ਨਾ ਘੜੀ ਪਹਿਨਦੇ, ਨਾ ਛੁੱਟੀ ਲੈਂਦੇ...ਜਾਣੋ Nvidia ਦੇ CEO ਜੇਨਸਨ ਹੁਆਂਗ ਦੇ ਅਜੀਬੋ-ਗਰੀਬ ਸ਼ੌਕਾਂ ਬਾਰੇ
33 ਸਾਲਾਂ ਤੋਂ ਕੰਪਨੀ ਦੀ ਕਮਾਨ ਸੰਭਾਲ ਰਹੇ ਹੁਆਂਗ ਆਪਣੀ ਸਪੱਸ਼ਟ ਬਿਆਨਬਾਜ਼ੀ ਲਈ ਜਾਣੇ ਜਾਂਦੇ ਹਨ। ਭਾਵੇਂ ਉਹ ਦੁਨੀਆ ਦੇ ਬਿਹਤਰੀਨ CEO ਵਿੱਚ ਸ਼ਾਮਲ ਨਹੀਂ ਹਨ, ਪਰ ਅੱਜ ਵੀ ਉਹ ਹਰ ਰੋਜ਼ ਇਸ ਸੋਚ ਨਾਲ ਕੰਮ ਕਰਦੇ ਹਨ ਕਿ ਉਨ੍ਹਾਂ ਦੀ ਕੰਪਨੀ 30 ਦਿਨਾਂ 'ਚ ਕਾਰੋਬਾਰ ਤੋਂ ਬਾਹਰ ਹੋ ਸਕਦੀ ਹੈ।
Publish Date: Fri, 13 Nov 2026 04:59 PM (IST)
Updated Date: Fri, 13 Nov 2026 05:02 PM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਹੋਸਟਲ 'ਚ ਟਾਇਲਟ ਸਾਫ਼ ਕਰਨ ਅਤੇ ਰੈਸਟੋਰੈਂਟ 'ਚ ਭਾਂਡੇ ਧੋਣ ਤੋਂ ਲੈ ਕੇ ਕਰੀਬ 14 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਬਣਨ ਤੱਕ ਜੇਨਸਨ ਹੁਆਂਗ ਨੇ ਆਪਣੀ ਮਿਹਨਤ ਨਾਲ ਕੰਪਨੀ ਦੀ ਤਸਵੀਰ ਬਦਲ ਦਿੱਤੀ। ਐਨਵੀਡੀਆ (Nvidia) ਦੇ CEO ਜੇਨਸਨ ਹੁਆਂਗ ਅੱਜ ਵੀ ਨਾ ਤਾਂ ਗੁੱਟ 'ਤੇ ਘੜੀ ਪਹਿਨਦੇ ਹਨ ਅਤੇ ਨਾ ਹੀ ਹਫ਼ਤੇ 'ਚ ਕੋਈ ਛੁੱਟੀ ਲੈਂਦੇ ਹਨ।
ਦਰਅਸਲ, 33 ਸਾਲਾਂ ਤੋਂ ਕੰਪਨੀ ਦੀ ਕਮਾਨ ਸੰਭਾਲ ਰਹੇ ਹੁਆਂਗ ਆਪਣੀ ਸਪੱਸ਼ਟ ਬਿਆਨਬਾਜ਼ੀ ਲਈ ਜਾਣੇ ਜਾਂਦੇ ਹਨ। ਭਾਵੇਂ ਉਹ ਦੁਨੀਆ ਦੇ ਬਿਹਤਰੀਨ CEO 'ਚ ਸ਼ਾਮਲ ਨਹੀਂ ਹਨ, ਪਰ ਅੱਜ ਵੀ ਉਹ ਹਰ ਰੋਜ਼ ਇਸ ਸੋਚ ਨਾਲ ਕੰਮ ਕਰਦੇ ਹਨ ਕਿ ਉਨ੍ਹਾਂ ਦੀ ਕੰਪਨੀ 30 ਦਿਨਾਂ 'ਚ ਕਾਰੋਬਾਰ ਤੋਂ ਬਾਹਰ ਹੋ ਸਕਦੀ ਹੈ।
ਹਮੇਸ਼ਾ ਅਲਰਟ ਮੋਡ 'ਚ ਰਹਿੰਦੇ ਹਨ ਹੁਆਂਗ
ਦਸੰਬਰ 2025 'ਚ ਇਕ ਪੌਡਕਾਸਟ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਪਿਛਲੇ 33 ਸਾਲਾਂ ਤੋਂ ਇਹ ਗੱਲ ਕਹਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਅਲਰਟ ਮੋਡ 'ਚ ਰਹਿੰਦੇ ਹਨ ਅਤੇ ਹਫ਼ਤੇ ਦੇ ਸੱਤੇ ਦਿਨ ਕੰਮ ਕਰਦੇ ਹਨ। ਉਨ੍ਹਾਂ ਦੇ ਸ਼ਬਦਾਂ 'ਚ, ''ਮੇਰੇ ਅੰਦਰ ਕਾਮਯਾਬ ਹੋਣ ਦੀ ਇੱਛਾ ਨਾਲੋਂ ਜ਼ਿਆਦਾ ਨਾਕਾਮ ਨਾ ਹੋਣ ਦੀ ਇੱਛਾ ਹੈ।''
ਜੇਨਸਨ ਦੀ ਪਸੰਦੀਦਾ ਫ਼ਿਲਮ 'ਕਿੰਗਡਮ ਆਫ਼ ਹੈਵਨ' ਹੈ। ਹੁਆਂਗ ਕਦੇ ਵੀ ਗੁੱਟ 'ਤੇ ਘੜੀ ਨਹੀਂ ਪਹਿਨਦੇ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਮਾਂ ਸਭ ਤੋਂ ਮਹੱਤਵਪੂਰਨ ਹੈ, ਇਸ ਲਈ ਸਿਰਫ਼ ਹੁਣ 'ਤੇ ਧਿਆਨ ਦੇਣਾ ਚਾਹੀਦਾ ਹੈ।
ਇੰਨਾ ਹੀ ਨਹੀਂ, ਕਰੀਬ 5 ਬਿਲੀਅਨ ਡਾਲਰ ਦੀ ਕੰਪਨੀ ਦੇ CEO ਹੁਆਂਗ ਨੂੰ ਖਾਣੇ ਦੇ ਮਾਮਲੇ 'ਚ ਮਹਿੰਗੇ ਰੈਸਟੋਰੈਂਟਾਂ ਦੀ ਬਜਾਏ ਸੜਕ ਕਿਨਾਰੇ ਲੱਗਣ ਵਾਲੀਆਂ ਰੇਹੜੀਆਂ ਅਤੇ ਸਟ੍ਰੀਟ ਫੂਡ ਜ਼ਿਆਦਾ ਪਸੰਦ ਹਨ। ਇਸੇ ਸ਼ੌਕ ਕਾਰਨ 2023 'ਚ ਆਪਣੀ ਹਨੋਈ (ਵੀਅਤਨਾਮ) ਯਾਤਰਾ ਦੌਰਾਨ ਉਨ੍ਹਾਂ ਨੇ ਆਲੀਸ਼ਾਨ ਹੋਟਲ ਦਾ ਖਾਣਾ ਛੱਡ ਕੇ ਸੜਕ ਕਿਨਾਰੇ ਲੱਗੀ ਰੇਹੜੀ 'ਤੇ ਸਥਾਨਕ ਪਕਵਾਨਾਂ ਦਾ ਆਨੰਦ ਮਾਣਿਆ ਸੀ।
ਹੋਸਟਲ ਦੇ ਬਾਥਰੂਮ ਸਾਫ਼ ਕਰਦੇ ਸਨ
ਫੋਰਬਸ ਅਨੁਸਾਰ, ਜੇਨਸਨ ਹੁਆਂਗ ਦੀ ਜਾਇਦਾਦ ਕਰੀਬ 14 ਲੱਖ ਕਰੋੜ ਰੁਪਏ ਹੈ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਲੋਰੀ ਹੁਆਂਗ, ਇਕ ਪੁੱਤਰ ਅਤੇ ਇਕ ਧੀ ਹਨ। ਉਨ੍ਹਾਂ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ 'ਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ। ਉਹ ਹੋਸਟਲ ਦੇ ਬਾਥਰੂਮ ਸਾਫ਼ ਕਰਨ ਦੇ ਆਪਣੇ ਤਜਰਬੇ ਬਾਰੇ ਜਨਤਕ ਮੰਚਾਂ 'ਤੇ ਬੜੇ ਮਾਣ ਨਾਲ ਦੱਸਦੇ ਹਨ। ਸਟੈਨਫੋਰਡ 'ਚ ਉਨ੍ਹਾਂ ਕਿਹਾ ਸੀ, 'ਮੈਂ ਬਹੁਤ ਸਾਰੇ ਟਾਇਲਟ ਸਾਫ਼ ਕੀਤੇ ਹਨ। ਤੁਸੀਂ ਸਾਰਿਆਂ ਨੇ ਮਿਲ ਕੇ ਜਿੰਨੇ ਟਾਇਲਟ ਸਾਫ਼ ਕੀਤੇ ਹੋਣਗੇ, ਮੈਂ ਉਸ ਤੋਂ ਵੀ ਵੱਧ ਕੀਤੇ ਹਨ।'
15 ਸਾਲ ਦੀ ਉਮਰ 'ਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ
ਹੁਆਂਗ ਨੇ ਮਹਿਜ਼ 15 ਸਾਲ ਦੀ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 1978 ਤੋਂ 1983 ਤੱਕ ਉਨ੍ਹਾਂ ਨੇ ਡੈਨੀਜ਼ ਰੈਸਟੋਰੈਂਟ 'ਚ ਭਾਂਡੇ ਧੋਣ ਵਾਲੇ, ਬੱਸ ਬੁਆਏ (ਮੇਜ਼ਾਂ ਦੀ ਸਫ਼ਾਈ ਕਰਨ ਵਾਲੇ) ਅਤੇ ਵੇਟਰ ਵਜੋਂ ਕੰਮ ਕੀਤਾ। ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਚਿੱਪ ਬਣਾਉਣ ਵਾਲੀ ਕੰਪਨੀ AMD 'ਚ ਮਾਈਕ੍ਰੋਪ੍ਰੋਸੈਸਰ ਡਿਜ਼ਾਈਨ ਕੀਤੇ ਅਤੇ ਫਿਰ LSI Logic ਨਾਲ ਜੁੜ ਗਏ। ਇਸ ਤੋਂ ਬਾਅਦ ਅਪ੍ਰੈਲ 1993 'ਚ ਉਨ੍ਹਾਂ ਨੇ ਆਪਣੇ ਸਾਥੀ ਇੰਜੀਨੀਅਰਾਂ ਕ੍ਰਿਸ ਮਾਲਾਚੋਵਸਕੀ ਅਤੇ ਕਰਟਿਸ ਪ੍ਰੀਮ ਨਾਲ ਮਿਲ ਕੇ Nvidia ਦੀ ਨੀਂਹ ਰੱਖੀ।