- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਮਨੁੱਖ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ ਤਾਂ ਉਸ ਦੀ ਬਹੁਤੀ ਰਚਨਾ ਉਸ ਤਜਰਬੇ ਵਿੱਚੋਂ ਹੀ ਨਿਕਲਦੀ ਹੈ। ਧਿਆਨ ਸਿੰਘ ਕਾਹਲੋਂ ਲੰਮਾ ਸਮਾਂ ਸਰਕਾਰੀ ਨੌਕਰੀ ਵਿਚ ਰਿਹਾ। ਉਸ ਨੇ ਨੌਕਰੀ ਦਾ ਤਜਰਬਾ ਵੀ ਕਮਾਇਆ ਤੇ ਜ਼ਿੰਦਗੀ ਦਾ ਵੀ। ਉਸ ਨੂੰ ਇਹ ਵੀ ਇਲਮ ਹੈ ਕਿ ਇਸ ਦੁਨੀਆ ’ਤੇ ਕਦੇ ਵੀ ਕਿਸੇ ਨੇ ਬੈਠੇ ਨਹੀਂ ਰਹਿਣਾ ਸਗੋਂ ਇਹ ਤਾਂ ਚਲੋਚਲੀ ਦਾ ਮੇਲਾ।

ਪੁਸਤਕ: ਤੇਤਰੇ ਮੇਤਰੇ ਬੋਲ
ਗੀਤਕਾਰ : ਧਿਆਨ ਸਿੰਘ ਕਾਹਲੋਂ
ਮੁੱਲ :250 ਰੁਪਏ, ਸਫੇ :152
ਪ੍ਰਕਾਸ਼ਕ :ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਬਹੁਤੀ ਵਾਰੀ ਤਰੱਕੀ ਮਨੁੱਖ ਨੂੰ ਕੁਦਰਤੀ ਰੂਪ ’ਚ ਪ੍ਰਾਪਤ ਹੋ ਜਾਂਦੀ ਹੈ ਪਰ ਕਈ ਵਿਅਕਤੀ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਤਰੱਕੀ ਆਸਾਨੀ ਨਾਲ ਨਹੀਂ ਮਿਲਦੀ ਸਗੋਂ ਉਨ੍ਹਾਂ ਦੇ ਸੰਘਰਸ਼ ਵਿੱਚੋਂ ਉਨ੍ਹਾਂ ਦੀ ਤਰੱਕੀ ਨਿਕਲਦੀ ਹੈ। ਧਿਆਨ ਸਿੰਘ ਕਾਹਲੋਂ ਵੀ ਅਜਿਹਾ ਹੀ ਵਿਅਕਤੀ ਹੈ, ਜਿਸ ਨੇ ਜ਼ਿੰਦਗੀ ਵਿਚ ਸੰਘਰਸ਼ ਕੀਤਾ ਤੇ ਫਿਰ ਤਰੱਕੀ ਪ੍ਰਾਪਤ ਕੀਤੀ। ਜ਼ਿੰਦਗੀ ’ਚ ਆਰਥਿਕ ਵਸੀਲਿਆਂ ਦੇ ਨਾਲ-ਨਾਲ ਧਿਆਨ ਸਿੰਘ ਕਾਹਲੋਂ ਨੇ ਪੰਜਾਬੀ ਸਾਹਿਤ ਨਾਲ ਵੀ ਆਪਣਾ ਨਾਤਾ ਜੋੜੀ ਰੱਖਿਆ। ਇਸ ਗੀਤ-ਸੰਗ੍ਰਹਿ ਤੇਤਰੇ ਨੇਤਰੇ ਬੋਲ ਤੋਂ ਪਹਿਲਾਂ ਉਸ ਦੇ ਦੋ ਗੀਤ-ਸੰਗ੍ਰਹਿ ਬੋਲ ਰਸੀਲੇ ਤੇ ਟੁੰਬਵੇ ਬੋਲ ਸਿਰਲੇਖ ਤਹਿਤ ਪੰਜਾਬੀ ਪਾਠਕਾਂ ਦੀ ਨਜ਼ਰ ਹੋ ਚੁੱਕੇ ਹਨ। ਹੁਣ ਉਹ ਆਪਣਾ ਨਵਾਂ ਗੀਤ ਸੰਗ੍ਰਹਿ ਤੇਤਰੇ ਨੇਤਰੇ ਬੋਲ ਦੇ ਲੈ ਕੇ ਹਾਜ਼ਰ ਹੋਇਆ ਹੈ। ਇਸ ’ਚ ਉਸ ਨੇ ਆਪਣੇ 113 ਗੀਤਾਂ ਨੂੰ ਸ਼ਾਮਿਲ ਕੀਤਾ ਹੈ, ਜਿਸ ਵਿਚ ਸੋਲੋ ਤੇ ਡਿਊਟ ਦੋਵੇਂ ਤਰ੍ਹਾਂ ਦੇ ਗੀਤ ਹਨ। ਜਦੋਂ ਉਸ ਦੇ ਗੀਤਾਂ ’ਤੇ ਅਸੀਂ ਝਾਤ ਮਾਰਦੇ ਹਾਂ ਤਾਂ ਇਹ ਗੀਤ ਸਾਦਗੀ ਵਾਲੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਅਤੇ ਪਰਿਵਾਰਿਕ ਤੰਗੀਆਂ- ਤੁਰਸ਼ੀਆਂ ਨੂੰ ਪੇਸ਼ ਕਰਨ ਵਾਲੇ ਹਨ। ਇਸ ਦੇ ਨਾਲ ਹੀ ਸਮਾਜ ਵਿਚ ਜੋ ਕੁਝ ਵਾਪਰ ਰਿਹਾ ਹੈ, ਇਕ-ਦੂਜੇ ਤੋਂ ਭਰੋਸਾ ਉੱਠ ਰਿਹਾ ਹੈ, ਇਕ-ਦੂਜੇ ਪ੍ਰਤੀ ਬੇਵਿਸਾਹੀ ਦਾ ਵਾਤਾਵਰਣ ਹੈ, ਹਰੇਕ ਮਨੁੱਖ ਆਪਣੇ ਸਵਾਰਥ ਵਾਸਤੇ ਜੀਅ ਰਿਹਾ ਹੈ, ਇਨ੍ਹਾਂ ਸਾਰੇ ਵਿਸ਼ਿਆਂ ਨੂੰ ਧਿਆਨ ਸਿੰਘ ਕਾਹਲੋਂ ਨੇ ਆਪਣੇ ਗੀਤਾਂ ਵਿਚ ਪਰੋਣ ਦਾ ਯਤਨ ਕੀਤਾ ਹੈ। ਧਿਆਨ ਸਿੰਘ ਕਾਹਲੋ ਇਨ੍ਹਾਂ ਗੀਤਾਂ ਨੂੰ ਪੇਸ਼ ਕਰਦਿਆਂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੀ ਰਜ਼ਾ ਵਿਚ ਰਹਿਣ ਦਾ ਜ਼ਿਕਰ ਕਰਦਾ ਹੈ।
ਜਦੋਂ ਮਨੁੱਖ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ ਤਾਂ ਉਸ ਦੀ ਬਹੁਤੀ ਰਚਨਾ ਉਸ ਤਜਰਬੇ ਵਿੱਚੋਂ ਹੀ ਨਿਕਲਦੀ ਹੈ। ਧਿਆਨ ਸਿੰਘ ਕਾਹਲੋਂ ਲੰਮਾ ਸਮਾਂ ਸਰਕਾਰੀ ਨੌਕਰੀ ਵਿਚ ਰਿਹਾ। ਉਸ ਨੇ ਨੌਕਰੀ ਦਾ ਤਜਰਬਾ ਵੀ ਕਮਾਇਆ ਤੇ ਜ਼ਿੰਦਗੀ ਦਾ ਵੀ। ਉਸ ਨੂੰ ਇਹ ਵੀ ਇਲਮ ਹੈ ਕਿ ਇਸ ਦੁਨੀਆ ’ਤੇ ਕਦੇ ਵੀ ਕਿਸੇ ਨੇ ਬੈਠੇ ਨਹੀਂ ਰਹਿਣਾ ਸਗੋਂ ਇਹ ਤਾਂ ਚਲੋਚਲੀ ਦਾ ਮੇਲਾ।
ਉਹ ਲਿਖਦਾ ਹੈ :
ਦੁਨੀਆ ਵਾਂਗ ਸਰਾਂ ਦੇ ਸੱਜਣਾ ਨਾ ਕਰ ਝੂਠੇ ਦਾਅਵੇ,
ਚਾਰ ਦਿਨਾਂ ਦਾ ਰਹਿਣ ਬਸੇਰਾ ਕੋਈ ਆਵੇ ਕੋਈ ਜਾਵੇ।
ਉਸ ਦੇ ਗੀਤਾਂ ਵਿਚ ਪਰਿਵਾਰਕ ਰਿਸ਼ਤਿਆਂ ਦੀ ਬਾਤ ਵੀ ਪਾਈ ਗਈ ਹੈ ਤੇ ਸਮਾਜ ਵਿਚ ਨਸ਼ਿਆਂ ਦੀ ਬਿਮਾਰੀ ਬਾਰੇ ਵੀ ਆਪਣਾ ਪ੍ਰਤੀਕਰਮ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਵਿਚ ਉਸ ਦੇ ਕੋਈ ਧਾਰਮਿਕ ਗੀਤ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚ ਸਿੱਖ ਗੁਰੂਆਂ ਪ੍ਰਤੀ ਸ਼ਰਧਾ ਦਾ ਇਜ਼ਹਾਰ ਕੀਤਾ ਗਿਆ ਹੈ। ਜਦੋਂ ਅਸੀਂ ਇਨ੍ਹਾਂ ਗੀਤਾਂ ਨੂੰ ਪੜ੍ਹਦੇ ਹਾਂ ਤਾਂ ਉਨ੍ਹਾਂ ਵਿਚਲੀ ਲੈਅ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ। ਧਿਆਨ ਸਿੰਘ ਕਾਹਲੋਂ ਦੇ ਗੀਤਾਂ ਦੀ ਇਹ ਪੁਸਤਕ ਚੰਗੀ ਗੀਤਕਾਰੀ ਦੀ ਉਦਾਹਰਨ ਹੈ।
- ਡਾ. ਸਰਦੂਲ ਸਿੰਘ ਔਜਲਾ