨ੍ਹਾਂ ਦੀ ਭੇਟ ਸ਼ੇਖ਼-ਕੁਤਬੁਦੀਨ-ਬਖ਼ਤਿਆਰ-ਕਾਕੀ ਨਾਲ ਹੋਈ, ਜਿਨ੍ਹਾਂ ਨੂੰ ਉਨ੍ਹਾਂ ਨੇ ਮੁਰਸ਼ਦ ਧਾਰ ਲਿਆ।
ਪਰਿਵਾਰਕ ਜੀਵਨ
ਬਾਬਾ ਫ਼ਰੀਦ ਜੀ ਦੀਆਂ ਤਿੰਨ ਸ਼ਾਦੀਆਂ ਦਾ ਵਰਣਨ ਮਿਲਦਾ ਹੈ। ਉਨ੍ਹਾਂ ਦੇ ਨਾਂ ਨਜ਼ੀਰ-ਉਲ-ਨਿਸਾਹ, ਜਮੀਲਾ ਖਾਤੂਨ ਤੇ ਬੀਬੀ ਹਜ਼ਬਰਾ ਸਨ। ਤਿੰਨਾਂ ਦੇ ਵਿਆਹਾਂ ਨਾਲ ਹੀ ਕਰਾਮਾਤੀ ਘਟਨਾਵਾਂ ਜੁੜੀਆਂ ਹਨ। ਬੀਬੀ ਹਜ਼ਬਰਾ ਜਿਹੜੀ ਸੁਲਤਾਨ ਗਿਆਸੂਦੀਨ-ਬਲਬਨ ਦੀ ਸ਼ਹਿਜ਼ਾਦੀ ਸੀ, ਉਸ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਇਸ ਸ਼ਾਦੀ ਬਾਰੇ ਇਕ ਬੜਾ ਰੌਚਕ ਤੱਥ ਹੈ ਕਿ ਜਦੋਂ ਬੀਬੀ ਹਜ਼ਬਰਾ ਨੇ ਸ਼ਾਹੀ ਠਾਠ-ਬਾਠ ਦੇ ਲਿਬਾਸ ਪਹਿਨ ਕੇ ਆਪ ਕੋਲ ਆਉਣਾ ਚਾਹਿਆ ਤਾਂ ਬਾਬਾ ਫ਼ਰੀਦ ਨੇ ਉਸ ਨੂੰ ਪਹਿਲਾਂ ਆਪਣੇ ਸਾਰੇ ਗਹਿਣੇ, ਹੀਰੇ ਜਵਾਹਰਾਤ ਗ਼ਰੀਬਾਂ ਦੀ ਲੋੜ ਪੂਰਤੀ ਦੇ ਲੇਖੇ ਲਾ ਕੇ ਦਰਵੇਸ਼ਾਂ ਵਾਲਾ ਜੀਵਨ ਅਪਣਾਉਣ ਦੀ ਆਦੇਸ਼ਨਾ ਦਿੱਤੀ। ਉਨ੍ਹਾਂ ਨੇ ਬਾਬਾ ਫ਼ਰੀਦ ਦੀ ਦਰਵੇਸ਼ੀ ਦੀ ਲੀਹ ’ਤੇ ਚੱਲ ਕੇ ਉਸੇ ਤਰ੍ਹਾਂ ਹੀ ਕਰ ਵਿਖਾਇਆ। ਉਨ੍ਹਾਂ ਦੇ ਘਰ ਪੰਜ ਪੁੱਤਰ ਤੇ ਤਿੰਨ ਪੁੱਤਰੀਆਂ ਨੇ ਜਨਮ ਲਿਆ। ਖ਼ਵਾਜ਼ਾ-ਨਸੀਰੂਦੀਨ, ਖ਼ਵਾਜ਼ਾ-ਸਹਾਬੂਦੀਨ, ਖ਼ਵਾਜ਼ਾ-ਬਦਰੂਦੀਨ-ਸੁਲੇਮਾਨ, ਖ਼ਵਾਜ਼ਾ ਨਿਜਾਮਦੀਨ ਤੇ ਖ਼ਵਾਜ਼ਾ-ਯਕੂਬ ਨੇ ਜਨਮ ਲਿਆ। ਤਿੰਨ ਪੁੱਤਰੀਆਂ ਬੀਬੀ ਮਸਤੂਰ, ਬੀਬੀ ਸ਼ਰੀਫਾਂ ਤੇ ਬੀਬੀ ਫਾਤਮਾ ਸਨ।
ਅਧਿਆਤਮਕ ਯਾਤਰਾਵਾਂ ਤੇ ਰਹਿਣ ਬਸੇਰੇ
ਬਾਬਾ ਫ਼ਰੀਦ ਨੇ ਅਧਿਆਤਮਕ ਆਸ਼ੇ ਲਈ ਕੰਧਾਰ, ਮੱਕੇ ਤੇ ਬਗਦਾਦ ਆਦਿ ਥਾਵਾਂ ਉੱਪਰ ਯਾਤਰਾਵਾਂ ਕੀਤੀਆਂ। ਬਾਅਦ ’ਚ ਦਿੱਲੀ ਵਿਖੇ ਆਪਣੇ ਮੁਰਸ਼ਦ ਦੀ ਸੇਵਾ ਲਈ ਹੀ ਸਮਰਪਿਤ ਹੋ ਕੇ ਰਹਿਣ ਲੱਗ ਪਏ ਸਨ। ਉਥੋਂ ਉਨ੍ਹਾਂ ਦੇ ਮੁਰਸ਼ਦ ਨੇ ਆਪ ਜੀ ਨੂੰ ਹਾਂਸੀ ਭੇਜ ਦਿੱਤਾ, ਜਿੱਥੇ ਅਠਾਰਾਂ ਵਰ੍ਹੇ ਰਹਿ ਕੇ ਕਠੋਰ ਤਪੱਸਿਆ ਕਰਦੇ ਰਹੇ। ਜਦੋਂ ਖ਼ਵਾਜ਼ਾਦੀਨ-ਬਖ਼ਤਿਆਰ-ਕਾਕੀ ਦਾ ਦੇਹਾਂਤ ਹੋ ਗਿਆ ਤਾਂ ਆਪ ਜੀ ਨੂੰ ਦਿੱਲੀ ’ਚ ਹੀ ਚਿਸ਼ਤੀ ਸਿਲਸਿਲੇ ਦਾ ਮੁਖੀ ਥਾਪਿਆ ਗਿਆ ਪਰੰਤੂ ਆਪ ਦਿੱਲੀ ਦੇ ਵਾਤਾਵਰਣ ’ਚੋਂ ਨਿਕਲ ਇਕਾਂਤ ਵਿਚ ਰਹਿਣਾ ਚਾਹੁੰਦੇ ਸਨ। ਇਸੇ ਲਈ ਉੱਥੋਂ ਮੁੜ ਖੋਤਵਾਲ ਚਲੇ ਗਏ ਤੇ ਫਿਰ ਪਾਕਪਟਨ ਦੇ ਨੇੜੇ ਅਯੋਧਨ ਵਿਖੇ ਪੱਕਾ ਟਿਕਾਣਾ ਕਰ ਲਿਆ। ਇੱਥੇ ਰਹਿੰਦਿਆਂ ਉਨ੍ਹਾਂ ਦੀ ਮਾਣ ਵਡਿਆਈ ਦੂਰ-ਦੂਰ ਤੱਕ ਫੈਲ ਗਈ। ਬਹੁਤ ਸਾਰੇ ਸ਼ਾਹੀ ਘਰਾਣੇ ਤੇ ਉਨ੍ਹਾਂ ਨਾਲ ਸਬੰਧਿਤ ਲੋਕ ਉਨ੍ਹਾਂ ਦੇ ਸੇਵਕ ਬਣਨੇ ਸ਼ੁਰੂ ਹੋਏ। ਅਰਬੀ, ਫ਼ਾਰਸੀ ਤੇ ਪੰਜਾਬੀ ਦੀਆਂ ਭਾਸ਼ਾਵਾਂ ’ਚ ਉਹ ਨਿਰੰਤਰ ਉਪਦੇਸ਼ ਦਿੰਦੇ ਰਹੇ। ਸੰਨ 1266 ’ਚ ਆਪ ਜੋਤੀ ਜੋਤਿ ਸਮਾ ਗਏ। ਅਲਵਿਦਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਸ਼ੇਖ਼-ਮੁਹੰਮਦ-ਕਿਰਮਾਨੀ ਨੂੰ ਆਪਣਾ ਚੋਲਾ, ਆਸਾ ਤੇ ਚਟਾਈ ਦੇ ਕੇ ਸ਼ੇਖ-ਨਿਜਾਮੁਦੀਨ-ਔਲੀਆ ਕੋਲ ਭੇਜ ਦਿੱਤਾ ਸੀ। ਸ਼ੇਖ-ਨਿਜਾਮੁਦੀਨ-ਔਲੀਆ ਉਸ ਸਮੇਂ ਦਿੱਲੀ ਰਹਿ ਰਹੇ ਸਨ। ਬਾਬਾ ਫ਼ਰੀਦ ਨੇ ਉਨ੍ਹਾਂ ਨੂੰ ਆਪਣਾ ਜਾਨਸ਼ੀਨ ਥਾਪਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਮਿਲਦੀ ਫ਼ਰੀਦ ਬਾਣੀ ਦਾ ਜਲੌਅ
ਬਾਬਾ ਫ਼ਰੀਦ ਜੀ ਦੁਆਰਾ ਲਿਖੇ ਕਾਵਿ ਬਾਰੇ ਖੋਜੀਆਂ ਨੇ ਅਲੱਗ-ਅਲੱਗ ਪਾਠ ਲੱਭੇ ਹਨ। ਪੰਜਾਬੀਆਂ ਲਈ ਸਭ ਤੋਂ ਵਧੀਕ ਪ੍ਰਮਾਣਿਕਤਾ ਤੇ ਸਵੀਕ੍ਰਿਤੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸ਼ਾਮਿਲ ਸ਼ਬਦ ਤੇ ਸਲੋਕਾਂ ਨੂੰ ਹੀ ਮਿਲੀ। ਸ਼ਬਦਾਂ ਦੀ ਗਿਣਤੀ ਕੇਵਲ 4 ਹੈ ( ਦੋ ਆਸਾ ਰਾਗ ਵਿਚ 488 ਅੰਗ ’ਤੇ ਅਤੇ ਦੋ ਸੂਹੀ ਰਾਗ ਵਿਚ 794 ਅੰਗ ’ਤੇ), ਸ਼ਲੋਕਾਂ ਦੀ ਗਿਣਤੀ 112 ਹੈ, ਜੋ ਅੰਗ 1377 ਤੋਂ 1384 ਉੱਪਰ ਸ਼ੁਸ਼ੋਭਿਤ ਹਨ। ਗੁਰੂ ਸਾਹਿਬਾਨਾਂ ਦੁਆਰਾ ਇਨ੍ਹਾਂ ਸ਼ਲੋਕਾਂ ਸੰਗ ਰਚਾਇਆ ਰੂਹਾਨੀ ਸੰਵਾਦ ਵੀ ਬਾਕਾਮਾਲ ਹੈ। ਇਹ ਸੰਵਾਦ ਵੱਡੇ ਪੁਰਸ਼ਾਂ ਦੀਆਂ ਦੇਹਾਂ ਤੋਂ ਪਾਰ ਦੀ ਅੰਤ੍ਰੀਵੀ, ਉੱਚ ਚੇਤਨਾਤਮਕ ਸਾਂਝ ਦਾ ਅਦਭੁੱਤ ਨਮੂਨਾ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਵਿਚਲੀ ਸਰਲਤਾ, ਡੂੰਘੀਆਂ ਰਮਜ਼ਾਂ ਆਖਣ ਲਈ ਲੋਕ ਜੀਵਨ ਵਿੱਚੋਂ ਲਏ ਜੀਵੰਤ ਬਿੰਬਾਂ, ਪ੍ਰਤੀਕਾਂ ਤੇ ਲੋਕਧਾਰਾਈ ਮੁਹਾਵਰੇ ਸਦਕਾ ਪੰਜਾਬੀ ਰੂਹ ਨੇ ਇਸ ਨੂੰ ਧੁਰ ਤੱਕ ਆਪਣੇ ਅੰਦਰ ਸਮੋ ਲਿਆ। ਅਖਾਉਤਾਂ ਵਾਂਗ ਆਪਣੀ ਜ਼ੁਬਾਨ ਉਪਰ ਰੱਖ ਲਿਆ।
ਫ਼ਰੀਦਕੋਟ ਸ਼ਹਿਰ ’ਚ ਆਗਮਨ ਉਰਸ ਦੀ ਆਰੰਭਤਾ
ਬਾਬਾ ਫ਼ਰੀਦ ਦਾ ਜੀਵਨ ਕਾਲ 1173 ਤੋਂ 1265-66 ਤੱਕ ਦਾ ਮੰਨਿਆ ਗਿਆ ਹੈ। ਇਸ ਉਚੇਰੀ ਸਿਫ਼ਤ ਵਾਲੇ ਸੂਫ਼ੀ ਫ਼ਕੀਰ ਦੀਆਂ ਅਜ਼ਮਤੀ ਪੈੜਾਂ ਦਾ ਲੋਕ ਇਤਿਹਾਸ ਸੁਨਹਿਰੀ ਨਕਸ਼ ਬਣ ਕੇ ਲੋਕ ਹਿਰਦਿਆਂ ’ਚ ਉਕਰਿਆ ਗਿਆ। ਪੰਜਾਬ ਦੇ ਮਾਲਵੇ ਖੇਤਰ ’ਚ ਫ਼ਰੀਦਕੋਟ ਸ਼ਹਿਰ ਨੂੰ ਬਾਬਾ ਫ਼ਰੀਦ ਜੀ ਦੁਆਰਾ ਵਰੋਸਾਇਆ ਹੀ ਮੰਨਿਆ ਗਿਆ। ਇਹ ਮਾਨਤਾ ਵਕਤ ਦੀਆਂ ਹਨੇਰੀਆਂ, ਰਾਜਾਸ਼ਾਹੀ ਦੀ ਮੰਦਬੁੱਧੀ ਦੀ ਸ਼ਿਕਾਰ ਵੀ ਹੁੰਦੀ ਰਹੀ ਪਰ ਸਾਡੇ ਸਮਿਆਂ ਤੱਕ ਅੱਪੜਦੀ ਹੋਈ ਇਹ ਮਾਨਤਾ ਆਪਣਾ ਸ਼ਾਨਾਮੱਤਾ ਜਲੌਅ ਸਿਰਜ ਚੁੱਕੀ ਹੈ। ਬਾਬਾ ਫ਼ਰੀਦ ਜੀ ਦੇ ਫ਼ਰੀਦਕੋਟ ਆਗਮਨ ਦਿਵਸ ਨੂੰ ਸਰਬ-ਸੰਮਤੀ ਨਾਲ 23 ਸਤੰਬਰ 1215 ਮੰਨ ਕੇ ਪਹਿਲਾ ਸਮਾਗਮ 23 ਸਤੰਬਰ 1970 ਵਿਚ ਆਯੋਜਿਤ ਕੀਤਾ ਗਿਆ। 1986 ਤੋਂ ਏਥੇ ਵੱਡਾ ਸਭਿਆਚਾਰਕ ਉਤਸਵ ਮਨਾਇਆ ਜਾਣਾ ਸ਼ੁਰੂ ਹੋਇਆ। ਵੱਖ-ਵੱਖ ਸਭਿਆਚਾਰਕ ਪ੍ਰੋਗਰਾਮਾਂ ਤੇ ਖੇਡਾਂ ਦੇ ਨਾਲ ਕੀਰਤਨ ਦਰਬਾਰ, ਕੱਵਾਲੀ, ਕਵੀ ਦਰਬਾਰ, ਨਾਟਕ ਮੇਲਾ, ਸੈਮੀਨਾਰ, ਪੁਸਤਕ ਮੇਲਾ ਤੇ ਕਈ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਆਰੰਭ ਹੋਈਆਂ। ਭਾਰਤ ਸਰਕਾਰ ਵੱਲੋਂ ਇਸ ਉਰਸ ਨੂੰ ਕੌਮੀ ਮੇਲੇ ਵਜੋਂ ਮਾਨਤਾ ਮਿਲ ਗਈ।
ਟਿੱਲਾ ਬਾਬਾ ਫ਼ਰੀਦ ਤੇ ਗੁਰਦੁਆਰਾ ਗੋਦੜੀ ਸਾਹਿਬ
ਮੰਨਿਆ ਜਾਂਦਾ ਹੈ ਕਿ ਮੋਕਲਸੀ ਰਾਜੇ ਨਾਲ ਸੰਵਾਦ ਤੇ ਲੋਕਾਈ ਦੀ ਬੇਨਤੀ ਉਪਰੰਤ ਬਾਬਾ ਫ਼ਰੀਦ ਨੇ ਜਿਸ ਜਗ੍ਹਾ ’ਤੇ ਚਾਲੀ ਦਿਨ ਬੰਦਗੀ ਕੀਤੀ। ਚਲੀਹਾ ਕੱਟਣ ਕਰ ਕੇ ਉਸ ਥਾਂ ਦਾ ਨਾਂ ਚਿੱਲਾ ਬਾਬਾ ਫ਼ਰੀਦ ਤੇ ਕੁਝ ਵੱਲੋਂ ਟਿੱਲਾ ਬਾਬਾ ਫ਼ਰੀਦ ਪੁਕਾਰਿਆ ਗਿਆ। ਲੰਮਾ ਸਮਾਂ ਇਹ ਸਥਾਨ ਅਣਗੌਲਿਆ ਪਿਆ ਰਿਹਾ। ਸ੍ਰ. ਇੰਦਰਜੀਤ ਸਿੰਘ ਸੇਖੋਂ ਐਡਵੋਕੇਟ (ਖ਼ਾਲਸਾ) ਦੁਆਰਾ ਸਥਾਪਤ ਸੁਸਾਇਟੀ ਨੇ ਇਸ ਦਾ ਵਿਸ਼ੇਸ਼ ਵਿਕਾਸ ਕਰਵਾਇਆ। ਇਉਂ ਹੀ ਬਾਬਾ ਫ਼ਰੀਦ ਦੁਆਰਾ ਆਪਣੀ ਗੋਦੜੀ ਉਤਾਰ ਕੇ ਰੱਖੀ ਗਈ ਜਗ੍ਹਾ ਦਾ ਪ੍ਰਤਾਪ ਵੀ ਇਸੇ ਸੁਸਾਇਟੀ ਦੇ ਵਿਸ਼ੇਸ਼ ਯਤਨਾਂ ਸਦਕਾ ਹੋਇਆ। ਗੋਦੜੀ ਸਾਹਿਬ ਗੁਰਦੁਆਰਾ ਤੇ ਸਰੋਵਰ ਦੀ ਧਰਮ-ਨੇਮ, ਪਵਿੱਤਰਤਾ ਪੱਖ ਤੋਂ ਅੰਦਰੂਨੀ ਤੇ ਬਾਹਰੀ ਪ੍ਰਭਾਵੀ ਦਿੱਖ ਦੀ ਉਸਾਰੀ ਵਕਤ-ਵਕਤ ’ਤੇ ਸੁਸਾਇਟੀ ਦੀ ਦ੍ਰਿੜਤਾ, ਆਸਥਾ ਤੇ ਪ੍ਰਸ਼ਾਸਨਿਕ, ਰਾਜਨੀਤਕ ਪਹੁੰਚ ਸਦਕਾ ਸਾਹਮਣੇ ਆਉਂਦੀ ਰਹੀ। ਹੁਣ ਇਹ ਧਾਰਮਿਕ ਆਸਥਾ ਤੇ ਸਮਾਜਿਕ ਰਸਮਾਂ ਲਈ ਵਿਸ਼ੇਸ਼ ਸਥਾਨ ਬਣ ਚੁੱਕਿਆ ਹੈ।
ਗ਼ਰੀਬ ਵਿਦਿਆਰਥੀਆਂ ਦੀ ਭਲਾਈ ’ਤੇ ਲਾਉਣੀ ਸ਼ੁਰੂ ਕੀਤੀ ਆਮਦਨ
ਸੁਸਾਇਟੀ ਦੁਆਰਾ ਵਿੱਦਿਅਕ ਸੰਸਥਾਵਾਂ (ਸਕੂਲ ਤੇ ਕਾਲਜ ) ਦੀ ਉਸਾਰੀ ਕਰਵਾ ਕੇ ਇਸ ਸ਼ਹਿਰ ਨੂੰ ਇਕੇਰਾਂ ਹੀ ਸੰਸਾਰ ਪੱਧਰ ਉੱਪਰ ਵਿਸ਼ੇਸ਼ ਦਿੱਖ ਦਿਵਾ ਦਿੱਤੀ। ਇਹ ਸਭ ਬਾਬਾ ਫ਼ਰੀਦ ਜੀ ਦੇ ਨਾਂ ਉੱਪਰ ਹੋਈ ਹਾਂ ਪੱਖੀ ਮਾਨਵ ਪੱਖੀ ਸਿਰਜਣਾ ਦਾ ਮੁਜੱਸਮਾ ਕਿਹਾ ਜਾ ਸਕਦਾ ਹੈ। ਬਾਬਾ ਫ਼ਰੀਦ ਦੇ ਨਾਮ ਉੱਪਰ ਹੀ ਫ਼ਰੀਦਕੋਟ ਵਿਖੇ ਮੈਡੀਕਲ ਸਾਇੰਸ ਦੀ ਯੂਨੀਵਰਸਿਟੀ ਬਣੀ। ਹੋਰ ਬਹੁਤ ਸਾਰੇ ਨਿੱਜੀ ਅਦਾਰੇ, ਦੁਕਾਨਾਂ, ਸੇਵਾ ਸੰਸਥਾਵਾਂ, ਕਲੱਬਾਂ ਦੇ ਨਾਂ ਵੀ ਬਾਬਾ ਫ਼ਰੀਦ ਦੇ ਨਾਂ ਨਾਲ ਜੁੜਨ ਲੱਗੇ। ਇਉਂ ਫ਼ਰੀਦਕੋਟ ਸ਼ਹਿਰ ਆਪਣੇ ਨਾਮਕਰਨ ਤੋਂ ਲੈ ਕੇ ਬਹੁਪੱਖੀ ਵਿਕਾਸ ਤੇ ਆਸਥਾ ਸੰਗ ਸਰਾਭੌਰ ਹੋਇਆ। ਸਭ ਤੋਂ ਵੱਡੀ ਮੁੱਲਵਾਨ ਪਹਿਲਕਦਮੀ ਬਾਬਾ ਫ਼ਰੀਦ ਦੇ ਨਾਂ ਉੱਪਰ ਉੱਚਪਾਇ ਦੇ ਵਿੱਦਿਅਕ ਅਤੇ ਹੋਰ ਸੇਵਾ ਕਾਰਜਾਂ ਦੀ ਆਰੰਭਤਾ ਨਾਲ ਹੋਈ, ਜਿਸ ਦਾ ਮੁਕੰਮਲ ਸਿਹਰਾ ਇੱਥੋਂ ਦੇ ਮੁੱਖ ਸੇਵਾਦਾਰ ਸ੍ਰ. ਇੰਦਰਜੀਤ ਸਿੰਘ ਖ਼ਾਲਸਾ ਨੂੰ ਜਾਂਦਾ ਹੈ। ਉਨ੍ਹਾਂ ਦਾ ਅਕਾਲ ਚਲਾਣਾ ਬਹੁਤ ਵੱਡਾ ਖੱਪਾ ਛੱਡ ਗਿਆ। ਇਸ ਨੂੰ ਪੂਰਨ ਲਈ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਸਿਮਰਜੀਤ ਸਿੰਘ ਸੇਖੋਂ, ਪੋਤਰੇ ਐਡਵੋਕੇਟ ਗੁਰਜਾਪ ਸਿੰਘ ਸੇਖੋਂ, ਡਾ.ਗੁਰਿੰਦਰਮੋਹਨ ਸਿੰਘ , ਸ. ਸੁਰਿੰਦਰ ਸਿੰਘ ਰੋਮਾਣਾ ਤੇ ਇਨ੍ਹਾਂ ਸੰਗ ਜੁੜੇ ਫ਼ਿਕਰਮੰਦ ਸੁਸਾਇਟੀ ਮੈਂਬਰ ਆਪਣੀ ਆਪਣੀ ਪ੍ਰਤਿਭਾ ਤੇ ਸਮਰੱਥਾ ਅਨੁਸਾਰ ਸਿਰਤੋੜ ਯਤਨ ਕਰ ਰਹੇ ਹਨ। ਇਨ੍ਹਾਂ ਵੇਲਿਆਂ ’ਚ ਇਸ ਸੁਸਾਇਟੀ ਨੇ ਪ੍ਰਤਿਭਾਸ਼ਾਲੀ ਲੋੜਵੰਦ ਵਿਦਿਆਰਥੀਆਂ ਦੀ ਬਾਂਹ ਫੜ ਕੇ ਵੱਡਾ ਖ਼ਰਚ ਕਰ ਕੇ ਖ਼ਾਲਸਾ ਜੀ ਦੇ ਓਸ ਆਸ਼ੇ ਨੂੰ ਬਹੁਤ ਉੱਚਾ ਕਰ ਦਿੱਤਾ ਹੈ, ਜਿਸ ਤਹਿਤ ਉਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਚਿੱਲਾ ਬਾਬਾ ਫ਼ਰੀਦ ਦੀ ਆਮਦਨ ਨੂੰ ਗ਼ਰੀਬ ਵਿਦਿਆਰਥੀਆਂ ਦੀ ਭਲਾਈ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਮਨੁੱਖਤਾ ਦੀ ਸੇਵਾ ਲਈ ਸਨਮਾਨ ਪੂਰੀ ਨਿਰਖ ਪਰਖ ਨਾਲ ਚਾਲੂ ਰੱਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸ੍ਰ. ਇੰਦਰਜੀਤ ਸਿੰਘ ਖ਼ਾਲਸਾ ਦੇ ਨਾਂ ਉੱਪਰ ਵੀ ਅਹਿਮ ਸਨਮਾਨ ਸ਼ੁਰੂ ਕਰ ਦਿੱਤਾ ਹੈ। ਖ਼ਾਲਸਾ ਜੀ ਸੰਗ ਨਿੱਜੀ ਮੁਲਾਕਾਤਾਂ ਦੌਰਾਨ ਜਿਹੜੀ ਸਮਾਜ ਸੁਧਾਰ ਲਈ ਤੜਪ, ਭਲਾਈ ਲਈ ਤੀਖਣ ਸੰਵੇਦਨਾ, ਮਾਨਵੀ ਕਦਰ ਲਈ ਬੇਬਾਕਤਾ, ਸਿੱਖਿਆ ਦੀ ਅਸਲ ਰਮਜ਼ ਜੋ ਮੈਂ ਅਹਿਸਾਸੀ ਸੀ, ਉਹ ਬਹੁਤ ਵਿਰਲੀਆਂ ਸ਼ਖ਼ਸੀਅਤਾਂ ਨੂੰ ਨਸੀਬ ਹੁੰਦੀ ਹੈ। ਬਾਬਾ ਫ਼ਰੀਦ ਸੁਸਾਇਟੀ ਤਰਫ਼ੋਂ ਓਸ ਰੌਸ਼ਨਾਈ ਨੂੰ ਅੰਗ-ਸੰਗ ਰੱਖਿਆ ਜਾ ਰਿਹਾ ਹੈ।
ਬਾਬਾ ਫ਼ਰੀਦ ਜੀ : ਸਮਿਆਂ ਤੋਂ ਪਾਰਲਾ ਵਡੱਪਣ
ਕੋਈ ਮਹਾਂਪੁਰਸ਼ ਕਦੋਂ ਪੈਦਾ ਹੋਇਆ, ਕਿੱਥੇ ਪੈਦਾ ਹੋਇਆ? ਕਿੱਥੇ-ਕਿੱਥੇ ਕਿਹੜੇ ਵੇਲੇ ਯਾਤਰਾ ਕਰਦਾ ਰਿਹਾ? ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਖੋਜਕਾਰਾਂ ਮੁਤਾਬਕ ਅਲੱਗ-ਅਲੱਗ ਹੋ ਸਕਦੇ ਹਨ ਪ੍ਰੰਤੂ ਸਬੰਧਿਤ ਮਹਾਪੁਰਸ਼ ਦਾ ਸੰਦੇਸ਼ ਕੀ ਸੀ? ਉਸ ਸੰਦੇਸ਼ ਦਾ ਸੰਸਾਰ ਉੱਪਰ ਕੀ ਪ੍ਰਭਾਵ ਪਿਆ? ਉਸ ਸੰਦੇਸ਼ ਦੀ ਸਾਰਥਿਕਤਾ ਕਿੰਨ੍ਹੀ ਕੁ ਰਹੀ? ਵਰਤਮਾਨ ’ਚ ਉਹ ਸੰਦੇਸ਼ ਕਿੰਨਾ ਕੁ ਮਾਅਨਾਖੇਜ ਹੈ? ਇਨ੍ਹਾਂ ਸਭ ਸਵਾਲਾਂ ਦੇ ਸਨਮੁੱਖ ਹੋ ਕੇ ਕਿਸੇ ਮਹਾਂਪੁਰਸ਼ ਦੀ ਹੋਂਦ ਤੇ ਔਰੇ ਦੀ ਅਸਲ ਮਹੱਤਤਾ ਕਿਆਸੀ ਜਾ ਸਕਦੀ ਹੈ। ਕੋਈ ਸੰਦੇਸ਼ ਉਦੋਂ ਹੀ ਮਹੱਤਵਪੂਰਨ ਹੁੰਦਾ ਹੈ, ਜਦੋਂ ਉਹ ਸਮਿਆਂ ਤੋਂ ਪਾਰ ਹੋ ਕੇ ਆਪਣੀ ਮਹੱਤਤਾ ਦਰਜ ਕਰਾਉਂਦਾ ਹੈ। ਜਦੋਂ ਅਸੀਂ ਬਾਬਾ ਫ਼ਰੀਦ ਜੀ ਦੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਬਾਣੀ ਅਤੇ ਇਨ੍ਹਾਂ ਸੰਗ ਕੁਝ ਨੁਕਤਿਆਂ ਉੱਪਰ ਗੁਰੂ ਸਾਹਿਬਾਨਾਂ ਦੇ ਸੰਵਾਦੀ ਸਲੋਕ ਦੇਖਦੇ ਹਾਂ ਤਾਂ ਇਸਲਾਮ, ਸੂਫ਼ੀ ਤੇ ਗੁਰਮਤਿ ਦਰਸ਼ਨ ਦਾ ਇਕੇਰਾਂ ਹੀ ਪ੍ਰਤੱਖਣ ਕਰਦੇ ਹਾਂ। ਇਹ ਗਹਿਨ ਅੰਤਰਦ੍ਰਿਸ਼ਟੀਆਂ ਦੁਆਰਾ ਪੇਸ਼ ਅੰਦਰੂਨੀ ਤੇ ਬਾਹਰੀ ਸੰਸਾਰ ਦੇ ਵਰਤਾਰਿਆਂ ਦੇ ਦਸਤਾਵੇਜ਼ ਹਨ। ਕੁਝ ਸਲੋਕਾਂ ਦਾ ਅੰਮ੍ਰਿਤ ਹਾਸਲ ਕਰਦੇ ਹਾਂ -
ਫਰੀਦਾ ਜਾਂ ਤਉ ਖਟਣ ਵੇਲ, ਤਾਂ ਤੂ ਰਤਾ ਦੁਨੀ ਸਿਉ॥
ਮਰਗ ਸਵਾਈ ਨੀਹਿ, ਜਾਂ ਭਰਿਆ ਤਾਂ ਲਦਿਆ॥
*
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ॥
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ॥
*
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥
*
ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸੁ।।
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ।।
*
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖੁ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ॥
ਇਨ੍ਹਾਂ ਦੋਹਿਆਂ ਰਾਹੀਂ ਅਦਭੁੱਤ ਸੱਚਾਈਆਂ ਦੇ ਸਨਮੁੱਖ ਹੋਇਆ ਜਾ ਸਕਦਾ ਹੈ। ਨਿਰੰਤਰ ਹੰਢ ਰਹੀ ਉਮਰ ਦੀ ਕੀਮਤ ਪ੍ਰਤੀ ਜਾਗਰੂਕ ਹੋ ਕੇ ਵਿਅਰਥ ਦੇ ਕਾਰਜ ਤਿਆਗ ਕੇ ਵੇਲਾ ਸੰਭਾਲਣ ਦੀ ਗੱਲ ਹੈ। ਜੀਵਨ ਦੇ ਸਵੈ-ਸੋਝੀ ਆਸ਼ੇ ਹਿੱਤ ਸਹਾਈ ਹੋਣ ਵਾਲੇ ਉੱਚਤਮ ਰਾਹ-ਦਸੇਰਾ ਦੀ ਪਛਾਣ ਦੀ ਗੱਲ ਹੈ। ਕਰਮ ਤੇ ਫ਼ਲ ਦੇ ਸਪੱਸ਼ਟ ਸਬੰਧਾਂ ਦੀ ਗੱਲ ਹੈ। ਇਨ੍ਹਾਂ ਵਿਚ ਦੁਨੀਆ ਦੀਆਂ ਜ਼ਹਿਰਾਂ ਦੇ ਲੁਭਾਵਣੇ ਸਵਰੂਪ ਦੀ ਪਛਾਣ ਕਰਵਾਈ ਗਈ ਹੈ। ਕਸਤੂਰੀ ਜਿਹੇ ਸਵੈ-ਪ੍ਰਕਾਸ਼ ਸੰਗ ਆਤਮਸਾਤ ਕਰਨ ਦੀ ਸਾਧਨਾ ਬਾਰੇ ਸੰਕੇਤ ਹੈ। ਖ਼ੁਦਾ ਪਾਸੋਂ ਕੇਵਲ ਬੰਦਗੀ ਦੀ ਖ਼ੈਰ ਮੰਗਣ ਦਾ ਸੁਨੇਹਾ ਦਿੱਤਾ ਗਿਆ ਹੈ। ਬੰਦਾ ਆਪਣੇ ਅੰਦਰਲੀ ਅੰਮ੍ਰਿਤੀ ਸ਼ੱਕਰ ਨੂੰ ਜ਼ਹਿਰ ਕਿਵੇਂ ਬਣਾ ਲੈਂਦਾ। ਆਪਣੀ ਦੇਹ ਤੇ ਮਨ ਨੂੰ ਦੂਜਿਆਂ ਦਾ ਬੁਰਾ ਸੋਚ ਕੇ, ਕੋਝੀਆਂ ਲਾਲਸਾਵਾਂ ਦਾ ਗ਼ੁਲਾਮ ਹੋ ਕੇ ਖ਼ੁਦ ਨੂੰ ਦੋਜ਼ਖ਼ ਦਾ ਟਿਕਾਣਾ ਕਿਵੇਂ ਬਣਾ ਲੈਂਦਾ ਹੈ। ਕਿਹੜੇ ਕਾਗ ਓਹਨੂੰ ਨਿਰੰਤਰ ਚੂੰਡ ਰਹੇ ਹਨ। ਬੌਣਾ ਪਿਆਰ, ਖੰਡਿਤ ਸਿਦਕ, ਬੇਵਸਾਹੀ ਭਰੀ ਹੋਂਦ, ਅਡੰਬਰੀ ਮਜ਼੍ਹਬੀ ਦਿਖਾਵੇ ਪਰ ਨਿੰਦਾ ਦੀ ਬਿਮਾਰੀ, ਛੱਪੜਾਂ ਤੇ ਬਗਲਿਆਂ ਦੀ ਪਰਿਕਰਮਾ ਉਸ ਨੂੰ ਕਿਵੇਂ ਉਸ ਦੇ ਅਸਲੇ ਤੋਂ ਦੂਰ ਰੱਖਦੇ ਹਨ। ਅਜਿਹੇ ਬਹੁਤ ਸਾਰੇ ਅਹਿਮ ਨੁਕਤੇ ਤੇ ਪਹਿਲੂ ਹਨ, ਜਿਨ੍ਹਾਂ ਬਾਰੇ ਬਾਬਾ ਫ਼ਰੀਦ ਜੀ ਦੀ ਬਾਣੀ ਬੇਜੋੜ ਹੈ। ਲੋੜ ਇਸ ਦੀ ਮੂਲ ਚੇਤਨਾ ਤੇ ਸੰਵੇਦਨਾ ਅੰਦਰ ਗਹਿਰੇ ਪਰਵੇਸ਼ ਦੀ ਹੈ।
ਗੱਲ ਦੀ ਸਮਾਪਤੀ ਵੱਲ ਵਧਦਿਆਂ ਆਪਣੀ ਨਜ਼ਮ (ਸ਼ੇਖ ਫ਼ਰੀਦ ਦੀ ਦਰਗਾਹ ’ਤੇ ) ਵਿੱਚੋਂ ਕੁੱਝ ਦੋਹੇ ਪੇਸ਼ ਕਰ ਰਿਹਾ ਹਾਂ। ਜਿਨ੍ਹਾਂ ਵਿੱਚ ਅਜੋਕੇ ਧਰਾਤਲ ਉੱਪਰ ਖਲੋ ਕੇ ਬਾਬਾ ਫ਼ਰੀਦ ਜੀ ਦੀ ਮਹਾਚੇਤਨਾ ਸੰਗ ਇਕ ਸੰਵਾਦ ਹੈ। ਆਓ ਜ਼ਰਾ ਬਾਬਾ ਫ਼ਰੀਦ ਦੇ ਸਨਮੁੱਖ ਹੋ ਕੇ ਆਪਣੇ ਆਪਣੇ ਜੀਵਨ-ਕਾਰਜਾਂ ਦੀ ਸਾਰ ਲਈਏ, ਆਪਣੇ ਅਵਚੇਤਨ ਫਰੋਲੀਏ :-
ਉਮਰਾ ਦੀ ਸਰਜ਼ਮੀਂ ’ਤੇ ਅਸੀਂ ਕਿੱਕਰਾਂ ਲਾਈਆਂ,
ਦਾਖਾਂ ਵਰਗੀ ਰੂਹ ਦੇ ਗਲ਼ ਫਾਹੀਆਂ ਪਾਈਆਂ।
ਸਭ ਕੁਝ ਤੈਥੋਂ ਮੰਗਿਆ ਬੰਦਗੀ ਨਾ ਮੰਗੀ,
ਸ਼ੋਹਰਤ ਦੀ ਸਲੀਬ ’ਤੇ ਇਹ ਉਮਰਾ ਟੰਗੀ।
ਕੋਠੇ ਉੱਚੇ ਕਰਦਿਆਂ ਸਾਡੇ ਦਿਨ ਬੀਤੇ,
ਪੱਥਰ ਚਿਣਦਿਆਂ ਕੂੜ ਦੇ ਕਈ ਸੌਦੇ ਕੀਤੇ।
ਵਿਸ਼-ਗੰਦਲਾਂ ਦੇ ਖਾਣ ਨੂੰ ਜਦ ਮਨ ਲਲਚਾਇਆ,
ਆ ਤੇਰੀ ਦਰਗਾਹ ’ਤੇ ਕੁਝ ਧਨ ਚੜ੍ਹਾਇਆ।
ਦਿਲਾਂ ’ਚ ਖਾਤੇ ਖੋਲ੍ਹ ਕੇ ਕਈ ਵਹੀਆਂ ਲਾਈਆਂ,
ਪੱਲੇ ਸਾਡੇ ਰਹਿ ਗਈਆਂ ਬਸ ਬੇਵਿਸਾਹੀਆਂ।
ਗਲੀਏ ਚਿੱਕੜ ਵੇਖ ਕੇ ਅਸੀਂ ਚਿੱਤ ਡੁਲਾਇਆ,
ਰਹੇ ਬਚਾਉਂਦੇ ਕੰਬਲੀ ਜੋਬਨ ਕੁਮਲਾਇਆ।
ਸੀਨੇ ਉੱਤੇ ਧਰ ਲਈਆਂ ਲੋਭਾਂ ਦੀਆਂ ਪੰਡਾਂ,
ਪਿਆਰ-ਡੋਰ ਵਿਚ ਪਾ ਲਈਆਂ ਗੰਢਾਂ ਹੀ ਗੰਢਾਂ।
ਨਾ ਵਸਲਾਂ ਨਾ ਬਿਰਹੜਾ ਸਾਡੇ ਹਿੱਸੇ ਆਇਆ,
ਕੱਪੜਿਆਂ ਤਕ ਰਹਿ ਗਿਆ ਏ ਪ੍ਰੇਮ ਪਰਾਇਆ।
ਜਦੋਂ ਕਥੂਰੀ ਵੰਡੀ ਤਾਂ ਅਸੀਂ ਰਹਿ ਗਏ ਸੁੱਤੇ,
ਫਿਰ ਮੱਥੇ ਰਗੜਨ ਲੱਗ ਪਏ ਜਾ ਪੱਥਰਾਂ ਉੱਤੇ।
ਨਿੱਤ ਦਿਹਾੜੇ ਚੂੰਡਿਆ ਸਾਨੂੰ ਅੰਦਰੋਂ ਕਾਗਾਂ,
ਅਸੀਂ ਰਹਿਗੇ ਮੱਥੇ ਟੇਕਦੇ ਨਾ ਆਈਆਂ ਜਾਗਾਂ।
ਬੁਰਾ ਚਿਤਵਦਿਆਂ ਕਿੰਨੇ ਹੀ ਅਸਾਂ ਰੋਗ ਸਹੇੜੇ,
ਦੇਹੀ ਅੰਦਰ ਪਾ ਲਏ ਦੋਜ਼ਖ਼ ਜੇਹੇ ਝੇੜ।
ਬਾਰ ਪਰਾਏ ਬੈਠਿਆਂ ਸਾਨੂੰ ਲਾਜ ਨਾ ਆਈ,
ਨਾਮ ਸਾਈਂ ਦਾ ਵੇਚ ਕੇ ਅਸੀਂ ਕਰੀ ਕਮਾਈ।
ਹਰ ਥਾਂ ਮਨਹੁ ਮਚਿੰਦੜੀਆਂ ਦੇ ਜਾਲ ਵਿਛਾ ਲਏ,
ਧੁਰ ਅੰਦਰ ਤੱਕ ਦੁਨੀ ਦੇ ਅੰਗਿਆਰ ਟਿਕਾ ਲਏ।
ਜ਼ਹਿਰੋ ਜ਼ਹਿਰੀ ਹੁੰਦਿਆਂ ਸ਼ੱਕਰ ਵਿਸ਼ ਕਰ ਲਈ,
ਭਰ ਕੇ ਪੰਡ ਉਲਾਹਮਿਆਂ ਦੀ ਸਿਰ ’ਤੇ ਧਰ ਲਈ।
ਜਿੰਦ ਦੁਆਲੇ ਬੁਣਤੀਆਂ ਖ਼ਾਹਿਸ਼ਾਂ ਦੀਆਂ ਕੜੀਆਂ,
ਅੱਗਾ ਨੇੜੇ ਵੇਖਿਆ ਤਾਂ ਤਸਬੀਆਂ ਫੜੀਆਂ।
ਰੱਤੇ ਰੰਗ ਮਜੀਠ ਸਿਉਂ ਦਿਲ ਰੰਗ ਨਾ ਹੋਇਆ,
ਰਹਿ ਗਈ ਰੂਹ ਦੁਹਾਗਣੀ ਪਿਰ ਸੰਗ ਨਾ ਹੋਇਆ।
ਉੱਛਲਿਆ ਜਦ ਸਰਵਰ ਤਾਂ ਫਿਰ ਗੋਤੇ ਖਾਧੇ,
ਕੰਬਣ ਲੱਗੀ ਦੇਹ ਤਾਂ ਕਈ ਦੇਵ ਅਰਾਧੇ।
ਮਲਕ ਸਿਰ੍ਹਾਣੇ ਬਹਿ ਗਿਆ ਜਿੰਦ ਹੋਈ ਨਾ ਵਿਹਲੀ,
ਫਿਰ ਚੇਤੇ ਕਰਕੇ ਰੋ ਪਈ ਉਹ ਉਮਰਾ ਪਹਿਲੀ।
ਵੇਖਿਆ ਜਦ ਗਿਰੀਵਾਨ ਮਹਿ ਵਿਚ ਲੇਖ ਸੀ ਕਾਲੇ,
ਛਿਜ ਗਈ ਸਾਰੀ ਪੋਟਲੀ ਨਾ ਹੋਏ ਉਜਾਲੇ।
ਬੁਝ ਗਿਆ ‘ਸੈਫ਼ੀ’ ਦੀਵੜਾ ਤੇ ਵਿਝੜਿਆ ਮੇਲਾ,
ਬੇੜਾ ਬੰਧ ਨਾ ਸਕਿਆ ਬੰਧਨ ਕੀ ਵੇਲਾ।
- ਡਾ. ਦੇਵਿੰਦਰ ਸੈਫ਼ੀ
94178-26954